ਗੈਰ-ਵਿੱਦਿਅਕ ਡਿਊਟੀਆਂ ਨੇ ਪੜ੍ਹਾਈ ਤੇ ਖੇਡ ਮੁਕਾਬਲਿਆਂ ਨੂੰ ਕੀਤਾ ਬੁਰੀ ਤਰ੍ਹਾਂ ਪ੍ਰਭਾਵਿਤ-ਬਲਾਕ ਆਗੂ
ਕੁਹਾੜਾ, 10 ਸਤੰਬਰ (ਸੰਦੀਪ ਸਿੰਘ ਕੁਹਾੜਾ)-ਬੀ. ਐੱਡ.
ਕੁਹਾੜਾ, 10 ਸਤੰਬਰ (ਸੰਦੀਪ ਸਿੰਘ ਕੁਹਾੜਾ)-ਬੀ. ਐੱਡ. ਅਧਿਆਪਕ ਫ਼ਰੰਟ ਦੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਨੇ ਕਿਹਾ ਕਿ ਅਧਿਆਪਕਾਂ ਦੀਆਂ ਲਗਾਤਾਰ ਲਗਾਈਆਂ ਜਾ ਰਹੀਆਂ ਗੈਰ-ਵਿੱਦਿਅਕ ਡਿਊਟੀਆਂ ਕਾਰਨ ਸਕੂਲਾਂ ਵਿਚ ਬੱਚਿਆਂ ਦੀ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਦੀਆਂ ਖੇਡ ਗਤੀਵਿਧੀਆਂ ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਕਈ ਅਧਿਆਪਕ ਗੈਰ-ਵਿੱਦਿਅਕ ਡਿਊਟੀਆਂ ਕਾਰਨ ਸਕੂਲਾਂ ਤੋਂ ਬਾਹਰ ਸਨ, ਪਰ ਹੁਣ ਰਾਸ਼ਨ ਕਾਰਡਾਂ ਨਾਲ ਸਬੰਧਿਤ ਡਿਊਟੀਆਂ ਲੱਗਣ ਕਾਰਨ ਬਾਕੀ ਰਹਿੰਦੇ ਅਧਿਆਪਕ ਵੀ ਸਕੂਲਾਂ ਤੋਂ ਬਾਹਰ ਜਾਣ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਪੇਪਰ ਸ਼ੁਰੂ ਹੋ ਚੁੱਕੇ ਹਨ, ਪਰ ਅਧਿਆਪਕਾਂ ਦੀਆਂ ਡਿਊਟੀਆਂ ਸਕੂਲਾਂ ਤੋਂ ਬਾਹਰ ਲੱਗਣ ਕਾਰਨ ਪੇਪਰ ਕਰਵਾਉਣ ਅਤੇ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਗੰਭੀਰ ਸਥਿਤੀ ਬਣੀ ਹੋਈ ਹੈ। ਬਲਾਕ ਪ੍ਰਧਾਨ ਨੇ ਕਿਹਾ ਕਿ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿਚ ਸੈਂਟਰ ਅਤੇ ਬਲਾਕ ਪੱਧਰ ‘ਤੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ, ਗੈਰ-ਵਿੱਦਿਅਕ ਡਿਊਟੀਆਂ ਕਾਰਨ ਇਨ੍ਹਾਂ ਮੁਕਾਬਲਿਆਂ ਲਈ ਵੀ ਅਧਿਆਪਕਾਂ ਦੀ ਘਾਟ ਮਹਿਸੂਸ ਹੋ ਰਹੀ ਹੈ। ਲੰਬੇ ਸਮੇਂ ਤੋਂ ਵੱਖ-ਵੱਖ ਡਿਊਟੀਆਂ ਵਿਚ ਰੁੱਝੇ ਹੋਣ ਕਾਰਨ ਅਧਿਆਪਕ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੀ ਢੁਕਵੀਂ ਤਿਆਰੀ ਵੀ ਨਹੀਂ ਕਰਵਾ ਸਕੇ, ਜਿਸ ਕਾਰਨ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਵਿਦਿਆਰਥੀਆਂ ਦੇ ਭਵਿੱਖ ਅਤੇ ਸਿੱਖਿਆ ਦੇ ਹਿਤਾਂ ਨੂੰ ਧਿਆਨ ਵਿਚ ਰੱਖਦਿਆਂ ਅਧਿਆਪਕਾਂ ਤੋਂ ਗੈਰ-ਵਿੱਦਿਅਕ ਕੰਮ ਲੈਣੇ ਬੰਦ ਕੀਤੇ ਜਾਣ ਤਾਂ ਜੋ ਸਰਕਾਰੀ ਸਕੂਲਾਂ ਦੇ ਅਧਿਆਪਕ ਆਪਣਾ ਪੂਰਾ ਸਮਾਂ ਬੱਚਿਆਂ ਦੀ ਪੜ੍ਹਾਈ ਅਤੇ ਖੇਡ ਗਤੀਵਿਧੀਆਂ ਲਈ ਦੇ ਸਕਣ। 09 ਖੰਨਾ24 ਬਲਾਕ ਪ੍ਰਧਾਨ ਜਸਵਿੰਦਰ ਸਿੰਘ ਦੀ ਤਸਵੀਰ।