ਤਿਉਹਾਰ ਦੇ ਸੀਜ਼ਨ ਦੇ ਮੱਦੇਨਜ਼ਰ ਫ਼ਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਅੰਦਰ ਫੂਡ ਸੇਫ਼ਟੀ ਵਿਭਾਗ ਦੀ ਚੈਕਿੰਗ ਮੁਹਿੰਮ ਤੇਜ਼
ਫ਼ਿਰੋਜ਼ਪੁਰ,3 ਨਵੰਬਰ (ਕੁਲਬੀਰ ਸਿੰਘ ਸੋਢੀ)-ਲੋਕਾਂ ਨੂੰ ਸਾਫ਼-ਸੁਥਰੇ, ਮਿਆਰੀ ਅਤੇ ਮਿਲਾਵਟ ਰਹਿਤ ਖਾਧ ਪਦਾਰਥ ਮੁਹੱਈਆ ਕਰਵਾਉਣ ਅਤੇ ਖ਼ਾਸ ਕਰਕੇ ਬੱਚਿਆਂ ਦੀ ਸਿਹਤ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਫੂਡ ਸੇਫ਼ਟੀ ਵਿਭਾਗ ਦੇ ਅਧਿਕਾਰੀ ਅਭਿਨਵ ਖੋਸਲਾ ਦੀ ਅਗਵਾਈ ਵਿਚ ਟੀਮ ਵਲੋਂ ਜ਼ਿਲ੍ਹੇ ਵਿਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਸਕੂਲਾਂ ਦੇ ਬਾਹਰ ਲੱਗਣ ਵਾਲੀਆਂ ਖਾਣ-ਪੀਣ ਦੀਆਂ ਰੇਹੜੀਆਂ ਤੋਂ ਲੈ ਕੇ ਹਲਵਾਈਆਂ ਦੀਆਂ ਦੁਕਾਨਾਂ, ਮਿਠਾਈਆਂ ਦੇ ਸ਼ੋਅਰੂਮਾਂ, ਡੇਅਰੀਆਂ ਅਤੇ ਗੋਦਾਮਾਂ ਦੀ ਜਾਂਚ ਕੀਤੀ ਗਈ।
ਤ
ਤਿਉਹਾਰ ਦੇ ਸੀਜ਼ਨ ਦੇ ਮੱਦੇਨਜ਼ਰ ਫ਼ਿਰੋਜ਼ਪੁਰ ਸ਼ਹਿਰ ਤੇ ਛਾਉਣੀ ਅੰਦਰ ਫੂਡ ਸੇਫ਼ਟੀ ਵਿਭਾਗ ਵਲੋਂ ਕੀਤੀ ਗਈ ਚੈਕਿੰਗ ਦੀਆਂ ਤਸਵੀਰ। ਅਜੀਤ ਤਸਵੀਰ
04-11-2026
ਫ਼ਿਰੋਜ਼ਪੁਰ,3 ਨਵੰਬਰ (ਕੁਲਬੀਰ ਸਿੰਘ ਸੋਢੀ)-ਲੋਕਾਂ ਨੂੰ ਸਾਫ਼-ਸੁਥਰੇ, ਮਿਆਰੀ ਅਤੇ ਮਿਲਾਵਟ ਰਹਿਤ ਖਾਧ ਪਦਾਰਥ ਮੁਹੱਈਆ ਕਰਵਾਉਣ ਅਤੇ ਖ਼ਾਸ ਕਰਕੇ ਬੱਚਿਆਂ ਦੀ ਸਿਹਤ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਫੂਡ ਸੇਫ਼ਟੀ ਵਿਭਾਗ ਦੇ ਅਧਿਕਾਰੀ ਅਭਿਨਵ ਖੋਸਲਾ ਦੀ ਅਗਵਾਈ ਵਿਚ ਟੀਮ ਵਲੋਂ ਜ਼ਿਲ੍ਹੇ ਵਿਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਸਕੂਲਾਂ ਦੇ ਬਾਹਰ ਲੱਗਣ ਵਾਲੀਆਂ ਖਾਣ-ਪੀਣ ਦੀਆਂ ਰੇਹੜੀਆਂ ਤੋਂ ਲੈ ਕੇ ਹਲਵਾਈਆਂ ਦੀਆਂ ਦੁਕਾਨਾਂ, ਮਿਠਾਈਆਂ ਦੇ ਸ਼ੋਅਰੂਮਾਂ, ਡੇਅਰੀਆਂ ਅਤੇ ਗੋਦਾਮਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਵਿਭਾਗ ਵਲੋਂ ਰੰਗਾਂ ਨਾਲ ਤਿਆਰ ਕੀਤੀ ਕਾਟਨ ਕੈਂਡੀ ਦੇ ਲਗਭਗ 100 ਪੀਸ ਜ਼ਬਤ ਕਰਕੇ ਨਸ਼ਟ ਕਰਵਾਏ ਗਏ, ਜਦਕਿ ਬਸਤੀ ਟੈਂਕਾਂ ਵਾਲੀ ਇਲਾਕੇ ਵਿਚ ਇਕ ਹਲਵਾਈ ਦੀ ਦੁਕਾਨ ਤੋਂ ਕਰੀਬ 40 ਕਿੱਲੋ ਲਾਲ ਰੰਗ ਵਾਲੀਆਂ ਅਤੇ ਅਣਸੁਰੱਖਿਅਤ ਮਿਠਾਈਆਂ ਨਸ਼ਟ ਕਰਵਾਈਆਂ ਗਈਆਂ ਅਤੇ ਸਫ਼ਾਈ ਦੀਆਂ ਖ਼ਾਮੀਆਂ ਕਾਰਨ ਦੁਕਾਨਦਾਰ ਦਾ ਚਲਾਨ ਵੀ ਕੀਤਾ ਗਿਆ। ਇਸੇ ਮੁਹਿੰਮ ਤਹਿਤ ਲਕਸ਼ਮੀ ਸਵੀਟ ਸ਼ਾਪ ਦੀ ਅਚਨਚੇਤ ਜਾਂਚ ਦੌਰਾਨ ਮਿਠਾਈਆਂ ਤਿਆਰ ਕਰਨ ਵਾਲੀ ਜਗ੍ਹਾ ’ਤੇ ਸਫ਼ਾਈ ਦੀਆਂ ਗੰਭੀਰ ਕਮੀਆਂ ਸਾਹਮਣੇ ਆਈਆਂ। ਇੱਥੇ ਲਗਭਗ ਚਾਰ ਕੁਇੰਟਲ ਖੋਆ ਫਰੀਜ਼ਰ ਵਿਚ ਸਟੋਰ ਕੀਤਾ ਹੋਇਆ ਮਿਲਿਆ, ਜਿਸ ਵਿਚੋਂ ਵਿਭਾਗ ਦੀ ਟੀਮ ਨੇ ਖੋਏ ਦਾ ਸੈਂਪਲ ਲੈ ਕੇ ਜਾਂਚ ਲਈ ਭੇਜਿਆ। ਵਿਭਾਗ ਅਨੁਸਾਰ ਸੈਂਪਲ ਦੀ ਰਿਪੋਰਟ ਆਉਣ ਉਪਰੰਤ ਨਤੀਜਿਆਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਫ਼ਿਰੋਜ਼ਪੁਰ ਕੈਂਟ ਸਥਿਤ ਨਿਵੇਦਿਅਮ ਮਿਠਾਈ ਦੀ ਦੁਕਾਨ ਵਿਖੇ ਵੀ ਸਵੇਰੇ ਵਿਸ਼ੇਸ਼ ਚੈਕਿੰਗ ਕਰਕੇ ਖੋਏ ਦਾ ਸੈਂਪਲ ਲਿਆ ਗਿਆ। ਇਸ ਦੌਰਾਨ ਦੁਕਾਨਦਾਰ ਨੂੰ ਸਫ਼ਾਈ, ਨਿੱਜੀ ਸਵੱਛਤਾ, ਮਿਆਰੀ ਕੱਚੇ ਮਾਲ ਦੀ ਵਰਤੋਂ ਅਤੇ ਖੁਰਾਕੀ ਵਸਤਾਂ ਦੀ ਸਹੀ ਸਟੋਰੇਜ ਸਬੰਧੀ ਨਿਯਮਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ। ਇਸੇ ਤਰ੍ਹਾਂ ਬਾਵਾ ਡੇਅਰੀ ਐਂਡ ਸਵੀਟਸ ਦੇ ਗੋਦਾਮ ਅਤੇ ਸਟੋਰੇਜ ਏਰੀਏ ਦੀ ਵੀ ਵਿਸ਼ੇਸ਼ ਜਾਂਚ ਕੀਤੀ ਗਈ। ਇਸ ਮੌਕੇ ਦੁਕਾਨ ਵਲੋਂ ਤਿਆਰ ਕੀਤੀ ਜਾ ਰਹੀ ਵਰਕ ਵਾਲੀ ਕਾਜੂ ਕਤਲੀ ਦਾ ਸੈਂਪਲ ਲਿਆ ਗਿਆ, ਜਿਸ ਰਾਹੀਂ ਇਸ ਉੱਪਰ ਵਰਤੀ ਜਾ ਰਹੀ ਚਾਂਦੀ ਦੀ ਵਰਕ ਦੀ ਗੁਣਵੱਤਾ ਅਤੇ ਖੁਰਾਕੀ ਸੁਰੱਖਿਆ ਮਾਪਦੰਡਾਂ ਦੀ ਜਾਂਚ ਕੀਤੀ ਜਾਵੇਗੀ। ਵਿਭਾਗ ਵਲੋਂ ਇਨ੍ਹਾਂ ਸਾਰੀਆਂ ਕਾਰਵਾਈਆਂ ਦੌਰਾਨ ਦੁਕਾਨਦਾਰਾਂ ਅਤੇ ਖਾਣ-ਪੀਣ ਦੀਆਂ ਵਸਤਾਂ ਵੇਚਣ ਵਾਲਿਆਂ ਨੂੰ ਸਖ਼ਤ ਹਦਾਇਤ ਕੀਤੀ ਗਈ ਕਿ ਮਿਠਾਈਆਂ ਅਤੇ ਹੋਰ ਖੁਰਾਕੀ ਵਸਤਾਂ ਤਿਆਰ ਕਰਨ ਸਮੇਂ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਖਾਣ-ਪੀਣ ਵਾਲੀਆਂ ਵਸਤਾਂ ਵਿਚ ਸਿਰਫ਼ ਮਨਜ਼ੂਰਸ਼ੁਦਾ ਫੂਡ ਕਲਰ ਦੀ ਨਿਰਧਾਰਿਤ ਮਾਤਰਾ ਵਿਚ ਹੀ ਵਰਤੋਂ ਕੀਤੀ ਜਾਵੇ ਅਤੇ ਗੈਰ-ਮਨਜ਼ੂਰਸ਼ੁਦਾ ਰੰਗਾਂ ਜਾਂ ਹਾਨੀਕਾਰਕ ਪਦਾਰਥਾਂ ਦੀ ਵਰਤੋਂ ਤੋਂ ਪੂਰੀ ਤਰ੍ਹਾਂ ਗੁਰੇਜ਼ ਕੀਤਾ ਜਾਵੇ। ਇਸ ਤੋਂ ਇਲਾਵਾ ਮਿਠਾਈਆਂ ਨੂੰ ਢੱਕ ਕੇ ਰੱਖਣ, ਸਾਫ਼ ਬਰਤਨਾਂ ਦੀ ਵਰਤੋਂ ਕਰਨ ਅਤੇ ਫੂਡ ਸੇਫ਼ਟੀ ਲਾਇਸੈਂਸ ਅਤੇ ਰਜਿਸਟਰੇਸ਼ਨ ਸਬੰਧੀ ਨਿਯਮਾਂ ਦੀ ਪਾਲਣਾ ਕਰਨ ਲਈ ਵੀ ਕਿਹਾ ਗਿਆ।