ਵਿਰਸਾ ਸੰਭਾਲ ਮੁਹਿੰਮ ਤਹਿਤ ਐੱਸ.ਐੱਮ.ਡੀ. ਸਕੂਲ ਪਿੰਡੀ ਵਿਖੇ ਗੁਰਮਤਿ ਸਮਾਗਮ ਕਰਵਾਇਆ
ਆਪਣੇ ਘਰ ਤੋਂ ਸ਼ੁਰੂਆਤ ਕਰਕੇ ਪਿੰਡਾਂ ਦੇ ਲੋੜਵੰਦ ਪਰਿਵਾਰਾਂ ਦੀ ਬਾਂਹ ਫੜਨ ਦਾ ਸੱਦਾ
ਗੋਲੂ ਕਾ ਮੋੜ, 3 ਨਵੰਬਰ (ਸੁਰਿੰਦਰ ਸਿੰਘ ਪੁਪਨੇਜਾ)-ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨ ਦੇ ਉਦੇਸ਼ ਨਾਲ ਵਿਰਸਾ ਸੰਭਾਲ ਮੁਹਿੰਮ ਤਹਿਤ ਐੱਸ. ਐੱਮ.
ਗੋਲੂ ਕਾ ਮੋੜ, 3 ਨਵੰਬਰ (ਸੁਰਿੰਦਰ ਸਿੰਘ ਪੁਪਨੇਜਾ)-ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨ ਦੇ ਉਦੇਸ਼ ਨਾਲ ਵਿਰਸਾ ਸੰਭਾਲ ਮੁਹਿੰਮ ਤਹਿਤ ਐੱਸ.ਐੱਮ.ਡੀ. ਸਮਾਰਟ ਸਕੂਲ ਪਿੰਡੀ ਵਿਖੇ ’ਮੇਰਾ ਵਿਰਸਾ, ਮੇਰਾ ਧਰਮ, ਰੱਖਿਆ ਕਰਨਾ ਮੇਰਾ ਕਰਮ’ ਦੇ ਸੰਦੇਸ਼ ਤਹਿਤ ਵਿਸ਼ਾਲ ਗੁਰਮਤਿ ਸਮਾਗਮ ਵਿਰਸਾ ਸੰਭਾਲ ਟਰੱਸਟ ਦੇ ਜ਼ਿਲ੍ਹਾ ਸੰਯੋਜਕ ਅਸ਼ੋਕ ਬਹਿਲ ਦੀ ਅਗਵਾਈ ਵਿਚ ਕਰਵਾਇਆ ਗਿਆ। ਇਸ ਮੌਕੇ ’ਹਰ ਘਰ ਗੁਰਮਤਿ’ ਵਿਸ਼ੇ ’ਤੇ ਵਿਚਾਰ-ਗੋਸ਼ਟੀ ਵੀ ਕਰਵਾਈ ਗਈ, ਜਿਸ ਵਿਚ ਧਾਰਮਿਕ ਸ਼ਖ਼ਸੀਅਤਾਂ ਅਤੇ ਇਲਾਕੇ ਦੀਆਂ ਪ੍ਰਮੁੱਖ ਹਸਤੀਆਂ ਨੇ ਸ਼ਮੂਲੀਅਤ ਕਰਦਿਆਂ ਧਾਰਮਿਕ ਸਦਭਾਵਨਾ, ਆਪਸੀ ਭਾਈਚਾਰੇ ਅਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ’ਤੇ ਚੱਲਣ ਦਾ ਸੰਦੇਸ਼ ਦਿੱਤਾ। ਇਸ ਸਮਾਗਮ ਵਿਚ ਬਾਬਾ ਹਰਮੇਸ਼ ਦਾਸ ਡੇਰਾ ਬਾਬਾ ਰਾਮ ਥੰਮਣ, ਸੰਤ ਬਾਬਾ ਰਾਜਿੰਦਰ ਸਿੰਘ ਗੱਦੀਨਸ਼ੀਨ ਡੇਰਾ ਸ੍ਰੀ ਭਜਨਗੜ੍ਹ ਸਾਹਿਬ ਗੋਲੂ ਕਾ ਮੋੜ ਅਤੇ ਵਿਰਸਾ ਸੰਭਾਲ ਟਰੱਸਟ ਦੇ ਸਰਪ੍ਰਸਤ ਸ੍ਰੀ ਰਾਮ ਗੋਪਾਲ ਵਿਸ਼ੇਸ਼ ਤੌਰ ’ ਤੇ ਸ਼ਾਮਲ ਹੋਏ। ਇਸ ਮੌਕੇ ਡਾ.