ਕੈਮਿਸਟ ਐਸੋਸੀਏਸ਼ਨ ਦੇ ਵਫ਼ਦ ਨੇ ਸਿਹਤ ਮੰਤਰੀ ਨਾਲ ਕੀਤੀ ਮੁਲਾਕਾਤ
ਸੰਗਰੂਰ, 3 ਸਤੰਬਰ (ਧੀਰਜ ਪਸ਼ੌਰੀਆ) - ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਵਫਦ ਵਲੋਂ ਪ੍ਰਧਾਨ ਅਸ਼ੋਕ ਗੋਇਲ ਦੀ ਅਗਵਾਈ ’ਚ ਸੂਬੇ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨਾਲ ਕਈ ਮੁੱਦਿਆਂ ਨੂੰ ਲੈ ਕੇ ਮੀਟਿੰਗ ਕੀਤੀ ਗਈ ।
ਸੰਗਰੂਰ, 3 ਸਤੰਬਰ (ਧੀਰਜ ਪਸ਼ੌਰੀਆ) - ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਵਫਦ ਵਲੋਂ ਪ੍ਰਧਾਨ ਅਸ਼ੋਕ ਗੋਇਲ ਦੀ ਅਗਵਾਈ ’ਚ ਸੂਬੇ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨਾਲ ਕਈ ਮੁੱਦਿਆਂ ਨੂੰ ਲੈ ਕੇ ਮੀਟਿੰਗ ਕੀਤੀ ਗਈ । ਇਸ ਮੀਟਿੰਗ ਵਿੱਚ ਸਿਹਤ ਸਕੱਤਰ ਕੁਮਾਰ ਰਾਹੁਲ, ਜੁਆਇੰਟ ਡਰੱਗ ਕਮਿਸ਼ਨਰ ਸੰਜੀਵ ਗਰਗ , ਏ.ਬੀ.ਡੀ.ਐਮ ਪੋਰਟਲ ਪੰਜਾਬ ਦੇ ਇੰਚਾਰਜ ਡਾ. ਵਸੁੰਧਰਾ, ਏ.ਡੀ.ਸੀ.( ਐਫ.ਡੀ.ਏ ) ਗੁਰਵਿੰਦਰ ਸਿੰਘ ਅਤੇ ਏ.ਡੀ.ਸੀ. (ਐਫ.ਡੀ.ਏ.) ਸ੍ਰੀ ਅਮਿਤ ਦੁੱਗਲ ਵੀ ਮੌਜੂਦ ਸਨ । ਮੀਟਿੰਗ ਦੌਰਾਨ ਸੰਬੰਧਿਤ ਕਈ ਮੁੱਦਿਆਂ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ । ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਗੋਇਲ ਨੇ ਦੱਸਿਆ ਕਿ ਸਿਹਤ ਮੰਤਰੀ ਵਲੋਂ ਤੁਰੰਤ ਫੈਸਲਾ ਕੀਤਾ ਗਿਆ ਕਿ ਜਦੋਂ ਤੱਕ ਐਸੋਸੀਏਸ਼ਨ ਵਲੋਂ ਉਠਾਏ ਗਏ ਸਾਰੇ ਸ਼ੰਕੇ ਅਤੇ ਚਿੰਤਾਵਾਂ ਸੰਤੋਸ਼ਜਨਕ ਢੰਗ ਨਾਲ ਦੂਰ ਨਹੀਂ ਕੀਤੀਆਂ ਜਾਂਦੀਆਂ, ਉਦੋਂ ਤੱਕ ਏ.ਬੀ.ਡੀ.ਐਮ. ਪੋਰਟਲ ਨੂੰ ਅੱਗੇ ਨਹੀਂ ਵਧਾਇਆ ਜਾਵੇਗਾ । ਇਹ ਵੀ ਭਰੋਸਾ ਦਿੱਤਾ ਗਿਆ ਕਿ ਪੁਰਾਣਾ ਪੋਰਟਲ ਮੁੜ ਚਾਲੂ ਕੀਤਾ ਜਾਵੇਗਾ, ਜਿਸ ਨਾਲ ਕੈਮਿਸਟਾਂ ਨੂੰ ਵੱਡੀ ਰਾਹਤ ਮਿਲੇਗੀ। ਪੰਜਾਬ ਸਟੇਟ ਫਾਰਮੇਸੀ ਕੌਂਸਲ ਕੋਲ ਪਹਿਲਾਂ ਤੋਂ ਉਪਲਬਧ ਕਿਸੇ ਵੀ ਡਾਟਾ/ਦਸਤਾਵੇਜ਼ ਨੂੰ ਬਿਨਾਂ ਲੋੜ ਦੁਬਾਰਾ ਨਹੀਂ ਮੰਗਿਆ ਜਾਵੇਗਾ । ਫਾਰਮਾਸਿਸਟਾਂ ਲਈ ਲਾਜ਼ਮੀ 3 ਸਾਲ ਦੇ ਤਜਰਬੇ ਦੀ ਸ਼ਰਤ ਨੂੰ ਘਟਾ ਕੇ 1 ਸਾਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ । ਇਸ ਨਾਲ ਫਾਰਮੇਸੀ ਪੇਸ਼ੇ ਨਾਲ ਜੁੜੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਬਾਕੀ ਰਹਿੰਦੇ ਮੁੱਦਿਆਂ ’ਤੇ ਵਿਸਥਾਰ ਨਾਲ ਵਿਚਾਰ ਕਰਨ ਅਤੇ ਉਨ੍ਹਾਂ ਦੇ ਹੱਲ ਲਈ ਸਿਹਤ ਸਕੱਤਰ ਸ੍ਰੀ ਕੁਮਾਰ ਰਾਹੁਲ ਨਾਲ ਜਲਦ ਹੀ ਇੱਕ ਹੋਰ ਮੀਟਿੰਗ ਕੀਤੀ ਜਾਵੇਗੀ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਸਾਰੇ ਸੀਨੀਅਰ ਅਧਿਕਾਰੀਆਂ ਦਾ ਧੰਨਵਾਦ ਕੀਤਾ ਗਿਆ।