ਨਹੁੰਆਂ ਦੀ ਜ਼ਿਆਦਾਤਰ ਇਹ ਸਮੱਸਿਆ ਸਾਹਮਣੇ ਆਉਂਦੀ ਹੈ ਕਿ ਉਹ ਛੇਤੀ ਵਧਦੇ ਨਹੀਂ, ਟੁੱਟ ਜਾਂਦੇ ਹਨ | ਥੋੜ੍ਹਾ ਵਧ ਕੇ ਟੁੱਟ ਜਾਣਾ ਉਨ੍ਹਾਂ ਔਰਤਾਂ ਲਈ ਸਮੱਸਿਆ ਬਣ ਜਾਂਦੀ ਹੈ, ਜੋ ਨਹੁੰ ਵਧਾ ਕੇ ਉਨ੍ਹਾਂ ਨੂੰ ਆਪਣੀ ਸੁੰਦਰਤਾ ਦਾ ਹਿੱਸਾ ਬਣਾਉਣਾ ਚਾਹੁੰਦੀਆਂ ਹਨ | ਇਸ ਸਮੱਸਿਆ ਦਾ ਜ਼ਿਆਦਾ ਸੰਬੰਧ ਭੋਜਨ ਨਾਲ ਹੁੰਦਾ ਹੈ | ਭੋਜਨ ਵਿਚ ਪ੍ਰੋਟੀਨ ਅਤੇ ਕੈਲਸ਼ੀਅਮ ਦੀ ਕਮੀ ਨਾਲ ਨਹੁੰ ਨਹੀਂ ਵਧਦੇ | ਜੇਕਰ ਕੁਝ ਵਧ ਵੀ ਜਾਂਦੇ ਹਨ ਤਾਂ ਉਹ ਛੇਤੀ ਹੀ ਟੁੱਟ ਜਾਂਦੇ ਹਨ | ਇਸ ਲਈ ਸਭ ਤੋਂ ਪਹਿਲਾਂ ਸੰਤੁਲਿਤ ਭੋਜਨ ਲਓ, ਜਿਸ ਵਿਚ ਸੋਇਆਬੀਨ, ਦਾਲਾਂ, ਪਨੀਰ, ਦਹੀਂ ਅਤੇ ਦੁੱਧ ਆਦਿ ਪ੍ਰੋਟੀਨ ਦੇ ਚੰਗੇ ਸਰੋਤ ਹੋਣ |
ਜੇਕਰ ਤੁਹਾਨੂੰ ਨਹੁੰ ਖਾਣ ਦੀ ਗੰਦੀ ਆਦਤ ਹੈ ਤਾਂ ਇਸ ਨੂੰ ਛੱਡ ਦਿਓ | ਇਸ ਨਾਲ ਨਹੁੰਆਂ ਦੇ ਵਿਕਾਸ 'ਤੇ ਫਰਕ ਪੈਂਦਾ ਹੈ | ਜੇਕਰ ਤੁਹਾਡੇ ਨਹੁੰ ਵਧਦੇ ਨਹੀਂ, ਜ਼ਿਆਦਾ ਟੁੱਟਦੇ ਹਨ ਤਾਂ ਤੁਸੀਂ ਉਨ੍ਹਾਂ 'ਤੇ ਅਰੰਡੀ (ਕਾਸਟਰ) ਜਾਂ ਜੈਤੂਨ ਦੇ ਤੇਲ ਦੀ ਮਾਲਿਸ਼ ਕਰੋ | ਨਹੁੰਆਂ ਨੂੰ ਖ਼ੂਬਸੂਰਤ ਅਤੇ ਚਮਕਦਾਰ ਬਣਾਉਣ ਲਈ ਤੁਸੀਂ ਉਨ੍ਹਾਂ 'ਤੇ ਬਦਾਮ ਦੇ ਤੇਲ ਦੀ ਮਾਲਿਸ਼ ਵੀ ਕਰ ਸਕਦੇ ਹੋ | ਨਹੁੰਆਂ 'ਤੇ ਹਮੇਸ਼ਾ ਨੇਲ-ਪਾਲਿਸ਼ ਲਗਾ ਕੇ ਨਹੀਂ ਰੱਖਣੀ ਚਾਹੀਦੀ | ਨੇਲ-ਪਾਲਿਸ਼ ਵੀ ਚੰਗੀ ਕੁਆਲਿਟੀ ਦੀ ਹੀ ਵਰਤੋ | ਕਿਸੇ ਚੰਗੇ ਬਿਊਟੀ ਪਾਰਲਰ ਵਿਚ ਜਾ ਕੇ ਤੁਸੀਂ ਨੇਲ-ਕਲਚਰ ਕਰਵਾ ਸਕਦੇ ਹੋ | ਇਹ ਕਾਫ਼ੀ ਦਿਨਾਂ ਤੱਕ ਚਲਦੇ ਹਨ ਅਤੇ ਨਹੁੰ ਵਧਣ ਲਗਦੇ ਹਨ | ਯਾਦ ਰੱਖੋ ਨਹੁੰਆਂ ਨੂੰ ਫਾਈਲ ਕਰਨ ਤੋਂ ਪਹਿਲਾਂ ਉਨ੍ਹਾਂ 'ਤੇ ਨੇਲ-ਪਾਲਿਸ਼ ਲਗਾ ਲੈਣਾ ਜ਼ਰੂਰੀ ਹੈ | ਇਸ ਨਾਲ ਨਹੁੰਆਂ ਨੂੰ ਨੁਕਸਾਨ ਨਹੀਂ ਪਹੁੰਚਦਾ |
ਜੇਕਰ ਇਨ੍ਹਾਂ ਸਭ ਦੇ ਬਾਵਜੂਦ ਵੀ ਤੁਹਾਡੇ ਨਹੁੰਆਂ ਵਿਚ ਕੋਈ ਫ਼ਰਕ ਨਹੀਂ ਪੈਂਦਾ ਤਾਂ ਤੁਸੀਂ ਬਨਾਉਟੀ ਨਹੁੰ ਵੀ ਲਗਾ ਸਕਦੇ ਹੋ |