16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਰਾਸ਼ਟਰਮੰਡਲ ਖੇਡਾਂ-2030 ਲਈ ਗੁਜਰਾਤ 'ਚ ਤਿਆਰੀ ਸ਼ੁਰੂ

ਰਾਸ਼ਟਰਮੰਡਲ ਖੇਡਾਂ-2030 ਲਈ ਗੁਜਰਾਤ 'ਚ ਤਿਆਰੀ ਸ਼ੁਰੂ

Ad Position 21
No active advertisement
ਅਜੀਤ ਡੈਸਕ 17-11-2026

ਸਾਲ 2030 'ਚ ਭਾਰਤ ਵਿਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਦੇ ਮੱਦੇਨਜ਼ਰ ਦੇਸ਼ ਦੇ ਖੇਡ ਪ੍ਰਬੰਧਕਾਂ ਤੇ ਸੂਬਾ ਸਰਕਾਰਾਂ ਦੀ ਜ਼ਿੰਮੇਵਾਰੀ ਹੋਰ ਵੀ ਵਧ ਗਈ ਹੈ | ਇਹ ਖੇਡਾਂ ਸਿਰਫ਼ ਕਿਸੇ ਇਕ ਸੂਬੇ ਦਾ ਮੁਕਾਬਲਾ ਨਹੀਂ, ਸਗੋਂ ਪੂਰੇ ਭਾਰਤ ਦੀ ਖੇਡ ਸਮਰੱਥਾ, ਪ੍ਰਤਿਭਾ ਤੇ ਖੇਡ ਪ੍ਰਬੰਧਨ ਦਾ ਕੌਮਾਂਤਰੀ ਮੰਚ 'ਤੇ ਇਮਤਿਹਾਨ ਹੋਣਗੀਆਂ | ਅਜਿਹੇ ਸਮੇਂ ਗੁਜਰਾਤ ਵਲੋਂ ਖਿਡਾਰੀਆਂ ਦੀ ਤਿਆਰੀ ਲਈ ਹੁਣ ਤੋਂ ਹੀ ਅੰਤਰਰਾਸ਼ਟਰੀ ਤਜਰਬੇ ਵਾਲੇ ਮਾਹਿਰ ਕੋਚਾਂ ਦੀ ਨਿਯੁਕਤੀ ਕਰਨਾ ਅਹਿਮ ਕਦਮ ਹੈ | ਖੇਡ ਅਥਾਰਟੀ ਗੁਜਰਾਤ ਵਲੋਂ ਵੱਖ-ਵੱਖ ਖੇਡਾਂ 'ਚ ਅੰਤਰਰਾਸ਼ਟਰੀ ਪੱਧਰ ਦਾ ਤਜਰਬਾ ਰੱਖਣ ਵਾਲੇ ਕੋਚਾਂ ਨੂੰ  ਚੋਖੀਆਂ ਤਨਖ਼ਾਹਾਂ ਦੇ ਕੇ ਨਿਯੁਕਤ ਕੀਤਾ ਜਾ ਰਿਹਾ ਹੈ, ਜਿਸ ਦਾ ਮਕਸਦ ਆਪਣੇ ਖਿਡਾਰੀਆਂ ਨੂੰ  ਆਗਾਮੀ ਰਾਸ਼ਟਰਮੰਡਲ ਖੇਡਾਂ ਲਈ ਉੱਚ ਪੱਧਰੀ ਸਿਖਲਾਈ ਮੁਹੱਈਆ ਕਰਾਉਣਾ ਹੈ | ਇਸ ਤਹਿਤ ਪੰਜਾਬ ਸਮੇਤ ਦੇਸ਼ ਦੇ ਹੋਰਨਾਂ ਸੂਬਿਆਂ ਦੇ ਤਜਰਬੇਕਾਰ ਕੋਚਾਂ ਨੂੰ  ਵੀ ਮੌਕੇ ਦਿੱਤੇ ਜਾ ਰਹੇ ਹਨ | ਪੰਜਾਬ ਦਾ ਅਥਲੈਟਿਕਸ ਦਾ 'ਦਰੋਣਾਚਾਰਿਆ ਐਵਾਰਡੀ' ਕੋਚ ਇਸ ਨੀਤੀ ਦਾ ਇਕ ਹਿੱਸਾ ਹੈ ਤੇ ਖੇਡ ਅਥਾਰਟੀ ਗੁਜਰਾਤ ਦੇ ਨਡਿਆਡ ਸਥਿਤ ਐਕਸੀਲੈਂਸ ਸੈਂਟਰ ਵਿਚ ਕੋਚ ਵਜੋਂ ਸੇਵਾਵਾਂ ਨਿਭਾਅ ਰਿਹਾ ਹੈ, ਜਿੱਥੇ ਇਸ ਨੂੰ  2.50 ਲੱਖ ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦਿੱਤੀ ਜਾ ਰਹੀ ਹੈ | ਇਸੇ ਤਰ੍ਹਾਂ ਚੰਡੀਗੜ੍ਹ ਨਾਲ ਸੰਬੰਧਿਤ ਮੁੱਕੇਬਾਜ਼ੀ ਦੇ ਇਕ ਹੋਰ 'ਦਰੋਣਾਚਾਰਿਆ ਐਵਾਰਡੀ' ਕੋਚ ਨੇ ਵੀ ਗੁਜਰਾਤ ਖੇਡ ਅਥਾਰਟੀ ਵਿਚ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ ਹਨ |

ਹਾਕੀ ਵਿਚ ਦਰੋਣਾਚਾਰਿਆ ਐਵਾਰਡੀ ਰਜਿੰਦਰ ਸਿੰਘ ਤੇ ਬਾਸਕਟਬਾਲ ਵਿਚ ਕੈਪਟਨ ਰਜਿੰਦਰ ਸਿੰਘ ਵੀ ਲੁਧਿਆਣਾ ਵਿਖੇ ਇਸ ਯੋਜਨਾ ਅਧੀਨ ਕੰਮ ਕਰ ਰਹੇ ਸਨ, ਪਰ ਫਰਵਰੀ 2025 ਵਿਚ  ਇਨ੍ਹਾਂ ਤਿੰਨਾਂ ਦੀਆਂ ਸੇਵਾਵਾਂ ਇਹ ਕਹਿ ਕੇ ਖ਼ਤਮ ਕਰ ਦਿੱਤੀਆਂ ਕਿ ਸੇਵਾਮੁਕਤੀ ਤੋਂ ਬਾਅਦ ਜਾਂ 60 ਸਾਲ ਦੀ ਉਮਰ ਪੂਰੀ ਹੋਣ ਉਪਰੰਤ ਕਿਸੇ ਵੀ ਕੋਚ ਨੂੰ  ਨਿਯੁਕਤ ਨਹੀਂ ਕੀਤਾ ਜਾਵੇਗਾ | ਸਵਾਲ ਇਹ ਹੈ ਕਿ ਕੀ ਕਿਸੇ ਕੋਚ ਦੀ ਯੋਗਤਾ, ਤਜਰਬੇ ਅਤੇ ਪ੍ਰਾਪਤੀਆਂ ਦਾ ਮੁਲਾਂਕਣ ਸਿਰਫ਼ ਉਸ ਦੀ ਉਮਰ ਦੇ ਆਧਾਰ 'ਤੇ ਕੀਤਾ ਜਾਣਾ ਚਾਹੀਦਾ ਹੈ, ਕੀ ਅੰਤਰਰਾਸ਼ਟਰੀ ਪੱਧਰ 'ਤੇ ਖਿਡਾਰੀ ਤਿਆਰ ਕਰਨ ਦਾ ਤਜਰਬਾ ਰੱਖਣ ਵਾਲੇ ਕੋਚ ਦੀ ਸੇਵਾ ਸਿਰਫ਼ 60 ਸਾਲ ਦੀ ਉਮਰ ਪੂਰੀ ਹੋਣ ਕਾਰਨ ਖ਼ਤਮ ਕਰ ਦੇਣੀ ਸਹੀ ਨੀਤੀ ਹੈ | ਇਹ ਵੀ ਸੋਚਣ ਵਾਲੀ ਗੱਲ ਹੈ ਕਿ ਜਦੋਂ ਅਜਿਹੇ ਤਜਰਬੇਕਾਰ ਕੋਚਾਂ ਨੂੰ  ਸਿਸਟਮ 'ਚੋਂ ਬਾਹਰ ਕੀਤਾ ਗਿਆ ਤਾਂ ਉਨ੍ਹਾਂ ਦੀ ਥਾਂ ਕਿਹੜੇ ਕੋਚ ਨਿਯੁਕਤ ਕੀਤੇ ਗਏ, ਕੀ ਉਨ੍ਹਾਂ ਦੇ ਬਰਾਬਰ ਦਾ ਅੰਤਰਰਾਸ਼ਟਰੀ ਤਜਰਬਾ ਰੱਖਣ ਵਾਲੇ ਕੋਚ ਉਪਲਬਧ ਸਨ, ਕੀ ਖਿਡਾਰੀਆਂ ਦੇ ਭਵਿੱਖ ਅਤੇ ਸਿਖਲਾਈ ਦੀ ਨਿਰੰਤਰਤਾ ਨੂੰ  ਧਿਆਨ ਵਿਚ ਰੱਖਿਆ ਗਿਆ | ਕਿਸੇ ਵੀ ਖੇਡ ਯੋਜਨਾ ਦੀ ਸਫ਼ਲਤਾ ਸਿਰਫ਼ ਕੋਚਾਂ ਦੀ ਨਿਯੁਕਤੀ ਜਾਂ ਸਿਖਲਾਈ ਕੇਂਦਰ ਖੋਲ੍ਹਣ ਨਾਲ ਨਹੀਂ ਮਾਪੀ ਜਾ ਸਕਦੀ | ਇਸ ਦਾ ਅਸਲ ਮੁਲਾਂਕਣ ਖਿਡਾਰੀਆਂ ਦੇ ਪ੍ਰਦਰਸ਼ਨ, ਰਾਸ਼ਟਰੀ ਤੇ ਅੰਤਰਰਾਸ਼ਟਰੀ ਮੁਕਾਬਲਿਆਂ 'ਚ ਜਿੱਤੇ ਤਗ਼ਮਿਆਂ ਅਤੇ ਤਿਆਰ ਹੋ ਰਹੀ ਨਵੀਂ ਪ੍ਰਤਿਭਾ ਦੇ ਆਧਾਰ 'ਤੇ ਹੋਣਾ ਚਾਹੀਦਾ ਹੈ | ਪੰਜਾਬ ਖੇਡ ਵਿਭਾਗ ਨੂੰ  ਚਾਹੀਦਾ ਹੈ ਕਿ ਉਹ ਜੰਪਸ, ਥ੍ਰੋਇੰਗ ਤੇ ਬਾਸਕਟਬਾਲ ਸਮੇਤ ਵੱਖ-ਵੱਖ ਖੇਡਾਂ ਦੇ ਪਿਛਲੇ ਸਾਲ ਅਤੇ ਮੌਜੂਦਾ ਸਾਲ ਦੇ ਨਤੀਜਿਆਂ ਦੀ ਤੁਲਨਾ ਕਰੇ | ਨਾਲ ਹੀ ਉਨ੍ਹਾਂ ਸਮਿਆਂ ਦੇ ਨਤੀਜਿਆਂ ਦਾ ਵੀ ਵਿਸ਼ਲੇਸ਼ਣ ਕੀਤਾ ਜਾਵੇ ਜਦੋਂ ਤਜਰਬੇਕਾਰ ਕੋਚ ਸੇਵਾਵਾਂ ਨਿਭਾਅ ਰਹੇ ਸਨ | ਕੀ ਕਿਸੇ ਸੁਤੰਤਰ ਮਾਹਿਰ ਕਮੇਟੀ ਵਲੋਂ ਪੀ.ਆਈ.ਐਸ. ਯੋਜਨਾ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕੀਤਾ ਗਿਆ ਹੈ, ਕੀ ਕੋਚਾਂ ਦੇ ਕੰਮ, ਖਿਡਾਰੀਆਂ ਦੀ ਤਰੱਕੀ ਅਤੇ ਸਿਖਲਾਈ ਦੇ ਮਿਆਰ ਦੀ ਨਿਯਮਤ ਜਾਂਚ ਹੁੰਦੀ ਹੈ, ਕੀ ਕਿਸੇ ਅਧਿਕਾਰੀ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ ਹੈ ਕਿ ਯੋਜਨਾ ਦੇ ਨਤੀਜੇ ਕਿਉਂ ਨਹੀਂ ਆ ਰਹੇ | ਜੇ ਇਨ੍ਹਾਂ ਸਵਾਲਾਂ ਦੇ ਜਵਾਬ ਸਪੱਸ਼ਟ ਨਹੀਂ ਹਨ ਤਾਂ ਇਹ ਖੇਡ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ 'ਤੇ ਗੰਭੀਰ ਸਵਾਲ ਖੜ੍ਹੇ ਕਰਦੇ ਹਨ |
