ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਵਲੋਂ ਸੁਪਰੀਮ ਕੋਰਟ ’ਚ ਹਲਫ਼ਨਾਮਾ ਦਾਇਰ
ਕਿਹਾ, ਦਿੱਲੀ-ਐਨ.ਸੀ.ਆਰ. ਦੀਆਂ ਸੜਕਾਂ ’ਤੇ ਮਿਆਦ ਪੁਗਾ ਚੁੱਕੀਆਂ ਗੱਡੀਆਂ ਦੀ ਗਿਣਤੀ 23.6 ਲੱਖ ਤੋਂ ਵੱਧ
ਨਵੀਂ ਦਿੱਲੀ,24 ਨਵੰਬਰ (ਜਗਤਾਰ ਸਿੰਘ)- ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (ਸੀ. ਏ.
ਨਵੀਂ ਦਿੱਲੀ,24 ਨਵੰਬਰ (ਜਗਤਾਰ ਸਿੰਘ)- ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (ਸੀ.ਏ.ਕਿਯੂ.ਐਮ.) ਨੇ ਸੁਪਰੀਮ ਕੋਰਟ ’ਚ ਦਾਇਰ ਕੀਤੇ ਹਲਫ਼ਨਾਮੇ ਵਿਚ ਦੱਸਿਆ ਹੈ ਕਿ ਦਿੱਲੀ-ਐਨ.ਸੀ.ਆਰ.ਦੀਆਂ ਸੜਕਾਂ ‘ਤੇ 23.6 ਲੱਖ ਤੋਂ ਵੱਧ ਮਿਆਦ ਪੁਗਾ ਚੁੱਕੀਆਂ ਗੱਡੀਆਂ ਅਜੇ ਵੀ ਚੱਲ ਰਹੀਆਂ ਹਨ। ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿਚ ਕੁੱਲ 25.4 ਲੱਖ ਮਿਆਦ ਪੁਗਾ ਚੁੱਕੀਆਂ ਗੱਡੀਆਂ ਦੀ ਪਛਾਣ ਕੀਤੀ ਗਈ ਸੀ। ਇੰਨ੍ਹਾਂ ਵਿਚੋਂ ਜਨਵਰੀ ਤੋਂ ਅਕਤੂਬਰ 2026 ਦਰਮਿਆਨ ਸਿਰਫ਼ 1.85 ਲੱਖ ਗੱਡੀਆਂ ਨੂੰ ਹੀ ਕਬਾੜ ਵਿਚ ਬਦਲਿਆ ਗਿਆ ਹੈ ਜਾਂ ਐਨ.ਓ.ਸੀ. ਜਾਰੀ ਕੀਤੀ ਗਈ ਹੈ। ਕਮਿਸ਼ਨ ਨੇ ਇਸ ਮਾਮਲੇ ਵਿਚ ਸਬੰਧਿਤ ਸੂਬਾ ਸਰਕਾਰਾਂ ਦੀ ਢਿੱਲੀ ਕਾਰਵਾਈ ਨੂੰ “ਤਸੱਲੀਬਖ਼ਸ਼ ਤੋਂ ਬਹੁਤ ਦੂਰ” ਦੱਸਿਆ ਹੈ। ਦਿੱਲੀ-ਐਨ.ਸੀ.ਆਰ. ਵਿਚ ਕੁੱਲ ਗੱਡੀਆਂ ਵਿਚੋਂ 65.2ਫ਼ੀਸਦੀ ਦੋਪਹੀਆ ਗੱਡੀਆਂ ਅਤੇ 28.9 ਫ਼ੀਸਦੀ ਚਾਰ-ਪਹੀਆ ਹਲਕੀਆਂ ਮੋਟਰ ਗੱਡੀਆਂ (ਕਾਰਾਂ ਆਦਿ) ਹਨ।ਕਮਿਸ਼ਨ ਨੇ ਅਦਾਲਤ ਨੂੰ ਦੱਸਿਆ ਕਿ ਇਹ ਪੁਰਾਣੀਆਂ ਗੱਡੀਆਂ ਮੌਜੂਦਾ ਬੀ.ਐੱਸ.-6 ਮਾਪਦੰਡਾਂ ਵਾਲੀਆਂ ਗੱਡੀਆਂ ਦੇ ਮੁਕਾਬਲੇ ਕਈ ਗੁਣਾ ਵੱਧ ਪ੍ਰਦੂਸ਼ਣ ਫੈਲਾਉਂਦੀਆਂ ਹਨ।