ਸਿਵਲ ਹਸਪਤਾਲ ਖੰਨਾ ਦੇ ਐਸ. ਐਮ. ਓ. ਮਨਿੰਦਰ ਸਿੰਘ ਭਸੀਨ ਵਲੋਂ ਨਵਾਂ ਰਿਕਾਰਡ ਕਾਇਮ
ਖੰਨਾ, 11 ਅਕਤੂਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ’ਚ ਸਰਜਰੀਆਂ ਕਰਨ ਦਾ ਰਿਕਾਰਡ ਬਣਾਉਣ ਵਾਲੇ ਮਸ਼ਹੂਰ ਸਰਜਨ ਐਸ. ਐਮ.
ਖ
ਖੰਨਾ ਦੇ ਸਿਵਲ ਹਸਪਤਾਲ ਵਿਚ ਸਟਾਫ ਨਾਲ ਕੇਕ ਕੱਟਣ ਸਮੇਂ ਐਸ. ਐਮ. ਓ. ਡਾ. ਮਨਿੰਦਰ ਭਸੀਨ । ਤਸਵੀਰ : ਸੋਨੀ ਗਿੱਲ
12-10-2026
ਖੰਨਾ, 11 ਅਕਤੂਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ’ਚ ਸਰਜਰੀਆਂ ਕਰਨ ਦਾ ਰਿਕਾਰਡ ਬਣਾਉਣ ਵਾਲੇ ਮਸ਼ਹੂਰ ਸਰਜਨ ਐਸ. ਐਮ. ਓ. ਡਾ. ਮਨਿੰਦਰ ਸਿੰਘ ਭਸੀਨ ਵਲੋਂ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਗਿਆ ਹੈ। ਸਿਹਤ ਸੰਭਾਲ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਪੰਜਾਬ ਸਰਕਾਰ ਦੇ ਚੱਲ ਰਹੇ ਯਤਨਾਂ ਦੇ ਹਿੱਸੇ ਵਜੋਂ ਖੰਨਾ ਸਿਵਲ ਹਸਪਤਾਲ ਨੇ ਇੱਕ ਮਹੱਤਵਪੂਰਨ ਮੀਲ ਪੱਥਰ ਪ੍ਰਾਪਤ ਕੀਤਾ ਹੈ। ਸਿਹਤ ਵਿਭਾਗ ਵਲੋਂ ਸਟੇਟ ਅਵਾਰਡ ਨਾਲ ਸਨਮਾਨਿਤ ਐੱਸ. ਐੱਮ. ਓ. ਡਾ. ਮਨਿੰਦਰ ਸਿੰਘ ਭਸੀਨ ਦੀ ਅਗਵਾਈ ਹੇਠ ਡੇਢ ਸਾਲ ਵਿਚ 400 ਤੋਂ ਵੱਧ ਸਫਲ ਦੂਰਬੀਨ ਸਰਜਰੀਆਂ ਕੀਤੀਆਂ ਗਈਆਂ ਹਨ। ਇਸ ਖ਼ੁਸ਼ੀ ’ਚ ਸਿਵਲ ਹਸਪਤਾਲ ’ਚ ਡਾ. ਮਨਿੰਦਰ ਭਸੀਨ ਦੀ ਅਗਵਾਈ ਹੇਠ ਡਾਕਟਰਾਂ ਅਤੇ ਸਟਾਫ ਨੇ ਕੇਕ ਕੱਟ ਕੇ ਜਸ਼ਨ ਮਨਾਇਆ। ਦੱਸਣਯੋਗ ਹੈ ਕਿ ਦੂਰਬੀਨ (ਲੈਪਰੋਸਕੋਪਿਕ) ਸਰਜਰੀ ਇੱਕ ਆਧੁਨਿਕ ਡਾਕਟਰੀ ਤਕਨੀਕ ਹੈ, ਜਿਸ ’ਚ ਇੱਕ ਛੋਟੇ ਜਿਹੇ ਚੀਰੇ ਰਾਹੀਂ ਆਪ੍ਰੇਸ਼ਨ ਕਰਨਾ ਸ਼ਾਮਲ ਹੈ। ਇਸ ਨਾਲ ਦਰਦ ਤੇ ਖੂਨ ਵਹਿਣ ਦੀ ਸਮੱਸਿਆ ਘੱਟ ਜਾਂਦੀ ਹੈ, ਜਿਸ ਨਾਲ ਮਰੀਜ਼ ਜਲਦੀ ਠੀਕ ਹੋ ਜਾਂਦੇ ਹਨ ਅਤੇ ਆਮ ਜ਼ਿੰਦਗੀ ’ਚ ਵਾਪਸ ਆ ਸਕਦੇ ਹਨ। ਜਦੋਂਕਿ ਇਸ ਕਿਸਮ ਦੀ ਸਰਜਰੀ ’ਤੇ ਨਿੱਜੀ ਹਸਪਤਾਲਾਂ ਵਿਚ ਲਗਭਗ 50,000 ਤੋਂ 75 ਹਜਾਰ ਰੁਪਏ ਤੱਕ ਖਰਚ ਹੁੰਦੇ ਹਨ, ਖੰਨਾ ਸਿਵਲ ਹਸਪਤਾਲ ’ਚ ਇਹ ਸਹੂਲਤ ਮੁਫਤ ਪ੍ਰਦਾਨ ਕੀਤੀ ਜਾ ਰਹੀ ਹੈ। ਹਸਪਤਾਲ ਪ੍ਰਸ਼ਾਸਨ ਦੇ ਅਨੁਸਾਰ ਜੇਕਰ ਇਹ ਸਰਜਰੀਆਂ ਨਿੱਜੀ ਹਸਪਤਾਲਾਂ ’ਚ ਕੀਤੀਆਂ ਜਾਂਦੀਆਂ ਤਾਂ ਮਰੀਜ਼ਾਂ ਨੂੰ ਕਰੋੜਾਂ ਰੁਪਏ ਖਰਚ ਕਰਨੇ ਪੈਂਦੇ। ਆਯੁਸ਼ਮਾਨ ਭਾਰਤ ਯੋਜਨਾ ਅਤੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਇਨ੍ਹਾਂ ਇਲਾਜਾਂ ਦੀ ਮੁਫ਼ਤ ਉਪਲਬਧਤਾ ਨੇ ਗ਼ਰੀਬ ਤੇ ਮੱਧ ਵਰਗ ਦੇ ਪਰਿਵਾਰਾਂ ਨੂੰ ਮਹੱਤਵਪੂਰਨ ਵਿੱਤੀ ਰਾਹਤ ਪ੍ਰਦਾਨ ਕੀਤੀ ਹੈ। ਡਾ. ਮਨਿੰਦਰ ਸਿੰਘ ਭਸੀਨ ਨੇ ਦੱਸਿਆ ਕਿ ਉਹ 1995 ਤੋਂ ਸਰਜਰੀਆਂ ਕਰ ਰਹੇ ਹਨ ਅਤੇ ਲਗਭਗ 31 ਸਾਲਾਂ ਤੋਂ ਇਸ ਖੇਤਰ ’ਚ ਹਨ। ਹਸਪਤਾਲ ਸ਼ਹਿਰ ਅਤੇ ਆਲੇ-ਦੁਆਲੇ ਦੇ ਖੇਤਰਾਂ ਨੂੰ ਬਹੁਤ ਲਾਭ ਪਹੁੰਚਾ ਰਿਹਾ ਹੈ। ਲੋਕ ਪੈਸੇ ਬਚਾ ਰਹੇ ਹਨ ਤੇ ਹਸਪਤਾਲ ’ਚ ਉਪਲਬਧ ਸਿਹਤ ਸਹੂਲਤਾਂ ਤੋਂ ਲਾਭ ਉਠਾ ਰਹੇ ਹਨ। ਡਾ. ਭਸੀਨ ਨੇ ਕਿਹਾ ਕਿ ਇਹ ਪ੍ਰਾਪਤੀ ਪੂਰੀ ਟੀਮ ਦੇ ਸਮੂਹਿਕ ਯਤਨਾਂ ਦਾ ਨਤੀਜਾ ਹੈ। ਉਨ੍ਹਾਂ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ, ਸਿਹਤ ਵਿਭਾਗ ਦੇ ਸਕੱਤਰ ਕੇ. ਰਾਹੁਲ, ਸਿਹਤ ਵਿਭਾਗ ਦੇ ਡਾਇਰੈਕਟਰ ਡਾ. ਹਿਤੇਂਦਰ ਕੌਰ ਤੇ ਸਿਵਲ ਸਰਜਨ ਡਾ. ਰਮਨਦੀਪ ਕੌਰ ਦਾ ਉਨ੍ਹਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ। ਡਾ. ਭਸੀਨ ਅਨੁਸਾਰ ਇਸ ਵੱਡੀ ਪ੍ਰਾਪਤੀ ਲਈ ਡਾ. ਰਾਘਵ ਅਗਰਵਾਲ, ਡਾ. ਸ਼ੇਫਾਲੀ, ਡਾ. ਈਰਾਜੋਤ, ਡਾ. ਅੰਮ੍ਰਿਤਪਾਲ ਕੌਰ, ਡਾ. ਬਿਨੈ, ਡਾ. ਗਰਿਮਾ, ਟੈਕਨੀਸ਼ੀਅਨ ਬੱਬੂ, ਕਮਲ, ਬਰਿੰਦਰ, ਸਟਾਫ ਨਰਸ ਦਲਜੀਤ ਕੌਰ, ਕੰਵਲਜੀਤ ਕੌਰ ਊਸ਼ਾ ਨੇ ਵੀ ਆਪਣਾ ਯੋਗਦਾਨ ਪਾਇਆ ਹੈ।