ਤਰਸ ਆਧਾਰ ਨੌਕਰੀ ਲਈ ਲਿੰਗ ਦੇ ਆਧਾਰ ’ਤੇ ਕੋਈ ਭੇਦ-ਭਾਵ ਨਾ ਕੀਤਾ ਜਾਵੇ:-ਵਿਧਾਇਕ ਗਿਆਸਪੁਰਾ
ਮਲੌਦ, 6 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪੀ. ਐਸ.
ਮਲੌਦ, 6 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪੀ. ਐਸ. ਪੀ. ਸੀ. ਐਲ ਵਿਭਾਗ ਵਿਚ ਪਾਲਿਸੀ ਮੀਮੋ ਨੰ: 2639/3205 ਈ. ਐਨ. ਜੀ.-7 (1) 239/ਐਲ. ਮਿਤੀ 6-12-2022 ਨਾਲ ਸੰਬੰਧਿਤ ਮਸਲੇ ਨੂੰ ਅੱਜ ਵਿਧਾਨ ਸਭਾ ਵਿਚ ਲੋਕ ਲੇਖਾ ਕਮੇਟੀ ਵਲੋਂ ਪਰਸੋਨਲ ਵਿਭਾਗ ਨੀਲਮ ਆਈ. ਏ. ਐਸ ਨੂੰ ਪੰਜਾਬ ਵਿਧਾਨ ਵਿਚ ਹਫਤਾਵਰੀ ਮੀਟਿੰਗ ਮੌਕੇ ਬੁਲਾ ਕੇ ਅਹਿਮ ਵਿਚਾਰ-ਵਟਾਂਦਰਾ ਕੀਤਾ ਗਿਆ। ਹਲਕਾ ਪਾਇਲ ਤੋਂ ਵਿਧਾਇਕ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਨੇ ਵਿਧਾਇਕ ਇੰਦਰਬੀਰ ਸਿੰਘ ਨਿੱਜਰ, ਵਿਧਾਇਕ ਚੇਤਨ ਸਿੰਘ ਜੌੜੇਮਾਜਰਾ ਤੇ ਵਿਧਾਇਕ ਵਿਜੇ ਸਿੰਗਲਾ ਸਮੇਤ ਕਮੇਟੀ ਵਲੋਂ ਪੰਜਾਬ ਸਰਕਾਰ ਨੂੰ ਪੀ.ਐਸ.ਪੀ .ਸੀ.ਐਲ ਵਿਚ ਤਰਸ ਦੇ ਆਧਾਰ ’ ਤੇ ਨੌਕਰੀ ਸਬੰਧੀ ਇੱਕ ਅਹਿਮ ਸੁਝਾਅ ਦਿੱਤਾ ਗਿਆ ਹੈ ਕਿ ਇੱਕ ਪਰਿਵਾਰ–ਇੱਕ ਨੌਕਰੀ ਦੇ ਫਾਰਮੂਲੇ ਤਹਿਤ ਕਰਮਚਾਰੀ ਦੀ ਮੌਤ ਉਪਰੰਤ ਨੌਕਰੀ ਲਈ ਅਪਲਾਈ ਕਰਨ ਵਾਲੀ ਲੜਕੀ ਵਿਆਹੁਤਾ ਹੋਵੇ ਜਾਂ ਕੁਆਰੀ ਉਸ ਨਾਲ ਲਿੰਗ ਦੇ ਆਧਾਰ ’ਤੇ ਕੋਈ ਭੇਦ-ਭਾਵ ਨਾ ਕੀਤਾ ਜਾਵੇ। ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਜੇਕਰ ਪਰਿਵਾਰ ਵਿਚ ਭੈਣ-ਭਰਾ ਹਨ ਅਤੇ ਲੜਕੀ ਨੌਕਰੀ ਲਈ ਅਪਲਾਈ ਕਰਦੀ ਹੈ, ਤਾਂ ਐਨ. ਓ. ਸੀ ਲੈ ਕੇ ਲੜਕੀ ਨੂੰ ਵੀ ਲੜਕਿਆਂ ਵਾਂਗ ਬਰਾਬਰ ਦਾ ਹੱਕ ਦਿੱਤਾ ਜਾਵੇ। ਸਿਰਫ਼ ਇਸ ਕਰਕੇ ਕਿ ਉਹ ਲੜਕੀ ਹੈ, ਉਸਨੂੰ ਆਪਣੇ ਹੱਕ ਤੋਂ ਵਾਂਝਾ ਨਾ ਕੀਤਾ ਜਾਵੇ। ਹੁਣ ਲੋੜ ਹੈ ਕਿ ਨੀਤੀ ਨੂੰ ਮਨੁੱਖੀ ਅਤੇ ਬਰਾਬਰੀ ਦੇ ਨਜ਼ਰੀਏ ਨਾਲ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਮੇਟੀ ਵਲੋਂ ਪੰਜਾਬ ਸਰਕਾਰ ਨੂੰ ਸਪੱਸ਼ਟ ਤੌਰ ’ਤੇ ਲਿਖਿਆ ਗਿਆ ਹੈ ਕਿ ਲਿੰਗ ਦੇ ਆਧਾਰ ’ਤੇ ਕਿਸੇ ਨਾਲ ਵੀ ਵਿਤਕਰਾ ਨਹੀਂ ਹੋਣਾ ਚਾਹੀਦਾ। ਇਸ ਦੇ ਨਾਲ ਹੀ ਇਹ ਵੀ ਫੈਸਲਾ ਕੀਤਾ ਗਿਆ ਕਿ ਮ੍ਰਿਤਕ ਕਰਮਚਾਰੀ ਦੀ ਤਨਖਾਹ ਵਿਚੋਂ 25 ਫੀਸਦੀ ਹਿੱਸਾ ਜਿੰਦਾ ਮਾਤਾ ਜਾਂ ਪਿਤਾ ਨੂੰ ਮਿਲਣ ਦੀ ਵਿਵਸਥਾ ਕੀਤੀ ਜਾਵੇ, ਤਾਂ ਜੋ ਬੁਢਾਪੇ ਵਿਚ ਉਨ੍ਹਾਂ ਦੀ ਆਰਥਿਕ ਸੁਰੱਖਿਆ ਯਕੀਨੀ ਬਣ ਸਕੇ। ਉਨ੍ਹਾਂ ਕਿਹਾ ਕਿ ਧੀ ਵੀ ਪਰਿਵਾਰ ਦਾ ਸਹਾਰਾ ਬਣ ਸਕਦੀ ਹੈ। ਸਗੋਂ ਹੱਕ ਲਿੰਗ ਦੇ ਆਧਾਰ ’ਤੇ ਨਹੀਂ, ਲੋੜ ਅਤੇ ਨਿਆਂ ਦੇ ਆਧਾਰ ’ਤੇ ਮਿਲਣਾ ਚਾਹੀਦਾ ਹੈ।