ਪਿੰਡ ਚੀਮਾ-ਜੋਧਪੁਰ ਬੱਸ ਅੱਡੇ ’ਤੇ ਬੱਸਾਂ ਨਾ ਰੋਕਣ ਵਿਰੁੱਧ ਭਾਕਿਯੂ ਡਕੌਂਦਾ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ
ਟੱਲੇਵਾਲ, 17 ਸਤੰਬਰ (ਸੋਨੀ ਚੀਮਾ)- ਪਿੰਡ ਚੀਮਾ-ਜੋਧਪੁਰ ਦੇ ਮੁੱਖ ਬੱਸ ਅੱਡੇ ’ਤੇ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਨਾ ਰੋਕੇ ਜਾਣ ਕਾਰਨ ਇਲਾਕਾ ਨਿਵਾਸੀਆਂ, ਸਕੂਲੀ ਬੱਚਿਆਂ ਅਤੇ ਮੁਸਾਫ਼ਿਰਾਂ ਨੂੰ ਆ ਰਹੀਆਂ ਭਾਰੀ ਮੁਸ਼ਕਿਲਾਂ ਦੇ ਵਿਰੋਧ ’ਚ ਭਾਕਿਯੂ ਡਕੌਂਦਾ ਵਲੋਂ ਤਿੱਖੇ ਸੰਘਰਸ਼ ਦਾ ਬਿਗਲ ਵਜਾ ਦਿੱਤਾ ਗਿਆ ਹੈ । ਜਥੇਬੰਦੀ ਵਲੋਂ ਪਿੰਡਾ ਦੇ ਵਾਸੀਆਂ ਦੇ ਸਹਿਯੋਗ ਨਾਲ ਇਕ ਅਹਿਮ ਮੀਟਿੰਗ ਕੀਤੀ ਗਈ ।
ਟੱਲੇਵਾਲ, 17 ਸਤੰਬਰ (ਸੋਨੀ ਚੀਮਾ)- ਪਿੰਡ ਚੀਮਾ-ਜੋਧਪੁਰ ਦੇ ਮੁੱਖ ਬੱਸ ਅੱਡੇ ’ਤੇ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਨਾ ਰੋਕੇ ਜਾਣ ਕਾਰਨ ਇਲਾਕਾ ਨਿਵਾਸੀਆਂ, ਸਕੂਲੀ ਬੱਚਿਆਂ ਅਤੇ ਮੁਸਾਫ਼ਿਰਾਂ ਨੂੰ ਆ ਰਹੀਆਂ ਭਾਰੀ ਮੁਸ਼ਕਿਲਾਂ ਦੇ ਵਿਰੋਧ ’ਚ ਭਾਕਿਯੂ ਡਕੌਂਦਾ ਵਲੋਂ ਤਿੱਖੇ ਸੰਘਰਸ਼ ਦਾ ਬਿਗਲ ਵਜਾ ਦਿੱਤਾ ਗਿਆ ਹੈ । ਜਥੇਬੰਦੀ ਵਲੋਂ ਪਿੰਡਾ ਦੇ ਵਾਸੀਆਂ ਦੇ ਸਹਿਯੋਗ ਨਾਲ ਇਕ ਅਹਿਮ ਮੀਟਿੰਗ ਕੀਤੀ ਗਈ । ਮੀਟਿੰਗ ’ਚ ਪ੍ਰਸ਼ਾਸਨ ਅਤੇ ਟਰਾਂਸਪੋਰਟ ਵਿਭਾਗ ਦੇ ਅੜੀਅਲ ਵਤੀਰੇ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ 22 ਸਤੰਬਰ ਨੂੰ ਬੱਸਾਂ ਰੋਕ ਕੇ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀਆਂ ਦੇ ਆਗੂਆਂ ਬਲਵੰਤ ਸਿੰਘ ਚੀਮਾ ਜ਼ਿਲ੍ਹਾ ਆਗੂ, ਗੋਗੀ ਚੀਮਾ ਇਕਾਈ ਪ੍ਰਧਾਨ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਚੀਮਾ-ਜੋਧਪੁਰ ਦੇ ਬੱਸ ਅੱਡੇ ’ਤੇ ਬੱਸ ਡਰਾਈਵਰ ਬੱਸਾਂ ਨਹੀਂ ਰੋਕਦੇ, ਜਿਸ ਕਾਰਨ ਰੋਜ਼ਾਨਾ ਸਫ਼ਰ ਕਰਨ ਵਾਲੇ ਮੁਸਾਫ਼ਿਰਾਂ, ਖ਼ਾਸ ਕਰ ਕੇ ਨੌਕਰੀਪੇਸ਼ਾ, ਔਰਤਾਂ ਅਤੇ ਦੂਰ-ਦੁਰਾਡੇ ਪੜ੍ਹਨ ਜਾਣ ਵਾਲੇ ਵਿਦਿਆਰਥੀਆਂ ਨੂੰ ਖ਼ਾਸ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ । ਕਈ ਵਾਰ ਬੱਸਾਂ ਨਾ ਰੁਕਣ ਕਾਰਨ ਵਿਦਿਆਰਥੀ ਸਮੇਂ ਸਿਰ ਸਕੂਲ-ਕਾਲਜ ਨਹੀਂ ਪਹੁੰਚ ਪਾਉਂਦੇ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਇਸ ਮਸਲੇ ਸਬੰਧੀ ਕਈ ਵਾਰ ਸਬੰਧਿਤ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲਿਖਤੀ ਰੂਪ ’ਚ ਜਾਣੂ ਕਰਵਾਇਆ ਜਾ ਚੁੱਕਾ ਹੈ, ਪਰ ਹਾਲੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ। ਪ੍ਰਸ਼ਾਸਨ ਦੀ ਇਸੇ ਬੇਰੁਖ਼ੀ ਤੋਂ ਤੰਗ ਆ ਕੇ ਹੁਣ ਜਥੇਬੰਦੀ ਨੇ ਤਿੱਖਾ ਕਦਮ ਚੁੱਕਣ ਦਾ ਫ਼ੈਸਲਾ ਕੀਤਾ ਹੈ । ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ 22 ਸਤੰਬਰ ਤੋਂ ਪਹਿਲਾਂ-ਪਹਿਲਾਂ ਟਰਾਂਸਪੋਰਟ ਵਿਭਾਗ ਨੇ ਸਾਰੇ ਰੂਟਾਂ ਦੀਆਂ ਬੱਸਾਂ ਨੂੰ ਚੀਮਾ-ਜੋਧਪੁਰ ਅੱਡੇ ’ਤੇ ਰੋਕਣਾ ਲਾਜ਼ਮੀ ਨਾ ਕੀਤਾ, ਤਾਂ 22 ਸਤੰਬਰ ਨੂੰ ਵੱਡੀ ਗਿਣਤੀ ’ਚ ਇਕੱਠੇ ਹੋ ਕੇ ਬੱਸਾਂ ਦੀ ਆਵਾਜਾਈ ਮੁਕੰਮਲ ਰੂਪ ’ਚ ਠੱਪ ਕੀਤੀ ਜਾਵੇਗੀ । ਇਸ ਦੌਰਾਨ ਹੋਣ ਵਾਲੇ ਕਿਸੇ ਵੀ ਨੁਕਸਾਨ ਦੀ ਜ਼ਿੰਮੇਵਾਰੀ ਸਿੱਧੇ ਤੌਰ ’ਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਗੁਰਮੀਤ ਸਿੰਘ ਨੰਬਰਦਾਰ, ਹਰਦੇਵ ਸਿੰਘ ਨੰਬਰਦਾਰ, ਬਾਰਾ ਸਿੰਘ, ਜਗਦੇਵ ਸਿੰਘ ਚੀਮਾ ਆਗੂ ਡਕੌਂਦਾ ਧਨੇਰ, ਮਲਕੀਤ ਸਿੰਘ, ਮੇਜਰ ਸਿੰਘ ਭੰਗੂ, ਰਾਜਿੰਦਰ ਸਿੰਘ ਭੰਗੂ, ਸਿਕੰਦਰ ਸਿੰਘ, ਗੁਰਪ੍ਰੀਤ ਸਿੰਘ, ਜਗਸੀਰ ਸਿੰਘ, ਸਾਧੂ ਸਿੰਘ, ਕੇਵਲ ਸਿੰਘ, ਦਰਸ਼ਨ ਸਿੰਘ, ਜਗਸੀਰ ਸਿੰਘ ਢਿੱਲੋਂ, ਦਰਸ਼ਨ ਸਿੰਘ ਦਰਸੀ ਤੋਂ ਇਲਾਵਾ ਵੱਡੀ ਗਿਣਤੀ ’ਚ ਪਿੰਡ ਵਾਸੀ ਅਤੇ ਕਿਸਾਨ ਵਰਕਰ ਹਾਜ਼ਰ ਸਨ ।