ਪਿਊ ਰਿਸਰਚ ਸੈਂਟਰ ਅਨੁਸਾਰ 2035 ਤੱਕ ਮੁਸਲਮਾਨ ਦੁਨੀਆ ਦਾ ਸਭ ਤੋਂ ਵੱਡਾ ਧਾਰਮਿਕ ਸਮੂਹ ਤੇ ਈਸਾਈ ਦੂਜੇ ਨੰਬਰ ’ਤੇ ਖਿਸਕ ਜਾਣਗੇ 2070 ਤੱਕ ਵੀ ਭਾਰਤ ’ਚ ਹਿੰਦੂਆਂ ਦੀ ਭਾਰੀ ਬਹੁਗਿਣਤੀ ਬਰਕਰਾਰ ਰਹੇਗੀ, ਮੁਸਲਿਮ ਆਬਾਦੀ ਵੀ ਵਧੇਗੀ, ਸਿੱਖ ਪੰਜਾਬ ’ਚ ਘਟਣਗੇ ਵਿਦੇਸ਼ਾਂ ਵਿਚ ਵਧਣਗੇ
ਹਰਜਿੰਦਰ ਸਿੰਘ ਲਾਲ
ਖੰਨਾ, 24 ਨਵੰਬਰ-ਨਾਮਵਰ ਖੋਜ ਸੰਸਥਾ ‘ਪਿਊ ਰਿਸਰਚ ਸੈਂਟਰ’ ਦੀ 201 ਦੇਸ਼ਾਂ ਦੇ ਅੰਕੜਿਆਂ ’ਤੇ ਤਾਜ਼ਾ ਰਿਪੋਰਟ ‘ਦਿ ਫਿਊਚਰ ਆਫ਼ ਵਰਲਡ ਰਿਲੀਜਨਜ਼: ਪਾਪੂਲੇਸ਼ਨ ਗ੍ਰੋਥ ਪ੍ਰੋਜੈਕਸ਼ਨਜ਼ 2020-2070’ ਨੇ ਆਉਣ ਵਾਲੇ ਪੰਜ ਦਹਾਕਿਆਂ ’ਚ ਮੁਸਲਿਮ ਧਰਮ ਪਹਿਲੇ, ਈਸਾਈ ਧਰਮ ਦੂਜੇ ਅਤੇ ਅਤੇ ਭਾਰਤ ਵਿਚ ਹਿੰਦੂ ਧਰਮ ਦੇ ਸਭ ਤੋਂ ਵੱਡੇ ਧਰਮ ਵਜੋਂ ਸਥਾਪਤ ਰਹਿਣ ਦੀ ਗੱਲ ਕਹੀ ਹੈ। ਘਟਦੀ ਪ੍ਰਜਨਨ ਦਰ ਅਤੇ ਤੇਜ਼ ਕੌਮਾਂਤਰੀ ਪਰਵਾਸ ਕਾਰਨ ਸਿੱਖ ਆਬਾਦੀ ਘਟਣ ਦੇ ਸੰਕੇਤ ਵੀ ਹਨ।
ਖੰਨਾ, 24 ਨਵੰਬਰ-ਨਾਮਵਰ ਖੋਜ ਸੰਸਥਾ ‘ਪਿਊ ਰਿਸਰਚ ਸੈਂਟਰ’ ਦੀ 201 ਦੇਸ਼ਾਂ ਦੇ ਅੰਕੜਿਆਂ ’ਤੇ ਤਾਜ਼ਾ ਰਿਪੋਰਟ ‘ਦਿ ਫਿਊਚਰ ਆਫ਼ ਵਰਲਡ ਰਿਲੀਜਨਜ਼: ਪਾਪੂਲੇਸ਼ਨ ਗ੍ਰੋਥ ਪ੍ਰੋਜੈਕਸ਼ਨਜ਼ 2020-2070’ ਨੇ ਆਉਣ ਵਾਲੇ ਪੰਜ ਦਹਾਕਿਆਂ ’ਚ ਮੁਸਲਿਮ ਧਰਮ ਪਹਿਲੇ, ਈਸਾਈ ਧਰਮ ਦੂਜੇ ਅਤੇ ਅਤੇ ਭਾਰਤ ਵਿਚ ਹਿੰਦੂ ਧਰਮ ਦੇ ਸਭ ਤੋਂ ਵੱਡੇ ਧਰਮ ਵਜੋਂ ਸਥਾਪਤ ਰਹਿਣ ਦੀ ਗੱਲ ਕਹੀ ਹੈ। ਘਟਦੀ ਪ੍ਰਜਨਨ ਦਰ ਅਤੇ ਤੇਜ਼ ਕੌਮਾਂਤਰੀ ਪਰਵਾਸ ਕਾਰਨ ਸਿੱਖ ਆਬਾਦੀ ਘਟਣ ਦੇ ਸੰਕੇਤ ਵੀ ਹਨ। ਰਿਪੋਰਟ ਮੁਤਾਬਿਕ 2070 ਤੱਕ ਭਾਰਤ ਦੀ ਕੁੱਲ ਆਬਾਦੀ ਲਗਭਗ 170 ਕਰੋੜ ਤੱਕ ਪਹੁੰਚ ਜਾਵੇਗੀ, ਜਿਸ ਵਿਚ ਹਿੰਦੂ 129 ਕਰੋੜ ਤੱਕ ਪਹੁੰਚ ਜਾਣਗੇ ਪਰ ਉਨ੍ਹਾਂ ਦੀ ਕੁੱਲ ਗਿਣਤੀ 75 ਫੀਸਦੀ ਤੋਂ ਵੱਧ ਹੋਵੇਗੀ। ਭਾਰਤ ’ਚ ਮੁਸਲਿਮ ਆਬਾਦੀ ਵੀ 21.3 ਕਰੋੜ ਤੋਂ ਵਧ ਕੇ 33.4 ਕਰੋੜ ਹੋ ਜਾਵੇਗੀ। 2070 ਤੱਕ ਪਾਕਿਸਤਾਨ 46.1 ਕਰੋੜ ਆਬਾਦੀ ਨਾਲ ਸਭ ਤੋਂ ਵੱਡਾ ਅਤੇ ਭਾਰਤ ਦੂਜਾ ਸਭ ਤੋਂ ਵੱਡਾ ਮੁਸਲਿਮ ਆਬਾਦੀ ਵਾਲਾ ਦੇਸ਼ ਬਣ ਜਾਵੇਗਾ। ਪਿਊ ਦੀ ਖੋਜਕਾਰ ਸਟੈਫਨੀ ਕ੍ਰੈਮਰ ਅਤੇ ਪ੍ਰਿੰਸਟਨ ਯੂਨੀਵਰਸਿਟੀ ਦੇ ਜਨਸੰਖਿਆ ਵਿਗਿਆਨੀ ਕੇ.ਐਸ. ਜੇਮਜ਼ ਮੁਤਾਬਿਕ ਇਹ ਤਬਦੀਲੀ ਧਰਮ ਪਰਿਵਰਤਨ ਕਾਰਨ ਨਹੀਂ, ਸਗੋਂ ਉਮਰ ਅਤੇ ਪ੍ਰਜਨਨ ਦਰ ਕਾਰਨ ਹੋਵੇਗੀ। 2025-2030 ਦੌਰਾਨ ਮੁਸਲਿਮ ਔਰਤਾਂ ਦੀ ਔਸਤ ਪ੍ਰਜਨਨ ਦਰ 2.3 ਅਤੇ ਹਿੰਦੂ ਔਰਤਾਂ ਦੀ 1.8 ਰਹਿਣ ਦਾ ਅਨੁਮਾਨ ਹੈ। ਇਸ ਦੇ ਉਲਟ ਸਿੱਖਾਂ ਦੀ ਪ੍ਰਜਨਨ ਦਰ 1.4 ਹੈ। ਪਿਊ ਰਿਸਰਚ ਸੈਂਟਰ ਨੇ ਸਿੱਖ, ਜੈਨ, ਬਹਾਈ ਅਤੇ ਪਾਰਸੀ ਭਾਈਚਾਰਿਆਂ ਨੂੰ ‘ਹੋਰ ਧਰਮਾਂ’ ਦੀ ਸ਼੍ਰੇਣੀ ਵਿਚ ਰੱਖਿਆ ਹੈ ਅਤੇ ਇੰਨਾਂ ਸਭ ਧਰਮਾਂ ਦੀ ਵਿਸ਼ਵ ਪੱਧਰੀ ਹਿੱਸੇਦਾਰੀ ਜੋ 2020 ਵਿੱਚ 2.2 ਫੀਸਦੀ ਸੀ, 2070 ਵਿਚ 1.9 ਫੀਸਦੀ ਰਹਿ ਜਾਵੇਗੀ। ਸਿੱਖ ਪ੍ਰਜਨਨ ਦਰ ਦੀ ਹਕੀਕਤ ਭਾਰਤ ਸਰਕਾਰ ਦੇ ‘ਨੈਸ਼ਨਲ ਫੈਮਿਲੀ ਹੈਲਥ ਸਰਵੇ’ ਵਿਚ ਸਿੱਖਾਂ ਦੀ ਪ੍ਰਜਨਨ ਦਰ 1.6 ਦਰਜ ਕੀਤੀ ਗਈ ਸੀ ਪਰ ਪੰਜਾਬ ’ਚ ਨੌਜਵਾਨਾਂ ਦੇ ਵੱਡੇ ਪਰਵਾਸ, ਦੇਰੀ ਨਾਲ ਵਿਆਹ ਅਤੇ ਸ਼ਹਿਰੀਕਰਨ ਕਾਰਨ 2026 ਅਸਲ ਪ੍ਰਜਨਨ ਦਰ 1.4 ਦੇ ਕਰੀਬ ਪਹੁੰਚ ਚੁੱਕੀ ਹੈ, ਜੋ ਕਿ ਆਬਾਦੀ ਨੂੰ ਸਥਿਰ ਰੱਖਣ ਲਈ ਲੋੜੀਂਦੇ ਪੱਧਰ 2.1 ਤੋਂ ਬਹੁਤ ਹੇਠਾਂ ਹੈ। 2026 ਵਿਚ ਦੁਨੀਆ ਭਰ ’ਚ ਸਿੱਖਾਂ ਦੀ ਕੁੱਲ ਗਿਣਤੀ ਲਗਭਗ 2.74 ਕਰੋੜ ਹੈ। ਜੇਕਰ ਪ੍ਰਜਨਨ ਦਰ 1.4 ’ਤੇ ਬਣੀ ਰਹਿੰਦੀ ਹੈ, ਤਾਂ ਮਸਨੂਈ ਬੁੱਧੀ ਦੇ ਕੋਹੋਰਟ-ਕੰਪੋਨੈਂਟ ਮਾਡਲ ਦੀ ਗਣਨਾ ਅਨੁਸਾਰ 2038 ਦੇ ਆਸ-ਪਾਸ ਵਿਸ਼ਵ ਸਿੱਖ ਆਬਾਦੀ 2.85 ਕਰੋੜ ਦੇ ਸਿਖ਼ਰ ’ਤੇ ਪਹੁੰਚ ਕੇ ਘਟਣੀ ਸ਼ੁਰੂ ਹੋ ਜਾਵੇਗੀ ਅਤੇ 2070 ਤੱਕ ਇਹ ਸੁੰਗੜ ਕੇ 2.32 ਤੋਂ 2.45 ਕਰੋੜ ਦੇ ਵਿਚਕਾਰ ਰਹਿ ਸਕਦੀ ਹੈ ਪਰ ਵਿਦੇਸ਼ਾਂ ਵਿਚ ਸਿੱਖ ਗਿਣਤੀ ਵਧੇਗੀ। 2070 ਤੱਕ ਕੈਨੇਡਾ ਵਿਚ ਸਿੱਖ 19 ਤੋਂ 21 ਲੱਖ, ਅਮਰੀਕਾ ਵਿਚ ਸਾਢੇ 9 ਤੋਂ 11 ਲੱਖ, ਬਰਤਾਨੀਆ ਸਾਢੇ 8 ਲੱਖ, ਆਸਟਰੇਲੀਆ ਵਿਚ ਸਾਢੇ 6 ਤੋਂ ਸਾਢੇ 7 ਲੱਖ, ਯੂਰਪ ਵਿਚ ਸਾਢੇ 5 ਤੋਂ ਸਾਢੇ 6 ਲੱਖ ਦੇ ਵਿਚਕਾਰ ਅਤੇ ਨਿਊਜ਼ੀਲੈਂਡ ਵਿਚ ਵੀ 2070 ਤੱਕ 25 ਤੋਂ 30 ਫੀਸਦੀ ਸਿੱਖ ਆਬਾਦੀ ਵੱਧਣ ਦੇ ਆਸਾਰ ਹਨ। ਅਜਿਹਾ ਪ੍ਰਵਾਸ ਕਾਰਨ ਹੋਣ ਦੇ ਆਸਾਰ ਹਨ। ਪਰ ਖਾੜੀ ਮੁਲਕਾਂ ਅਤੇ ਦੱਖਣ-ਪੂਰਬੀ ਏਸ਼ੀਆ ਵਿੱਚ ਸਿੱਖ ਆਬਾਦੀ ਸਥਿਰ ਰਹਿਣ ਦੇ ਹੀ ਆਸਾਰ ਹਨ। 