ਭੋਗ ’ਤੇ ਵਿਸ਼ੇਸ਼ - ਸਟੇਟ ਐਵਾਰਡੀ ਇੰਦਰ ਸਿੰਘ ਗੋਗੀਆ
ਫ਼ਿਰੋਜ਼ਪੁਰ : ਸਮਾਜ ਸੇਵਾ ਨੂੰ ਸਮਰਪਿਤ ਫ਼ਿਰੋਜ਼ਪੁਰ ਦੀ ਉੱਘੀ ਸ਼ਖ਼ਸੀਅਤ ਤੇ ਸਟੇਟ ਐਵਾਰਡੀ ਸ. ਇੰਦਰ ਸਿੰਘ ਗੋਗੀਆ ਬੀਤੇ ਦਿਨ 14 ਅਕਤੂਬਰ 2026 ਨੂੰ 80 ਸਾਲ ਦੀ ਉਮਰ ਭੋਗ ਕੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।
ਫ਼ਿਰੋਜ਼ਪੁਰ : ਸਮਾਜ ਸੇਵਾ ਨੂੰ ਸਮਰਪਿਤ ਫ਼ਿਰੋਜ਼ਪੁਰ ਦੀ ਉੱਘੀ ਸ਼ਖ਼ਸੀਅਤ ਤੇ ਸਟੇਟ ਐਵਾਰਡੀ ਸ. ਇੰਦਰ ਸਿੰਘ ਗੋਗੀਆ ਬੀਤੇ ਦਿਨ 14 ਅਕਤੂਬਰ 2026 ਨੂੰ 80 ਸਾਲ ਦੀ ਉਮਰ ਭੋਗ ਕੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦੇ ਵਿਛੋੜੇ ਨਾਲ ਜਿੱਥੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉੱਥੇ ਹੀ ਸਮਾਜ ਸੇਵਾ ਦੇ ਖੇਤਰ ਵਿਚ ਵੀ ਇਕ ਅਜਿਹੀ ਸ਼ਖ਼ਸੀਅਤ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਆਪਣਾ ਜੀਵਨ ਗ਼ਰੀਬਾਂ, ਲੋੜਵੰਦਾਂ ਤੇ ਸਮਾਜ ਦੇ ਪੱਛੜੇ ਵਰਗਾਂ ਦੀ ਭਲਾਈ ਲਈ ਸਮਰਪਿਤ ਕਰ ਦਿੱਤਾ ਸੀ। ਉਨ੍ਹਾਂ ਵਲੋਂ ਕੀਤੇ ਨੇਕ ਕਾਰਜ ਅਤੇ ਮਨੁੱਖਤਾ ਪ੍ਰਤੀ ਸਮਰਪਣ ਸਦਾ ਲੋਕਾਂ ਦੇ ਦਿਲਾਂ ਵਿਚ ਜਿਊਂਦੇ ਰਹਿਣਗੇ। ਸ. ਇੰਦਰ ਸਿੰਘ ਗੋਗੀਆ ਦਾ ਜਨਮ 3 ਅਕਤੂਬਰ 1946 ਨੂੰ ਸਵਰਗਵਾਸੀ ਪਿਤਾ ਸੋਹਣ ਸਿੰਘ ਦੇ ਘਰ ਮਾਤਾ ਮੋਹਿੰਦਰ ਕੌਰ ਦੀ ਕੁੱਖ ਤੋਂ ਬੱਲੋਕੇ ਹੈੱਡ ਵਰਕਸ, ਕਸੂਰ (ਪਾਕਿਸਤਾਨ) ’ਚ ਹੋਇਆ । ਆਪ ਦਾ ਵਿਆਹ ਸੰਨ 1974 ਵਿਚ ਜਲੰਧਰ ਦੇ ਵਾਸੀ ਸ. ਹਰੀ ਸਿੰਘ ਦੀ ਪੁੱਤਰੀ ਹਰਮੀਤ ਕੌਰ ਦੇ ਨਾਲ ਹੋਇਆ। ਉਨ੍ਹਾਂ ਦੀ ਪਤਨੀ ਹਰਮੀਤ ਕੌਰ, ਪੁੱਤਰ ਮਨਜੀਤ ਸਿੰਘ ਤੇ ਧੀਆਂ ਪਰਮਜੀਤ ਕੌਰ ਅਤੇ ਹਰਪ੍ਰੀਤ ਕੌਰ ਲਈ ਉਹ ਸਿਰਫ਼ ਪਰਿਵਾਰ ਦੇ ਮੁਖੀ ਹੀ ਨਹੀਂ, ਸਗੋਂ ਮਾਰਗਦਰਸ਼ਕ, ਪ੍ਰੇਰਨਾ ਸਰੋਤ ਤੇ ਜੀਵਨ ਦੀਆਂ ਕਦਰਾਂ-ਕੀਮਤਾਂ ਸਿਖਾਉਣ ਵਾਲੇ ਆਦਰਸ਼ ਸਨ। ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਪੜ੍ਹਾ-ਲਿਖਾ ਕੇ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਦੇ ਯੋਗ ਬਣਾਇਆ। ਦਾਦਾ ਵਜੋਂ ਵੀ ਉਨ੍ਹਾਂ ਨੂੰ ਮਾਣ ਹਾਸਲ ਸੀ ਕਿ ਉਨ੍ਹਾਂ ਦੀ ਪੋਤੀ ਡਾਕਟਰ ਬਣੀ। ਸ.ਇੰਦਰ ਸਿੰਘ ਨੇ ਆਪਣੇ ਰੁਜ਼ਗਾਰ ਦੇ ਖੇਤਰ ਵਿਚ ਭੂਮੀ ਤੇ ਜਲ ਰੱਖਿਆ ਵਿਭਾਗ ਵਿਚ ਸੁਪਰਡੈਂਟ ਵਜੋਂ ਸੇਵਾਵਾਂ ਨਿਭਾਈਆਂ ਅਤੇ ਨਾਲ-ਨਾਲ ਉਨ੍ਹਾਂ ਨੇ ਸਮਾਜ ਤੇ ਧਰਮ ਪ੍ਰਤੀ ਆਪਣੇ ਫ਼ਰਜ਼ਾਂ ਨੂੰ ਵੀ ਪੂਰੀ ਤਨਦੇਹੀ ਨਾਲ ਨਿਭਾਇਆ। ਇੰਦਰ ਸਿੰਘ ਗੋਗੀਆ ਦੀ ਸਮਾਜ ਸੇਵਾ ਦਾ ਸਭ ਤੋਂ ਅਹਿਮ ਪੱਖ ਲੋੜਵੰਦ ਬੱਚਿਆਂ ਦੀ ਪੜ੍ਹਾਈ ਲਈ ਕੀਤੇ ਉਪਰਾਲੇ ਸਨ। ਉਹ ਆਰਥਿਕ ਤੰਗੀਆਂ ਨਾਲ ਜੂਝ ਰਹੇ ਬੱਚਿਆਂ ਦੀ ਸਹਾਇਤਾ ਲਈ ਯਤਨਸ਼ੀਲ ਰਹੇ। ਇਸੇ ਤਰ੍ਹਾਂ ਹੜ੍ਹਾਂ ਵਰਗੀਆਂ ਕੁਦਰਤੀ ਆਫ਼ਤਾਂ ਦੌਰਾਨ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਉਣਾ ਵੀ ਉਨ੍ਹਾਂ ਦੇ ਜੀਵਨ ਦਾ ਅਹਿਮ ਹਿੱਸਾ ਰਿਹਾ। ਸਮਾਜ ਦੀ ਭਲਾਈ ਕਰਦਿਆਂ ਸਾਲ 2017 ਵਿਚ ਉਨ੍ਹਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸ. ਇੰਦਰ ਸਿੰਘ ਗੋਗੀਆ ਨੇ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਰਾਹੀਂ ਵੀ ਆਪਣੀਆਂ ਸੇਵਾਵਾਂ ਜਾਰੀ ਰੱਖੀਆਂ। ਉਹ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਪ੍ਰਧਾਨ ਤੇ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ, ਆਜ਼ਾਦ ਨਗਰ ਦੇ ਚੇਅਰਮੈਨ ਵਜੋਂ ਵੀ ਜ਼ਿੰਮੇਵਾਰੀ ਨਿਭਾਈ ਤੇ ਫਿਰੋਜ਼ਪੁਰ ਐੱਨ.ਜੀ.ਓਜ਼. ਕੋਆਰਡੀਨੇਸ਼ਨ ਕਮੇਟੀ ਦੇ ਪ੍ਰਧਾਨ ਵਜੋਂ ਵੀ ਕਾਰਜਸ਼ੀਲ ਰਹੇ। ਸਵਰਗਵਾਸੀ ਸ. ਇੰਦਰ ਸਿੰਘ ਗੋਗੀਆ ਨਮਿਤ ਅੰਤਿਮ ਅਰਦਾਸ 25 ਅਕਤੂਬਰ, ਦਿਨ ਐਤਵਾਰ ਨੂੰ ਖਾਲਸਾ ਗੁਰਦੁਆਰਾ ਫ਼ਿਰੋਜ਼ਪੁਰ ਛਾਉਣੀ ਵਿਖੇ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਹੋਵੇਗੀ। - ਕੁਲਬੀਰ ਸਿੰਘ ਸੋਢੀ