ਰਿਵਾਈਵਿੰਗ ਗਰੀਨ ਰੈਵੋਲਿਊਸ਼ਨ ਸੈੱਲ ਵਲੋਂ ਸਰਵਿਸ ਪ੍ਰੋਵਾਈਡਰ ਦੀ ਟਰੇਨਿੰਗ ਕਰਵਾਈ
ਨਿਹਾਲ ਸਿੰਘ ਵਾਲਾ, 4 ਨਵੰਬਰ (ਸੁਖਦੇਵ ਸਿੰਘ ਖ਼ਾਲਸਾ)-ਰਿਵਾਈਵਿੰਗ ਗਰੀਨ ਰੈਵੋਲਿਊਸ਼ਨ ਸੈਲ (ਆਰ. ਜੀ.
ਨਿਹਾਲ ਸਿੰਘ ਵਾਲਾ, 4 ਨਵੰਬਰ (ਸੁਖਦੇਵ ਸਿੰਘ ਖ਼ਾਲਸਾ)-ਰਿਵਾਈਵਿੰਗ ਗਰੀਨ ਰੈਵੋਲਿਊਸ਼ਨ ਸੈਲ (ਆਰ. ਜੀ.ਆਰ.ਸੈਲ) ਵਲੋਂ ਕਾਰਜਕਾਰੀ ਡਾਇਰੈਕਟਰ ਬਲਜਿੰਦਰ ਸਿੰਘ ਸੈਣੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ‘ਪਾਣੀ ਦੀ ਬੱਚਤ ਅਤੇ ਪਰਾਲੀ ਦਾ ਸੁਚੱਜਾ ਪ੍ਰਬੰਧਨ’ ਪ੍ਰੋਜੈਕਟ ਤਹਿਤ ਸੀਨੀਅਰ ਏਰੀਆ ਮੈਨੇਜਰ ਕੁਲਬੀਰ ਸਿੰਘ ਬਰਾੜ ਦੀ ਯੋਗ ਅਗਵਾਈ ਹੇਠ ਪਿੰਡ ਪੱਤੋ ਹੀਰਾ ਸਿੰਘ ਵਿਖੇ ਸਰਵਿਸ ਪ੍ਰੋਵਾਈਡਰ ਟਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ। ਜਿਸ ਟਰੇਨਿੰਗ ਦਾ ਮੁੱਖ ਉਦੇਸ਼ ਕਿਸਾਨ ਜੋ ਕਿ ਸਰਵਿਸ ਪ੍ਰੋਵਾਈਡਰ ਦਾ ਕੰਮ ਕਰਦੇ ਹਨ, ਉਨ੍ਹਾਂ ਨੂੰ ਵੱਖ- ਵੱਖ ਪਰਾਲੀ ਸੰਭਾਲ ਦੀਆਂ ਮਸ਼ੀਨਾਂ ਬਾਰੇ ਤਕਨੀਕੀ ਜਾਣਕਾਰੀ ਦੇਣਾ ਸੀ। ਇਸ ਮੌਕੇ ਆਰ.ਜੀ.ਆਰ. ਸੈੱਲ ਦੇ ਏਰੀਆ ਮੈਨੇਜਰ ਹਰਮਨਦੀਪ ਸਿੰਘ ਸਰਾਂ ਨੇ ਕਿਸਾਨਾਂ ਨਾਲ ਤਕਨੀਕੀ ਜਾਣਕਾਰੀ ਸਾਂਝੀ ਕਰਦਿਆਂ ਆਉਣ ਵਾਲੇ ਸਮੇਂ ‘ਚ ਜਲਵਾਯੂ ਤਬਦੀਲੀ ਦਾ ਖੇਤੀਬਾੜੀ ‘ਤੇ ਪ੍ਰਭਾਵ, ਕਿਸਾਨਾਂ ਨੂੰ ਆਪਣੇ ਖੇਤ ਦੀ ਮਿੱਟੀ ਉਪਜਾਊ ਬਣਾਉਣ ਅਤੇ ਆਪਣੀ ਸਿਹਤ ਦਾ ਇਸ ਨਾਲ ਕੀ ਸੰਬੰਧ ਹੈ, ਉਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਨਾਲ ਖੇਤੀ ‘ਚ ਵੱਖ- ਵੱਖ ਪਰਾਲੀ ਪ੍ਰਬੰਧਨ ਮਸ਼ੀਨਾਂ ਬਾਰੇ ਜਾਣਕਾਰੀ ਦਿੰਦਿਆਂ ਸਰਵਿਸ ਪ੍ਰੋਵਾਈਡਰ ਨੂੰ ਵੱਧ ਤੋਂ ਵੱਧ ਮਸ਼ੀਨਰੀ ਕਰਾਏ ‘ਤੇ ਚਲਾਉਣ ਲਈ ਉਤਸ਼ਾਹਿਤ ਕੀਤਾ ਗਿਆ ਤਾਂ ਜੋ ਛੋਟੇ ਕਿਸਾਨਾਂ ਨੂੰ ਇਸ ਦਾ ਲਾਭ ਮਿਲ ਸਕੇ ਅਤੇ ਮਸ਼ੀਨਰੀ ਦਾ ਵਾਧੂ ਬੋਝ ਕਿਸਾਨਾਂ ‘ਤੇ ਨਾ ਪੈ ਸਕੇ। ਇਸ ਟਰੇਨਿੰਗ ਦੌਰਾਨ ਮਸ਼ੀਨਾਂ ਦੀ ਪ੍ਰਦਰਸ਼ਨੀ ਵੀ ਕੀਤੀ ਗਈ। ਇਸ ਮੌਕੇ ਫ਼ੀਲਡ ਅਫ਼ਸਰ ਆਸ਼ੂ ਸੈਣੀ ਅਤੇ ਸੰਦੀਪ ਸਿੰਘ ਨੇ ਹਾੜ੍ਹੀ ਸੀਜ਼ਨ ਦੀਆਂ ਫ਼ਸਲਾਂ ਬਾਰੇ ਜਾਣਕਾਰੀ ਦਿੰਦਿਆਂ ਸਾਰੇ ਕਿਸਾਨਾਂ ਨੂੰ ਸਹੀ ਤਕਨੀਕ ਨੂੰ ਅਪਣਾਉਣ ਅਤੇ ਅੱਗੇ ਕਿਸਾਨਾਂ ਨੂੰ ਵੀ ਜਾਗਰੂਕ ਕਰਨ ਦੀ ਅਪੀਲ ਵੀ ਕੀਤੀ।