27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਪੀ.ਟੀ. ਊਸ਼ਾ ਦਾ ਰਿਕਾਰਡ ਤੋੜਨ ਵਾਲੀ : ਵਿਥਿਆ ਰਾਮਰਾਜ

ਪੀ.ਟੀ. ਊਸ਼ਾ ਦਾ ਰਿਕਾਰਡ ਤੋੜਨ ਵਾਲੀ : ਵਿਥਿਆ ਰਾਮਰਾਜ

Ad Position 21
No active advertisement
ਅਜੀਤ ਡੈਸਕ 27-10-2026

ਜਪਾਨ 'ਚ ਹੋਈਆਂ ਏਸ਼ਿਆਈ ਖੇਡਾਂ ਦੇ ਐਥਲੈਟਿਕਸ ਮੁਕਾਬਲਿਆਂ 'ਚ ਭਾਰਤੀ ਮਹਿਲਾ ਅਥਲੀਟ ਵਿਥਿਆ ਰਾਮਰਾਜ ਉਹ ਖਿਡਾਰਨ ਹੈ, ਜਿਸ ਨੇ ਸੋਨੇ, ਚਾਂਦੀ ਤੇ ਕਾਂਸੀ ਦੇ ਤਗਮੇ ਜਿੱਤ ਕੇ ਭਾਰਤ ਦਾ ਨਾਂਅ ਰੌਸ਼ਨ ਕੀਤਾ ਹੈ | ਉਸ ਦਾ ਮੜੰਗਾ ਤੇ ਟ੍ਰੈਕ 'ਤੇ ਦੌੜਨ ਦਾ ਤਰੀਕਾ ਬਿਲਕੁਲ ਪੀ.ਟੀ. ਊਸ਼ਾ ਵਰਗਾ ਹੈ | ਇਨ੍ਹਾਂ ਖੇਡਾਂ ਦੌਰਾਨ ਵਿਥਿਆ ਨੇ 400 ਮੀਟਰ ਹਰਡਲਜ਼ ਵਿਚ 54.75 ਸੈਕਿੰਡ ਦਾ ਸਮਾਂ ਕੱਢ ਕੇ ਪੀ.ਟੀ. ਊਸ਼ਾ ਦਾ ਏਸ਼ਿਆਈ ਰਿਕਾਰਡ ਤੋੜਿਆ ਹੈ |

ਵਿਥਿਆ ਰਾਮਰਾਜ ਤਾਮਿਲਨਾਡੂ ਦੀ ਰਹਿਣ ਵਾਲੀ ਹੈ | ਉਸ ਦਾ ਜਨਮ ਪਿੰਡ ਮੀਨਾਡੀਪੁਰਮ ਜ਼ਿਲ੍ਹਾ ਕੋਇੰਬਟੂਰ ਵਿਚ 20 ਸਤੰਬਰ 1998 ਨੂੰ  ਮਾਤਾ ਮੀਨਾ ਤੇ ਪਿਤਾ ਰਾਮਰਾਜ ਦੇ ਘਰ ਇਕ ਗ਼ਰੀਬ ਪਰਿਵਾਰ 'ਚ ਹੋਇਆ | ਉਸ ਦੇ ਪਿਤਾ ਟਰੱਕ ਚਲਾਉਂਦੇ ਹਨ | ਉਸ ਦੀ ਇਕ ਭੈਣ ਨਿਤਿਆ ਰਾਮਰਾਜ ਹੈ, ਜੋ 110 ਮੀਟਰ ਹਰਲਡਜ਼ ਈਵੈਂਟ ਹੀ ਕਰਦੀ ਹੈ | ਘਰ 'ਚ ਅੰਤਾਂ ਦੀ ਗ਼ਰੀਬੀ ਹੋਣ ਦੇ ਬਾਵਜੂਦ ਉਸ ਦੀ ਮਾਤਾ ਨੇ ਆਪਣੀਆਂ ਦੋਵੇਂ ਧੀਆਂ ਦੇ ਖੇਡ ਹੁਨਰ ਨੂੰ  ਪਛਾਣਦਿਆਂ ਕਦੇ ਨਿਰਾਸ਼ ਨਹੀਂ ਹੋਣ ਦਿੱਤਾ | ਉਨ੍ਹਾਂ ਨੇ ਦੋਵੇਂ ਬੇਟੀਆਂ ਨੂੰ  ਇਰੋਡ ਦੇ ਇਕ ਸਪੋਰਟਸ ਹੋਸਟਲ 'ਚ ਦਾਖ਼ਲ ਕਰਾ ਦਿੱਤਾ, ਜਿੱਥੇ ਉਨ੍ਹਾਂ ਨੂੰ  ਮੁਫ਼ਤ ਰਹਿਣ, ਪੜ੍ਹਾਈ ਕਰਨ ਤੇ ਟ੍ਰੇਨਿੰਗ ਦੀ ਸਹੂਲਤ ਮਿਲੀ | ਸ਼ੁਰੂ 'ਚ ਵਿਥਿਆ ਨੰਗੇ ਪੈਰੀ ਦੌੜ ਕੇ ਅਭਿਆਸ ਕਰਿਆ ਕਰਦੀ ਸੀ | ਇੱਥੇ ਹੀ ਬੱਸ ਨਹੀਂ ਵਿਥਿਆ ਨੂੰ  ਕੋਵਿਡ-19 ਦੌਰਾਨ ਟਾਈਫਾਈਡ ਤੇ ਅਪੈਂਡਿਕਸ ਵਰਗੀਆਂ ਬਿਮਾਰੀਆਂ ਨੇ ਘੇਰ ਲਿਆ ਤੇ ਉਸ ਨੂੰ  ਸਰਜਰੀ ਦਾ ਸਾਹਮਣਾ ਕਰਨਾ ਪਿਆ, ਪਰ ਉਸ ਨੇ ਹਾਰ ਨਾ ਮੰਨੀ | ਜਦੋਂ ਵਿਥਿਆ ਕੋਲ ਰੁਜ਼ਗਾਰ ਦਾ ਕੋਈ ਸਾਧਨ ਨਹੀਂ ਸੀ ਤਾਂ ਉਸ ਦੀ ਭੈਣ ਨਿਤਿਆ ਰਾਮਰਾਜ ਨੇ ਆਪਣੀ ਤਨਖਾਹ 'ਚੋਂ ਉਸ ਦੀ ਟ੍ਰੇਨਿੰਗ, ਖਾਣ-ਪੀਣ, ਬੂਟ ਤੇ ਹੋਰ ਸਾਮਾਨ ਦਾ ਖਰਚਾ ਉਠਾਇਆ | ਉਸ ਦੀ ਭੈਣ ਇਨਕਮ ਟੈਕਸ 'ਚ ਨੌਕਰੀ ਕਰਦੀ ਹੈ | ਕੋਚ ਨੇਹਪਾਲ ਸਿੰਘ ਰਾਠੌਰ ਨੇ ਵੀ ਵਿਥਿਆ ਦੀ ਕਾਫ਼ੀ ਮਦਦ ਕੀਤੀ | ਸੰਨ 2023 ਦੀਆਂ ਹਾਂਗਜ਼ੂ ਏਸ਼ਿਆਈ ਖੇਡਾਂ 'ਚ ਵਿਥਿਆ ਨੇ ਪੀ.ਟੀ. ਊਸ਼ਾ ਦੇ 39 ਸਾਲ ਪੁਰਾਣੇ 55.42 ਸੈਕਿੰਡ ਦੇ ਰਿਕਾਰਡ ਦੀ ਬਰਾਬਰੀ ਕੀਤੀ ਸੀ ਤੇ ਹੁਣ 54.75 ਸੈਕਿੰਡ ਦੇ ਸਮੇਂ ਨਾਲ 42 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ | ਉਹ 55 ਸੈਕਿੰਡ ਤੋਂ ਘੱਟ ਸਮੇਂ 'ਚ ਦੌੜ ਪੂਰੀ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ | 2026 ਦੀਆਂ ਆਇਚੀ-ਨਾਗੋਆ ਏਸ਼ਿਆਈ ਖੇਡਾਂ 'ਚ ਉਸ ਨੇ 4&400 ਮੀਟਰ ਰਿਲੇਅ 'ਚ ਸੋਨ, 4&400 ਮੀਟਰ ਮਿਕਸਡ ਰਿਲੇਅ ਵਿਚ ਚਾਂਦੀ ਤੇ 400 ਮੀਟਰ ਹਰਲਡਜ਼ ਵਿਚ ਕਾਂਸੀ ਦੇ ਤਗਮੇ ਜਿੱਤ ਕੇ ਬੱਲੇ-ਬੱਲੇ ਕਰਵਾਈ ਹੈ | ਹੁਣ ਤੱਕ ਦੀਆਂ ਏਸ਼ਿਆਈ ਖੇਡਾਂ 'ਚ ਵਿਥਿਆ ਰਾਮਰਾਜ ਨੇ ਇਕ ਸੋਨ, ਤਿੰਨ ਸਿਲਵਰ ਤੇ ਦੋ ਕਾਂਸੀ ਦੇ ਤਗਮੇ ਜਿੱਤੇ ਹਨ | ਉਸ ਨੇ ਪੈਰਿਸ 2024 ਦੀਆਂ ਉਲੰਪਿਕ ਖੇਡਾਂ ਵਿਚ 4&400 ਮੀਟਰ ਰਿਲੇਅ ਦੌੜ ਵਿਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਹੈ |  ਏਸ਼ਿਆਈ ਖੇਡਾਂ ਦੀ ਅਹਿਮ ਪ੍ਰਾਪਤੀ ਤੋਂ ਬਾਅਦ ਤਾਮਿਲਨਾਡੂ ਸਰਕਾਰ ਨੇ ਉਸ ਨੂੰ  1.55 ਕਰੋੜ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ | ਵਿਥਿਆ ਨੇ ਕੌਂਗੂ ਆਰਟਸ ਐਂਡ ਸਾਇੰਸ ਕਾਲਜ ਤੋਂ ਖੇਡ ਕੋਟੇ 'ਚ ਬੀ.ਬੀ.ਏ. ਦੀ ਡਿਗਰੀ ਪੂਰੀ ਕੀਤੀ ਹੋਈ ਹੈ ਤੇ ਉਹ ਭਾਰਤੀ ਰੇਲਵੇ ਦੀ ਮੁਲਾਜ਼ਮ ਹੈ | 

 

-ਤਹਿ. ਸੁਨਾਮ (ਸੰਗਰੂਰ), ਮੋਬਾ: 94631-28483

Ad Position 22
No active advertisement
ਪਿਛਲੀ ਖ਼ਬਰ ਏਸ਼ਿਆਈ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ 'ਤੇ ਇਕ ਨਜ਼ਰ ਅਗਲੀ ਖ਼ਬਰ ਉਧਾਰ ਦੀ ਬੰਦੂਕ ਤੋਂ ਸੋਨ ਤਗਮਿਆਂ ਤੱਕ ਨੀਰੂ ਢਾਂਡਾ ਦਾ ਸੰਘਰਸ਼ਮਈ ਸਫ਼ਰ
Ad Position 24