ਭਲਕੇ ਮੋਗਾ ਵਿਖੇ ਹੋਣ ਵਾਲੀ ਰੈਲੀ ਦੇ ਮੱਦੇਨਜ਼ਰ ਮੋਗਾ ਟਰੈਫ਼ਿਕ ਪੁਲਿਸ ਵਲੋਂ ਰੂਟ ਪਲਾਨ ਜਾਰੀ ਟਰੈਫਿਕ ਇੰਚਾਰਜ ਸੁਖਮੰਦਰ ਸਿੰਘ ਵਲੋਂ ਲੋਕਾਂ ਨੂੰ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ
ਮੋਗਾ, 24 ਨਵੰਬਰ (ਸੁਰਿੰਦਰਪਾਲ ਸਿੰਘ)-ਮੋਗਾ ਜ਼ਿਲ੍ਹੇ ਦੇ ਪਿੰਡ ਨੱਥੂਵਾਲਾ ਜਦੀਦ ਵਿਖੇ 26 ਨਵੰਬਰ ਨੂੰ ਆਪ ਪਾਰਟੀ ਵਲੋਂ ਕਰਵਾਈ ਜਾ ਰਹੀ ਰੈਲੀ ਨੂੰ ਮੁੱਖ ਰੱਖਦਿਆਂ ਮੋਗਾ ਪੁਲਿਸ ਦੇ ਐਸ. ਐਸ.
ਮੋਗਾ, 24 ਨਵੰਬਰ (ਸੁਰਿੰਦਰਪਾਲ ਸਿੰਘ)-ਮੋਗਾ ਜ਼ਿਲ੍ਹੇ ਦੇ ਪਿੰਡ ਨੱਥੂਵਾਲਾ ਜਦੀਦ ਵਿਖੇ 26 ਨਵੰਬਰ ਨੂੰ ਆਪ ਪਾਰਟੀ ਵਲੋਂ ਕਰਵਾਈ ਜਾ ਰਹੀ ਰੈਲੀ ਨੂੰ ਮੁੱਖ ਰੱਖਦਿਆਂ ਮੋਗਾ ਪੁਲਿਸ ਦੇ ਐਸ.ਐਸ.ਪੀ. ਸਰਤਾਰ ਸਿੰਘ ਚਾਹਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਆਮ ਲੋਕਾਂ ਦੀ ਸਹੂਲਤ ਤੇ ਆਵਾਜਾਈ ਨੂੰ ਨਿਰਵਿਘਨ ਜਾਰੀ ਰੱਖਣ ਲਈ ਵਿਸ਼ੇਸ਼ ਆਵਾਜਾਈ ਪ੍ਰਬੰਧ ਕੀਤੇ ਗਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਟਰੈਫ਼ਿਕ ਇੰਚਾਰਜ ਐਸ.ਆਈ. ਸੁਖਮੰਦਰ ਸਿੰਘ ਤੇ ਏ.ਐਸ.ਆਈ. ਕੇਵਲ ਸਿੰਘ ਨੇ ਦੱਸਿਆ ਕਿ 26 ਨਵੰਬਰ ਨੂੰ ਮੋਗਾ ਤੋਂ ਲੁਧਿਆਣਾ ਨੂੰ ਜਾਣ ਵਾਲਾ ਮੁੱਖ ਰਸਤਾ ਆਮ ਲੋਕਾਂ ਲਈ ਬੰਦ ਰਹੇਗਾ। ਇਸ ਲਈ ਸਾਰੇ ਭੈਣਾਂ ਭਰਾਵਾਂ ਨੂੰ ਬੇਨਤੀ ਹੈ ਕਿ ਉਹ ਜਾਰੀ ਕੀਤੀ ਗਈ ਆਵਾਜਾਈ ਯੋਜਨਾ ਮੁਤਾਬਿਕ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ, ਤਾਂ ਜੋ ਉਸ ਦਿਨ ਆਉਣ ਜਾਣ ਵਾਲਿਆਂ ਨੂੰ ਰਸਤੇ ਵਿਚ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ। ਰੂਟ ਪਲਾਨ ਬਾਰੇ ਸੁਖਮੰਦਰ ਸਿੰਘ ਨੇ ਦੱਸਿਆ ਕਿ ਫ਼ਿਰੋਜ਼ਪੁਰ-ਫ਼ਰੀਦਕੋਟ ਤੋਂ ਚੰਡੀਗੜ੍ਹ ਜਾਣ ਵਾਲੇ ਰਾਹਗੀਰ ਤਲਵੰਡੀ ਭਾਈ ਚੌਕ ਤੋਂ ਸਿੱਧਾ ਜ਼ੀਰਾ, ਜ਼ੀਰੇ ਤੋਂ ਕੋਟ ਈਸੇ ਖਾਂ, ਧਰਮਕੋਟ, ਸਿਧਵਾਂ ਬੇਟ ਹੁੰਦੇ ਹੋਏ ਚੰਡੀਗੜ੍ਹ-ਲੁਧਿਆਣਾ ਜਾਣਗੇ। ਲੁਧਿਆਣਾ-ਚੰਡੀਗੜ੍ਹ-ਪਟਿਆਲਾ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਜਾਣ ਵਾਲੇ ਜਗਰਾਉਂ ਤੋਂ ਆ ਕੇ ਨਾਨਕਸਰ ਗੁਰਦੁਆਰੇ ਕੋਲੋਂ ਸਿੱਧਾ ਕੋਕਰੀ ਕਲਾਂ, ਕੋਕਰੀ ਕਲਾਂ ਤੋਂ ਕੋਟ ਈਸੇ ਖਾਂ ਜਾਣਗੇ। ਉੱਥੋਂ ਜਿਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ, ਬਾਬਾ ਬੁੱਢਾ ਸਾਹਿਬ ਜਾਣਾ ਹੈ, ਉਹ ਮਖੂ ਨੂੰ ਜਾਣਗੇ ਤੇ ਜਿਨ੍ਹਾਂ ਨੇ ਫ਼ਿਰੋਜ਼ਪੁਰ-ਫ਼ਰੀਦਕੋਟ ਜਾਣਾ ਹੈ, ਉਹ ਜ਼ੀਰੇ ਨੂੰ ਜਾਣਗੇ। ਪਟਿਆਲਾ-ਸੰਗਰੂਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਜਾਣ ਵਾਲਿਆਂ ਲਈ ਨਿਹਾਲ ਸਿੰਘ ਵਾਲਾ ਤੋਂ ਬਾਘਾ ਪੁਰਾਣਾ ਵਾਇਆ ਮੁਦਕੀ ਹੁੰਦੇ ਹੋਏ ਜਾਣਗੇ। ਸ੍ਰੀ ਅੰਮ੍ਰਿਤਸਰ ਸਾਹਿਬ, ਬਾਬਾ ਬੁੱਢਾ ਸਾਹਿਬ, ਗੁਰਦਾਸਪੁਰ ਤੋਂ ਪਟਿਆਲਾ-ਲੁਧਿਆਣਾ ਜਾਣ ਵਾਲੇ ਮਖੂ ਤੋਂ ਕੋਟ ਈਸੇ ਖਾਂ, ਕੋਟ ਈਸੇ ਖਾਂ ਤੋਂ ਧਰਮਕੋਟ, ਧਰਮਕੋਟ ਤੋਂ ਸਿਧਵਾਂ ਬੇਟ ਵਾਇਆ ਲੁਧਿਆਣਾ ਜਾਣਗੇ ਤੇ ਜਿਨ੍ਹਾਂ ਨੇ ਪਟਿਆਲਾ ਜਾਣਾ ਹੈ, ਉਹ ਮਖੂ ਤੋਂ ਮੁਦਕੀ, ਬਾਘਾ ਪੁਰਾਣਾ ਵਾਲੇ ਰਸਤੇ ਤੋਂ ਜਾਣਗੇ। ਸ੍ਰੀ ਮੁਕਤਸਰ ਸਾਹਿਬ, ਗੰਗਾਨਗਰ, ਅਬੋਹਰ ਤੋਂ ਲੁਧਿਆਣਾ ਜਾਣ ਵਾਲਿਆਂ ਲਈ ਬਾਘਾ ਪੁਰਾਣਾ ਤੋਂ ਨਿਹਾਲ ਸਿੰਘ ਵਾਲਾ, ਨਿਹਾਲ ਸਿੰਘ ਵਾਲਾ ਤੋਂ ਸਿੱਧਾ ਜਗਰਾਉਂ ਹੁੰਦੇ ਹੋਏ ਲੁਧਿਆਣਾ ਜਾਣਗੇ। ਮੋਗਾ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਵਾਜਾਈ ਪੁਲਿਸ ਵਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਬੇਲੋੜੀ ਖ਼ੱਜਲ-ਖ਼ੁਆਰੀ ਤੋਂ ਬਚਣ ਲਈ ਪਹਿਲਾਂ ਹੀ ਆਪਣੇ ਸਫ਼ਰ ਦੀ ਯੋਜਨਾ ਬਣਾ ਕੇ ਘਰੋਂ ਨਿਕਲਣ।