ਨਰਿੰਦਰ ਸਿੰਘ ਨੇ ਕਿਹਾ ਕਿ ਗੁਰਮਤਿ ਦੇ ਸਿਧਾਂਤ ਮਨੁੱਖ ਨੂੰ ਸੇਵਾ, ਨਿਮਰਤਾ, ਪ੍ਰੇਮ ਅਤੇ ਸਾਂਝੀਵਾਲਤਾ ਦਾ ਸੰਦੇਸ਼ ਦਿੰਦੇ ਹਨ। ਸਕੂਲ ਸਿਰਫ਼ ਸਿੱਖਿਆ ਦੇਣ ਵਾਲੇ ਅਦਾਰੇ ਨਹੀਂ, ਸਗੋਂ ਭਵਿੱਖ ਦੇ ਜ਼ਿੰਮੇਵਾਰ ਨਾਗਰਿਕ ਅਤੇ ਆਗੂ ਤਿਆਰ ਕਰਨ ਦੇ ਕੇਂਦਰ ਹਨ। ਬੱਚਿਆਂ ਨੂੰ ਅਜਿਹੇ ਸੰਸਕਾਰ ਦੇਣੇ ਚਾਹੀਦੇ ਹਨ ਕਿ ਉਹ ਆਪਣੇ ਸਿਧਾਂਤਾਂ ’ਤੇ ਦ੍ਰਿੜ੍ਹ ਰਹਿਣ। ਉਨ੍ਹਾਂ ਗੁਰਬਾਣੀ ਦੀ ਪੰਕਤੀ ’ਅਵਲਿ ਅਲਹ ਨੂਰੁ ਉਪਾਇਆ, ਕੁਦਰਤਿ ਕੇ ਸਭ ਬੰਦੇ’ ਦਾ ਹਵਾਲਾ ਦਿੰਦਿਆਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਧਰਮ ਵਿਚ ਪੱਕਾ ਰਹਿੰਦਿਆਂ ਦੂਜੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਸਮੂਹ ਵਰਗਾਂ ਨੂੰ ਪੰਜਾਬ, ਪੰਜਾਬੀਅਤ ਅਤੇ ਗੁਰਸਿੱਖੀ ਦੀਆਂ ਪਰੰਪਰਾਵਾਂ ਦੀ ਸੰਭਾਲ ਲਈ ਇੱਕਜੁੱਟ ਹੋਣ ਅਤੇ ਆਪਣੇ ਪਿੰਡਾਂ ਦੇ ਲੋੜਵੰਦ ਲੋਕਾਂ ਦੀ ਬਾਂਹ ਫੜਨ ਦੀ ਅਪੀਲ ਕੀਤੀ। ਇਸ ਮੌਕੇ ਰਮੇਸ਼ ਕੰਬੋਜ ਸੋਨੂੰ ਸਰਪੰਚ ਪੰਜੇ ਕੇ ਨੇ ਕਿਹਾ ਕਿ ਸਰਹੱਦੀ ਪੱਟੀ ਵਿਚ ਲਾਲਚ ਅਤੇ ਮਜਬੂਰੀਆਂ ਦੇ ਆਧਾਰ ’ਤੇ ਹੋ ਰਹੇ ਧਰਮ ਪਰਿਵਰਤਨ ਨੂੰ ਰੋਕਣ ਲਈ ਸਮੂਹ ਇਲਾਕਾ ਨਿਵਾਸੀਆਂ ਨੂੰ ਸਾਂਝੇ ਉਪਰਾਲੇ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਨਸ਼ਿਆਂ ਦੀ ਰੋਕਥਾਮ ਲਈ ਪਿੰਡ ਪੱਧਰ ’ਤੇ ਯਤਨ ਕੀਤੇ ਜਾਣੇ ਚਾਹੀਦੇ ਹਨ, ਉਸੇ ਤਰ੍ਹਾਂ ਇਸ ਮੁੱਦੇ ਸਬੰਧੀ ਵੀ ਲੋਕਾਂ ਨੂੰ ਜਾਗਰੂਕ ਕਰਨਾ ਜ਼ਰੂਰੀ ਹੈ। ਜਿਹੜੇ ਲੋਕ ਕਿਸੇ ਮਜਬੂਰੀ ਜਾਂ ਲਾਲਚ ਕਾਰਨ ਆਪਣਾ ਧਰਮ ਛੱਡ ਚੁੱਕੇ ਹਨ, ਉਨ੍ਹਾਂ ਨਾਲ ਸੰਵਾਦ ਰਚਾ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਲੱਭਣਾ ਚਾਹੀਦਾ ਹੈ। ਉਨ੍ਹਾਂ ਨੇ ਪ੍ਰਬੰਧਕਾਂ ਨੂੰ ਭਰੋਸਾ ਦਿਵਾਇਆ ਕਿ ਸਰਹੱਦੀ ਪੱਟੀ ਦੇ ਲੋਕ ਇਸ ਮੁਹਿੰਮ ਵਿਚ ਪੂਰਾ ਸਹਿਯੋਗ ਦੇਣਗੇ। ਇਸ ਮੌਕੇ ਵਿਰਸਾ ਸੰਭਾਲ ਟਰੱਸਟ ਦੇ ਸਰਪ੍ਰਸਤ ਸ੍ਰੀ ਰਾਮ ਗੋਪਾਲ ਨੇ ਕਿਹਾ ਕਿ ਗੁਰਮਤਿ ਦੇ ਸਿਧਾਂਤ ਮਨੁੱਖ ਨੂੰ ਸੇਵਾ, ਨਿਮਰਤਾ, ਪ੍ਰੇਮ, ਆਪਸੀ ਸਤਿਕਾਰ ਅਤੇ ਸਰਬਸਾਂਝੀਵਾਲਤਾ ਦਾ ਸੰਦੇਸ਼ ਦਿੰਦੇ ਹਨ। ਸਿਰਫ਼ ਧਾਰਮਿਕ ਵਿਚਾਰ ਸੁਣਨਾ ਹੀ ਕਾਫ਼ੀ ਨਹੀਂ, ਸਗੋਂ ਉਨ੍ਹਾਂ ਨੂੰ ਆਪਣੇ ਜੀਵਨ ਵਿਚ ਅਪਣਾਉਣਾ ਵੀ ਜ਼ਰੂਰੀ ਹੈ। ਉਨ੍ਹਾਂ ਨੇ ਲੋਕਾਂ ਨੂੰ ਆਪਣੇ ਘਰਾਂ ਤੋਂ ਹੀ ਸੇਵਾ ਦੀ ਸ਼ੁਰੂਆਤ ਕਰਦਿਆਂ ਪਿੰਡਾਂ ਦੇ ਲੋੜਵੰਦ ਪਰਿਵਾਰਾਂ ਦੀ ਬਾਂਹ ਫੜਨ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਵਿਚ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਸਮਾਗਮ ਦੌਰਾਨ ਭਾਜਪਾ ਆਗੂ ਦੀਪਕ ਸ਼ਰਮਾ, ਦੀਪਕ ਸਹਿਗਲ, ਅਜੇਪਾਲ ਸਿੰਘ, ਨਰੇਸ਼ ਸਿਕਰੀ, ਪੂਰਨ ਚੰਦ, ਰਾਧੇ ਸ਼ਾਮ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਚੈਨ ਸਿੰਘ ਸੋਢੀ ਅਤੇ ਸੇਵਾਮੁਕਤ ਐੱਸ.ਡੀ.ਓ. ਬਲਬੀਰ ਵੋਹਰਾ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਰਸਾ ਸੰਭਾਲ ਟਰੱਸਟ ਦੇ ਜ਼ਿਲ੍ਹਾ ਸੰਯੋਜਕ ਅਸ਼ੋਕ ਬਹਿਲ ਨੇ ਮੁਹਿੰਮ ਦੇ ਉਦੇਸ਼ਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਸਮਾਗਮ ਵਿਚ ਵੱਖ-ਵੱਖ ਪਿੰਡਾਂ ਦੇ ਪੰਚਾਂ, ਸਰਪੰਚਾਂ, ਪਤਵੰਤੇ ਸੱਜਣਾਂ ਅਤੇ ਸੰਗਤਾਂ ਨੇ ਸ਼ਮੂਲੀਅਤ ਕੀਤੀ।