ਕਸਬਾ ਮਮਦੋਟ ਵਿਚ ਮੁੱਖ ਸੜਕ ’ਤੇ ਬੇਤਰਤੀਬੇ ਵਾਹਨ ਖੜ੍ਹਨ ਕਾਰਨ ਰੋਜ਼ਾਨਾ ਲੱਗਦੈ ਜਾਮ
ਐਮਰਜੈਂਸੀ ਸੇਵਾ ਲਈ ਜਾ ਰਹੀ ਐਂਬੂਲੈਂਸ ਵੀ ਫਸੀ ਜਾਮ ਵਿਚ
ਮਮਦੋਟ, 3 ਨਵੰਬਰ (ਸੁਖਦੇਵ ਸਿੰਘ ਸੰਗਮ)-ਸਰਹੱਦੀ ਸ਼ਹਿਰ ਮਮਦੋਟ ਦੀ ਮੁੱਖ ਸੜਕ ਕਿਨਾਰੇ ਖੜਦੇ ਬੇਤਰਤੀਬੇ ਵਾਹਨਾਂ ਅਤੇ ਨਜਾਇਜ਼ ਕਬਜ਼ਿਆਂ ਕਾਰਨ ਰੋਜ਼ਾਨਾ ਲੱਗਦੇ ਜਾਂਮ ਨਾਲ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟ੍ਰੈਫਿਕ ਦੀ ਇਸ ਸਮੱਸਿਆ ਦਾ ਗੰਭੀਰ ਪਹਿਲੂ ਉਸ ਸਮੇਂ ਸਾਹਮਣੇ ਆਇਆ ਜਦੋਂ ਸੋਮਵਾਰ ਨੂੰ ਮਾਈ ਭੋਲੀ ਚੌਂਕ ਵਾਲੇ ਪਾਸਿਓਂ ਐਮਰਜੈਂਸੀ ਸੇਵਾ ਲਈ ਜਾ ਰਹੀ ਇਕ ਐਂਬੂਲੈਂਸ ਕਿੰਨੀ ਦੇਰ ਤੱਕ ਜਾਮ ਵਿਚ ਫਸੀ ਰਹੀ।
ਮਮਦੋਟ, 3 ਨਵੰਬਰ (ਸੁਖਦੇਵ ਸਿੰਘ ਸੰਗਮ)-ਸਰਹੱਦੀ ਸ਼ਹਿਰ ਮਮਦੋਟ ਦੀ ਮੁੱਖ ਸੜਕ ਕਿਨਾਰੇ ਖੜਦੇ ਬੇਤਰਤੀਬੇ ਵਾਹਨਾਂ ਅਤੇ ਨਜਾਇਜ਼ ਕਬਜ਼ਿਆਂ ਕਾਰਨ ਰੋਜ਼ਾਨਾ ਲੱਗਦੇ ਜਾਂਮ ਨਾਲ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟ੍ਰੈਫਿਕ ਦੀ ਇਸ ਸਮੱਸਿਆ ਦਾ ਗੰਭੀਰ ਪਹਿਲੂ ਉਸ ਸਮੇਂ ਸਾਹਮਣੇ ਆਇਆ ਜਦੋਂ ਸੋਮਵਾਰ ਨੂੰ ਮਾਈ ਭੋਲੀ ਚੌਂਕ ਵਾਲੇ ਪਾਸਿਓਂ ਐਮਰਜੈਂਸੀ ਸੇਵਾ ਲਈ ਜਾ ਰਹੀ ਇਕ ਐਂਬੂਲੈਂਸ ਕਿੰਨੀ ਦੇਰ ਤੱਕ ਜਾਮ ਵਿਚ ਫਸੀ ਰਹੀ। ਜਾਣਕਾਰੀ ਅਨੁਸਾਰ ਸੜਕ ਉੱਪਰ ਲੱਗੇ ਲੰਬੇ ਜਾਮ ਕਾਰਨ ਐਂਬੂਲੈਂਸ ਨੂੰ ਅੱਗੇ ਲੰਘਣ ਲਈ ਰਸਤਾ ਨਹੀਂ ਮਿਲ ਰਿਹਾ ਸੀ ਅਤੇ ਐਂਬੂਲੈਂਸ ਡਰਾਈਵਰ ਦੁਆਰਾ ਲਗਾਤਾਰ ਵਜਾਏ ਗਏ ਹੂਟਰ ਅਤੇ ਲੋਕਾਂ ਵਲੋਂ ਕੀਤੀ ਗਈ ਪਹਿਲਕਦਮੀ ਨਾਲ ਕਾਫੀ ਮੁਸ਼ੱਕਤ ਤੋਂ ਬਾਅਦ ਐਂਬੂਲੈਂਸ ਨੂੰ ਅੱਗੇ ਜਾਣ ਲਈ ਰਸਤਾ ਮਿਲ ਸਕਿਆ। ਇਸ ਘਟਨਾ ਨੇ ਜਿੱਥੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਅਤੇ ਸੜਕਾਂ ਉੱਪਰ ਹੋਏ ਨਜਾਇਜ਼ ਕਬਜ਼ਿਆਂ ਦੀ ਸਮੱਸਿਆ ਨੂੰ ਮੁੜ ਉਜਾਗਰ ਕੀਤਾ ਹੈ ਉੱਥੇ ਹੀ ਸਥਾਨਕ ਪੁਲਿਸ ਦੀ ਟ੍ਰੈਫਿਕ ਨੂੰ ਸੁਚਾਰੂ ਬਣਾਉਣ ਲਈ ਕੀਤੀ ਜਾਂਦੀ ਨਾਂਹਪੱਖੀ ਕਾਰਵਾਈ ਦੀ ਵੀ ਚਰਚਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਦੀ ਇਸ ਮੁੱਖ ਸੜਕ ਦੇ ਦੋਵੇਂ ਪਾਸੇ ਦੁਕਾਨਦਾਰਾਂ ਵਲੋਂ ਅੱਗੇ ਵਧਾ ਕੇ ਸਮਾਨ ਰੱਖਿਆ ਜਾਂਦਾ ਹੈ ਅਤੇ ਸ਼ਹਿਰ ਵਿਚ ਖ਼ਰੀਦਦਾਰੀ ਕਰਨ ਲਈ ਆਉਂਦੇ ਗ੍ਰਾਹਕਾਂ ਦੁਆਰਾ ਆਪਣੇ ਵਾਹਨਾਂ ਨੂੰ ਦੁਕਾਨਾਂ ਮੂਹਰੇ ਬੇਤਰਤੀਬ ਤਰੀਕੇ ਨਾਲ ਖੜ੍ਹਾ ਕੀਤਾ ਜਾਂਦਾ ਹੈ ਜਿਸ ਕਾਰਨ ਅਤੇ ਝੋਨੇ ਦੀ ਫ਼ਸਲ ਦੀ ਢੋਆ ਢੁਆਈ ਦੇ ਚੱਲਦਿਆਂ ਅਕਸਰ ਜਾਂਮ ਵਰਗੀ ਸਥਿਤੀ ਬਣੀਂ ਰਹਿੰਦੀ ਹੈ। ਜ਼ਿਕਰਯੋਗ ਹੈ ਕਿ ਕਸਬਾ ਮਮਦੋਟ ਵਿਖੇ ਦੋ ਪਹੀਆ ਵਾਹਨਾਂ ਤੋਂ ਲੈ ਕੇ ਵੱਡੇ ਵਹੀਕਲਾਂ ਵਾਸਤੇ ਸਰਕਾਰੀ ਜਾਂ ਨਿੱਜੀ ਪਾਰਕਿੰਗ ਦੀ ਸਹੂਲਤ ਨਹੀਂ ਹੈ ਜੋ ਕਿ ਟ੍ਰੈਫਿਕ ਜਾਮ ਦਾ ਇਕ ਵੱਡਾ ਕਾਰਨ ਬਣਦੀ ਹੈ। ਲੋਕਾਂ ਨੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਸੜਕ ’ਤੇ ਟ੍ਰੈਫਿਕ ਵਿਚ ਰੁਕਾਵਟ ਪੈਦਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਸ਼ਹਿਰ ਦੇ ਮੁੱਖ ਚੌਕਾਂ ਅਤੇ ਭੀੜ-ਭੜੱਕੇ ਵਾਲੀਆਂ ਸੜਕਾਂ ਉੱਪਰ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੀ ਪੱਕੇ ਤੌਰ ’ਤੇ ਤਾਇਨਾਤੀ ਕੀਤੀ ਜਾਵੇ, ਤਾਂ ਜੋ ਜਾਮ ਦੀ ਸਮੱਸਿਆ ਤੋਂ ਲੋਕਾਂ ਨੂੰ ਨਿਜਾਤ ਮਿਲ ਸਕੇ।