ਮਾਪਿਆਂ ਅਤੇ ਆਮ ਲੋਕਾਂ ਨੂੰ ਵੀ ਕੀਤਾ ਜਾਗਰੂਕ -ਫੂਡ ਸੇਫ਼ਟੀ ਵਿਭਾਗ ਵਲੋਂ ਮਾਪਿਆਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਬੱਚਿਆਂ ਨੂੰ ਸਕੂਲਾਂ ਦੇ ਬਾਹਰ ਵਿਕਣ ਵਾਲੀਆਂ ਖੁੱਲ੍ਹੀਆਂ ਅਤੇ ਬੇਹੱਦ ਚਮਕਦਾਰ ਰੰਗਾਂ ਵਾਲੀਆਂ ਖਾਣ-ਪੀਣ ਦੀਆਂ ਵਸਤਾਂ ਖ਼ਰੀਦ ਕੇ ਦੇਣ ਸਮੇਂ ਸਾਵਧਾਨੀ ਵਰਤਣ। ਇਸੇ ਤਰ੍ਹਾਂ ਮਿਠਾਈਆਂ ਖਰੀਦਣ ਸਮੇਂ ਸਿਰਫ਼ ਦੁਕਾਨ ਦੇ ਬਾਹਰੀ ਡਿਸਪਲੇਅ ਨੂੰ ਦੇਖ ਕੇ ਸੰਤੁਸ਼ਟ ਨਾ ਹੋਣ, ਸਗੋਂ ਮਿਠਾਈਆਂ ਤਿਆਰ ਕਰਨ ਵਾਲੀ ਜਗ੍ਹਾ ਦੀ ਸਫ਼ਾਈ ਅਤੇ ਉਨ੍ਹਾਂ ਦੀ ਗੁਣਵੱਤਾ ਵੱਲ ਵੀ ਧਿਆਨ ਦੇਣ। ਵਿਭਾਗ ਨੇ ਸਪਸ਼ਟ ਕੀਤਾ ਕਿ ਲੋਕਾਂ ਦੀ ਸਿਹਤ ਅਤੇ ਖ਼ਾਸ ਕਰਕੇ ਬੱਚਿਆਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਖੁਰਾਕੀ ਵਸਤਾਂ ਵਿਚ ਮਿਲਾਵਟ, ਗੰਦਗੀ, ਗੈਰ-ਮਨਜ਼ੂਰਸ਼ੁਦਾ ਰੰਗਾਂ ਦੀ ਵਰਤੋਂ ਅਤੇ ਫੂਡ ਸੇਫ਼ਟੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਫੂਡ ਸੇਫ਼ਟੀ ਐਂਡ ਸਟੈਂਡਰਡ ਐਕਟ, 2006 ਅਧੀਨ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਵਿਭਾਗ ਦਾ ਕਹਿਣਾ ਹੈ ਕਿ ਇਸ ਮੁਹਿੰਮ ਦਾ ਮਕਸਦ ਕਿਸੇ ਦੇ ਕਾਰੋਬਾਰ ਨੂੰ ਰੋਕਣਾ ਨਹੀਂ, ਸਗੋਂ ਇਹ ਯਕੀਨੀ ਬਣਾਉਣਾ ਹੈ ਕਿ ਸ਼ਹਿਰ ਅਤੇ ਜ਼ਿਲ੍ਹੇ ਦੇ ਹਰ ਖਪਤਕਾਰ, ਖ਼ਾਸ ਕਰਕੇ ਬੱਚਿਆਂ ਤੱਕ ਪਹੁੰਚਣ ਵਾਲੀ ਖ਼ੁਰਾਕ ਸਾਫ਼, ਸੁਰੱਖਿਅਤ ਅਤੇ ਮਿਆਰੀ ਹੋਵੇ।