ਛੋਟੇ ਬੱਚੇ ਅਕਸਰ ਗੁੱਸੇ ਵਿਚ ਹਿੰਸਕ ਚੀਜ਼ਾਂ ਕਰਦੇ ਵੇਖੇ ਜਾਂਦੇ ਹਨ | ਉਨ੍ਹਾਂ ਦੇ ਸੁਭਾਅ ਨੂੰ ਠੀਕ ਕਰਨ ਲਈ ਕੁਝ ਨੁਕਤੇ ਹੱਥਲੇ ਲੇਖ ਵਿਚ ਦੱਸੇ ਗਏ ਹਨ, ਜਿਨ੍ਹਾਂ ਨਾਲ ਬੱਚਿਆਂ ਨੂੰ ਸ਼ਾਤ ਕੀਤਾ ਜਾ ਸਕਦਾ ਹੈ |
ਜਦੋਂ ਘਰ ਆਏ ਪ੍ਰਾਹੁਣਿਆਂ ਦੇ ਸਾਹਮਣੇ ਹੀ ਛੋਟਾ ਬੱਚਾ ਕਿਸੇ ਭਾਂਡੇ ਨੂੰ ਜ਼ੋਰ ਨਾਲ ਸੁੱਟ ਦਏ ਜਾਂ ਕੁੱਛੜ ਚੁੱਕਣ ਵਾਲੇ ਸਿਆਣੇ ਨੂੰ ਚਪੇੜ ਮਾਰ ਦਏ ਤਾਂ ਘਰ ਵਾਲਿਆਂ ਦੀ ਵੀ ਅਤੇ ਪ੍ਰਾਹੁਣਿਆਂ ਦੀ ਵੀ ਸਥਿਤੀ ਅਸਹਿਜ ਹੋ ਜਾਂਦੀ ਹੈ, ਤਾਂ ਫਿਰ ਉਸ ਸਥਿਤੀ ਨੂੰ ਟਾਲਣ ਲਈ ਵੰਨ–ਸੁਵੰਨੇ ਬਹਾਨੇ ਲੱਭੇ ਜਾਂਦੇ ਹਨ | ਹੁਣ ਉਸ ਅਜੀਬ ਬਣ ਚੁੱਕੀ ਸਥਿਤੀ ਨੂੰ ਟਾਲਣ ਲਈ ਸਾਰੇ ਜਣੇ ਉਸ ਨੂੰ ਛੋਟਾ ਅਣਜਾਣ ਬੱਚਾ ਕਹਿ ਕੇ ਟਾਲਣ ਦੀ ਕੋਸ਼ਿਸ਼ ਕਰਦੇ ਹਨ | ਪਰ ਇਹ ਸਮਝਣ ਦੀ ਲੋੜ ਹੁੰਦੀ ਹੈ ਕਿ ਬੱਚੇ ਨੇ ਅਜਿਹਾ ਕੀਤਾ ਕਿਉਂ | ਆਓ, ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ | ਇਕ ਜਾਂ ਦੋ ਸਾਲ ਦੇ ਬੱਚਿਆਂ ਲਈ ਤਾਂ ਇਸ ਦਾ ਕਾਰਨ ਇਹ ਹੋ ਸਕਦਾ ਹੈ ਕਿ ਉਨ੍ਹਾਂ ਕੋਲ ਆਪਣੀਆਂ ਭਾਵਨਾਵਾਂ ਨੂੰ ਉਜਾਗਰ ਕਰਨ ਦਾ ਕੋਈ ਢੰਗ ਤਰੀਕਾ ਨਹੀਂ ਹੁੰਦਾ ਅਤੇ ਨਾ ਹੀ ਉਨ੍ਹਾਂ ਨੁੂੰ ਆਪਣੀਆਂ ਭਾਵਨਾਵਾਂ ਨੂੰ ਕੰਟਰੋਲ ਕਰਨ ਦੀ ਸਮਝ ਹੀ ਹੁੰਦੀ ਹੈ, ਇਸ ਲਈ ਉਹ ਅਜਿਹੇ ਤਰੀਕਿਆਂ ਦੀ ਵਰਤੋਂ ਕਰਦੇ ਹਨ | ਕਈ ਵਾਰ ਬੱਚੇ ਆਪਣੀਆਂ ਜ਼ਰੂਰਤਾਂ ਨੂੰ ਸ਼ਬਦਾਂ ਨਾਲ ਨਹੀਂ ਪ੍ਰਗਟ ਕਰ ਸਕਦੇ ਹਨ ਤਾਂ ਉਨ੍ਹਾਂ ਕੋਲ ਕੋਈ ਚਾਰਾ ਨਹੀਂ ਬਚਦਾ ਅਤੇ ਹੱਥ ਵਿਚ ਆਈ ਚੀਜ਼ ਨੂੰ ਹੀ ਸੁੱਟ ਕੇ ਧਿਆਨ ਆਪਣੇ ਵੱਲ ਖਿੱਚਦੇ ਹਨ | ਕਈ ਵਾਰ ਪਰਿਵਾਰ ਵਿਚ ਬੈਠਿਆਂ ਹੋਇਆਂ ਬੱਚੇ ਆਪਣੇ ਆਪ ਨੂੰ ਅਣਗੌਲਿਆ ਮਹਿਸੂਸ ਕਰਦੇ ਹਨ, ਤਾਂ ਸਿਆਣਿਆਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਉਹ ਹੱਥਲੀਆਂ ਚੀਜ਼ਾਂ ਨੂੰ ਜ਼ੋਰ ਨਾਲ ਸੁੱਟ ਦਿੰਦੇ ਹਨ | ਬੱਚਾ ਜੇਕਰ ਭੁੱਖਾ ਹੈ ਜਾਂ ਥੱਕਿਆ ਹੋਇਆ ਹੈ ਜਾਂ ਫਿਰ ਬਿਮਾਰੀ ਕਾਰਨ ਖਿੱਝਿਆ ਹੈ ਤਾਂ ਵੀ ਉਹ ਹਿੰਸਕ ਹੁੰਦਾ ਹੈ | ਬਹੁਤ ਜ਼ਿਆਦਾ ਸ਼ੋਰ ਸ਼ਰਾਬਾ ਜਾਂ ਭੀੜ-ਭੜੱਕਾ ਵੀ ਬੱਚੇ ਲਈ ਅਸਹਿ ਹੁੰਦਾ ਹੈ ਅਤੇ ਉਸ ਵਿਚ ਖਿਝਣ ਪੈਦਾ ਕਰ ਸਕਦਾ ਹੈ | ਬੱਚੇ ਸੁਭਾਅ ਤੋਂ ਹੀ ਨਕਲਚੀ ਹੁੰਦੇ ਹਨ | ਇਸ ਲਈ ਆਪਣੇ ਮਾਪਿਆਂ ਜਾਂ ਦੋਸਤਾਂ ਮਿੱਤਰਾਂ ਜਾਂ ਆਂਢੀਆਂ–ਗੁਆਂਢੀਆਂ ਵਲੋਂ ਕੀਤੀ ਜਾਂਦੀ ਹਿੰਸਾ ਦੀ ਨਕਲ ਕਰ ਕੇ ਵੀ ਬੱਚੇ ਹਿੰਸਕ ਹੋ ਸਕਦੇ ਹਨ | ਕਈ ਵਾਰ ਬੱਚੇ ਘਰ ਵਿਚ ਆਏ ਨਵੇਂ ਬੱਚੇ ਤੋਂ ਅਸਹਿਜ ਹੋ ਜਾਂਦੇ ਹਨ ਜਾਂ ਫਿਰ ਉਸ ਦੀਆਂ ਚੀਜ਼ਾਂ ਨੂੰ ਦੂਜੇ ਬੱਚੇ ਵਲੋਂ ਲੈ ਲਏ ਜਾਣ 'ਤੇ ਵੀ ਅਸੁਰੱਖਿਅਤ ਮਹਿਸੂਸ ਕਰਦੇ ਹਨ ਜਾਂ ਫਿਰ ਦੂਜੀ ਥਾਂ ਉੱਤੇ ਜਾ ਕੇ ਵੀ ਖਿਝ ਜਾਂਦੇ ਹਨ | ਬੱਚਿਆਂ ਦੀ ਖਿਝਣ ਜਾਂ ਹਿੰਸਾ ਨੂੰ ਰੋਕਣ ਲਈ ਮਾਪਿਆਂ ਨੂੰ ਆਪਣੇ–ਆਪ ਵਿਚ ਸਹਿਣਸ਼ੀਲਤਾ ਲਿਆਉਣੀ ਪਏਗੀ | ਮਾਪਿਆਂ ਵਲੋਂ ਲੜਾਈ ਝਗੜਿਆਂ ਨੂੰ ਛੱਡ ਕੇ ਆਪਸ ਵਿਚ ਠਰੰਮੇ ਨਾਲ ਗੱਲਬਾਤ ਕਰਨ ਨਾਲ ਬੱਚੇ ਵੀ ਆਪਣੇ–ਆਪ ਸ਼ਾਂਤ ਸੁਭਾਅ ਵਾਲੇ ਬਣਦੇ ਹਨ | ਧਿਆਨ ਰੱਖੋ ਜੇਕਰ ਬੱਚਾ ਗੁੱਸੇ ਵਿਚ ਹੈ ਤਾਂ ਕਾਹਲੀ ਨਾ ਕਰੋ ਅਤੇ ਉਸ ਨੂੰ ਹੌਲੀ–ਹੌਲੀ ਸ਼ਾਂਤ ਹੋਣ ਦਿਓ | ਉਸ ਨੂੰ ਉਸ ਦੇ ਮਨ ਪਸੰਦ ਖਿਡੌਣੇ ਨਾਲ ਪਰਚਾਉਣ ਦੀ ਕੋਸ਼ਿਸ਼ ਕਰੋ | ਗੁੱਸੇ ਦੌਰਾਨ ਬੱਚੇ ਨੂੰ ਉਸ ਦੀ ਆਪਣੀ ਜਗ੍ਹਾ ਜਿਵੇਂ ਆਪਣੇ ਘਰ ਜਾਂ ਉਸ ਦੇ ਕਮਰੇ ਵਿਚ ਲੈ ਜਾਓ ਅਤੇ ਕੋਸ਼ਿਸ਼ ਕਰੋ ਕਿ ਬੱਚਾ ਮਾਂ ਕੋਲ ਹੀ ਰਹੇ | ਮਾਂ ਉਸ ਨੂੰ ਗੱਲਾਂ ਵਿਚ ਭਰਮਾ ਕੇ ਸ਼ਾਂਤ ਕਰ ਸਕਦੀ ਹੈ |
-ਸੇਵਾ ਮੁਕਤ ਲੈਕਚਰਾਰ, ਚੰਦਰ ਨਗਰ, ਬਟਾਲਾ | ਮੋਬਾਈਲ : 6284220595