ਐੱਸ . ਬੀ . ਐੱਸ . ਸਟੇਟ ਯੂਨੀਵਰਸਿਟੀ ਦੇ ਵੀ . ਸੀ ਪ੍ਰੋ . ਸੁਰੇਸ਼ ਕੁਮਾਰ ਸ਼ਰਮਾ ਗਰੇਵਾਲ ਆਈ ਇੰਸਟੀਚਿਊਟ ਦੀ ਐਥਿਕਸ ਕਮੇਟੀ ਦੇ ਚੇਅਰਪਰਸਨ ਨਿਯੁਕਤ
ਫ਼ਿਰੋਜ਼ਪੁਰ, 27 ਨਵੰਬਰ (ਗੁਰਿੰਦਰ ਸਿੰਘ)-ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਦੇ ਵਾਈਸ-ਚਾਂਸਲਰ ਪ੍ਰੋ. (ਡਾ.)
ਫ਼ਿਰੋਜ਼ਪੁਰ, 27 ਨਵੰਬਰ (ਗੁਰਿੰਦਰ ਸਿੰਘ)-ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਦੇ ਵਾਈਸ-ਚਾਂਸਲਰ ਪ੍ਰੋ. (ਡਾ.) ਸੁਰੇਸ਼ ਕੁਮਾਰ ਸ਼ਰਮਾ ਨੂੰ ਗਰੇਵਾਲ ਆਈ ਇੰਸਟੀਚਿਊਟ ਚੰਡੀਗੜ੍ਹ ਦੀ ਐਥਿਕਸ ਕਮੇਟੀ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਮੈਡੀਕਲ ਸਾਇੰਸਜ਼ ਅਤੇ ਜੈਨੇਟਿਕ ਖੋਜ ਦੇ ਖੇਤਰ ਵਿਚ ਉਨ੍ਹਾਂ ਦੇ ਵਿਸ਼ੇਸ਼ ਯੋਗਦਾਨ ਦੇ ਮੱਦੇਨਜ਼ਰ ਮਿਲੀ ਇਸ ਨਿਯੁਕਤੀ ਨੂੰ ਯੂਨੀਵਰਸਿਟੀ ਲਈ ਮਾਣ ਵਾਲੀ ਪ੍ਰਾਪਤੀ ਮੰਨਿਆ ਜਾ ਰਿਹਾ ਹੈ। ਇਸ ਸਬੰਧੀ ਗਰੇਵਾਲ ਆਈ ਇੰਸਟੀਚਿਊਟ ਵਲੋਂ ‘ਗੁੱਡ ਕਲੀਨੀਕਲ ਪ੍ਰੈਕਟਿਸ ਐਸੈਂਸ਼ੀਅਲਜ਼: ਨੈਵੀਗੇਟਿੰਗ ਰਿਸਰਚ ਕੰਪਲਾਇੰਸ’ ਵਿਸ਼ੇ ’ਤੇ ਕਰਵਾਏ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਦੌਰਾਨ ਪ੍ਰੋ. ਸ਼ਰਮਾ ਨੂੰ ਰਸਮੀ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਅਤੇ ਸੀ.ਈ.ਓ ਡਾ. ਐੱਸ.ਪੀ.ਐੱਸ. ਗਰੇਵਾਲ, ਪੀ.ਜੀ.ਆਈ.ਐੱਮ.ਈ.ਆਰ ਚੰਡੀਗੜ੍ਹ ਦੇ ਸਾਬਕਾ ਡਾਇਰੈਕਟਰ ਪ੍ਰੋ. ਜਗਤ ਰਾਮ ਅਤੇ ਅੱਖਾਂ ਦੇ ਮਾਹਿਰ ਪ੍ਰੋ. ਐੱਮ.ਆਰ. ਡੋਗਰਾ ਨੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਸਿਖਲਾਈ ਪ੍ਰੋਗਰਾਮ ਦੌਰਾਨ ਕਲੀਨੀਕਲ ਖੋਜ ਵਿਚ ਨੈਤਿਕ ਮਾਪਦੰਡਾਂ, ਰੈਗੂਲੇਟਰੀ ਨਿਯਮਾਂ, ਮਰੀਜ਼ਾਂ ਦੀ ਸੁਰੱਖਿਆ ਅਤੇ ਸੰਸਥਾਗਤ ਐਥਿਕਸ ਕਮੇਟੀਆਂ ਦੀਆਂ ਜ਼ਿੰਮੇਵਾਰੀਆਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ, ਨਿਊ ਚੰਡੀਗੜ੍ਹ ਦੇ ਡਾ.ਸੰਕਲਪ ਸੰਚੇਤੀ ਨੇ ਕਲੀਨੀਕਲ ਖੋਜ ਵਿਚ ਗੁਣਵੱਤਾ ਦੇ ਮਹੱਤਵ ਬਾਰੇ ਜਾਣਕਾਰੀ ਭਰਪੂਰ ਭਾਸ਼ਣ ਦਿੱਤਾ। ਪ੍ਰੋ. ਸ਼ਰਮਾ ਦੀ ਇਸ ਪ੍ਰਾਪਤੀ ’ਤੇ ਯੂਨੀਵਰਸਿਟੀ ਦੇ ਸਮੂਹ ਅਧਿਆਪਕਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਉਨ੍ਹਾਂ ਦੀ ਅਗਵਾਈ ਹੇਠ ਨੈਤਿਕ ਖੋਜ ਅਤੇ ਬਾਇਓਮੈਡੀਕਲ ਖੇਤਰ ਵਿਚ ਸਾਂਝੇ ਯਤਨਾਂ ਨੂੰ ਹੋਰ ਉਤਸ਼ਾਹ ਮਿਲੇਗਾ।