ਪੰਜਾਬ ਨੇ ਦੇਸ਼ ਨੂੰ  ਹਾਕੀ, ਅਥਲੈਟਿਕਸ, ਮੁੱਕੇਬਾਜ਼ੀ, ਕੁਸ਼ਤੀ, ਬਾਸਕਟਬਾਲ ਤੇ ਹੋਰ ਖੇਡਾਂ ਵਿਚ ਅਨੇਕਾਂ ਕੌਮਾਂਤਰੀ ਖਿਡਾਰੀ ਦਿੱਤੇ | ਪੰਜਾਬ ਕੋਲ ਅਜਿਹੇ ਕੋਚਾਂ ਦੀ ਵੀ ਕੋਈ ਘਾਟ ਨਹੀਂ, ਜਿਨ੍ਹਾਂ ਨੇ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਖਿਡਾਰੀ ਤਿਆਰ ਕੀਤੇ ਹਨ ਅਤੇ ਵੱਡੀਆਂ ਪ੍ਰਾਪਤੀਆਂ ਹਾਸਿਲ ਕੀਤੀਆਂ ਹਨ | 2030 ਦੀਆਂ ਰਾਸ਼ਟਰਮੰਡਲ ਖੇਡਾਂ ਨੂੰ  ਧਿਆਨ ਵਿਚ ਰੱਖਦਿਆਂ ਪੰਜਾਬ ਸਰਕਾਰ ਅਤੇ ਖੇਡ ਵਿਭਾਗ ਨੂੰ  ਤੁਰੰਤ ਆਪਣੀ ਖੇਡ ਨੀਤੀ ਦੀ ਸਮੀਖਿਆ ਕਰਨੀ ਚਾਹੀਦੀ ਹੈ | ਸਭ ਤੋਂ ਪਹਿਲਾਂ ਪੀ.ਆਈ.ਐਸ. ਯੋਜਨਾ ਦਾ ਸੁਤੰਤਰ ਮੁਲਾਂਕਣ ਕਰਾਇਆ ਜਾਵੇ | ਹਰ ਖੇਡ ਦੇ ਕੋਚ ਅਤੇ ਸਿਖਲਾਈ ਕੇਂਦਰ ਦੀ ਕਾਰਗੁਜ਼ਾਰੀ ਲਈ ਸਪੱਸ਼ਟ ਮਾਪਦੰਡ ਬਣਾਏ ਜਾਣ | ਅੰਤਰਰਾਸ਼ਟਰੀ ਤਜਰਬਾ ਰੱਖਣ ਵਾਲੇ ਕੋਚਾਂ ਦੀਆਂ ਸੇਵਾਵਾਂ ਲੈਣ ਲਈ ਉਮਰ ਦੀ ਬਜਾਏ ਯੋਗਤਾ, ਤਜਰਬੇ ਤੇ ਨਤੀਜਿਆਂ ਨੂੰ  ਪਹਿਲ ਦਿੱਤੀ ਜਾਵੇ | ਇਸ ਤੋਂ ਇਲਾਵਾ 2030 ਦੀਆਂ ਰਾਸ਼ਟਰਮੰਡਲ ਖੇਡਾਂ ਲਈ ਪੰਜਾਬ ਦੇ ਸੰਭਾਵੀ ਖਿਡਾਰੀਆਂ ਦੀ ਪਛਾਣ ਕਰਕੇ ਵਿਸ਼ੇਸ਼ ਤਿਆਰੀ ਪ੍ਰੋਗਰਾਮ ਸ਼ੁਰੂ ਕੀਤੇ ਜਾਣ | ਸਭ ਤੋਂ ਅਹਿਮ ਗੱਲ ਇਹ ਹੈ ਕਿ ਖੇਡ ਵਿਭਾਗ ਵਿਚ ਜਵਾਬਦੇਹੀ ਤੈਅ ਹੋਵੇ | ਹਰ ਯੋਜਨਾ ਦੇ ਨਤੀਜਿਆਂ ਦੀ ਸਾਲਾਨਾ ਸਮੀਖਿਆ ਹੋਵੇ ਤੇ ਉਸ ਦੀ ਰਿਪੋਰਟ ਜਨਤਕ ਕੀਤੀ ਜਾਵੇ |

-ਮੋਬਾਈਲ : 9872978781

Ad Position 22
No active advertisement
ਪਿਛਲੀ ਖ਼ਬਰ ਕਣਕ ਦਾ ਵਧੇਰੇ ਝਾੜ ਲੈਣ ਲਈ ਕੁਝ ਸੁਝਾਅ ਅਗਲੀ ਖ਼ਬਰ ਭਾਰਤ ਦਾ ਛੇਵੀਂ ਵਾਰ ਏਸ਼ਿਆਈ ਚੈਂਪੀਅਨ ਬਣਨ ਦਾ ਸਫ਼ਰ
Ad Position 24