2070 ਤੱਕ ਕੁੱਲ ਵਿਸ਼ਵ ਵਿਚ ਸਿੱਖ ਆਬਾਦੀ ਵਿਚ 10 ਤੋਂ 15 ਫੀਸਦੀ ਗਿਰਾਵਟ ਦੇ ਆਸਾਰ ਹਨ। ਵਿਸ਼ਵ ਪੱਧਰ ’ਤੇ ਹੋ ਰਹੇ ਬਦਲਾਵਾਂ ਦਾ ਸਭ ਤੋਂ ਡੂੰਘਾ ਅਸਰ ਪੰਜਾਬ ਵਿੱਚ ਦੇਖਣ ਨੂੰ ਮਿਲੇਗਾ। ਪੰਜਾਬੀ ਨੌਜਵਾਨਾਂ ਦੇ ਵੱਡੇ ਪੱਧਰ ’ਤੇ ਵਿਦੇਸ਼ ਜਾਣ ਅਤੇ 1.4 ਦੀ ਘੱਟ ਪ੍ਰਜਨਨ ਦਰ ਕਾਰਨ ਪਿੰਡਾਂ ਅਤੇ ਸ਼ਹਿਰਾਂ ਵਿਚ ਬਜ਼ੁਰਗਾਂ ਦੀ ਗਿਣਤੀ ਵਧ ਰਹੀ ਹੈ, ਜਦੋਂਕਿ ਪਰਵਾਸੀ ਮਜਦੂਰਾਂ ਦੀ ਆਮਦ ਵਧ ਰਹੀ ਹੈ। ਜਨਸੰਖਿਆ ਮਾਹਿਰਾਂ ਅਨੁਸਾਰ, ਜੇਕਰ ਇਹੀ ਰੁਝਾਨ ਬਰਕਰਾਰ ਰਹੇ ਤਾਂ 2050 ਤੋਂ 2070 ਦੇ ਵਿਚਕਾਰ ਪੰਜਾਬ ਦੇ ਕਈ ਜ਼ਿਲਿ੍ਆਂ ਵਿਚ ਸਿੱਖ ਬਹੁਗਿਣਤੀ ਦਾ ਪੱਧਰ ਬਦਲ ਸਕਦਾ ਹੈ। 2020-2070 ਦਰਮਿਆਨ ਵਿਸ਼ਵ ਪੱਧਰੀ ਵੱਡੇ ਧਾਰਮਿਕ ਬਦਲਾਅ ਪਿਊ ਰਿਸਰਚ ਸੈਂਟਰ ਦੀ ਰਿਪੋਰਟ ਅਨੁਸਾਰ 2035 ਤੱਕ ਮੁਸਲਿਮ ਈਸਾਈਆਂ ਨੂੰ ਪਛਾੜ ਕੇ ਦੁਨੀਆ ਦਾ ਸਭ ਤੋਂ ਵੱਡਾ ਧਾਰਮਿਕ ਸਮੂਹ ਬਣ ਜਾਣਗੇ। 2070 ਤੱਕ ਦੁਨੀਆ ਵਿੱਚ 364 ਕਰੋੜ ਮੁਸਲਮਾਨ ਈਸਾਈ 290 ਕਰੋੜ ਦੇ ਆਸਪਾਸ ਹੋਣਗੇ। ਜਦੋਂ ਕਿ 2070 ਤੱਕ ਦੁਨੀਆ ਦੇ ਅੱਧੇ ਤੋਂ ਵੱਧ ਈਸਾਈ ਅਫਰੀਕਾ ਵਿਚ ਰਹਿਣਗੇ ਅਤੇ ਕਾਂਗੋ ਸਭ ਤੋਂ ਵੱਡੀ ਈਸਾਈ ਆਬਾਦੀ ਵਾਲਾ ਦੇਸ਼ ਬਣ ਕੇ ਅਮਰੀਕਾ ਨੂੰ ਪਛਾੜ ਦੇਵੇਗਾ। ਯੂ. ਕੇ., ਫਰਾਂਸ, ਆਸਟਰੇਲੀਆ ਅਤੇ ਦੱਖਣੀ ਕੋਰੀਆ ਵਿਚ ਕਿਸੇ ਵੀ ਧਰਮ ਨਾਲ ਨਾ ਜੁੜੇ ਲੋਕ ਬਹੁਗਿਣਤੀ ’ਚ ਹੋ ਜਾਣਗੇ ਅਤੇ ਅਮਰੀਕਾ 2065 ਤੱਕ ਆਪਣੀ ਈਸਾਈ ਬਹੁਗਿਣਤੀ ਗੁਆ ਦੇਵੇਗਾ। ਵਿਸ਼ਵ ਪੱਧਰ ’ਤੇ ਚੀਨੀਆ ਦੀ ਹਿੱਸੇਦਾਰੀ 24 ਤੋਂ ਘਟ ਕੇ 17 ਫੀਸਦੀ ਰਹਿ ਜਾਵੇਗੀ ਅਤੇ ਪ੍ਰਵਾਸ ਅਤੇ ਬਜ਼ੁਰਗ ਹੁੰਦੀ ਆਬਾਦੀ ਕਾਰਨ ਚੀਨ, ਜਾਪਾਨ ਅਤੇ ਦੱਖਣੀ ਕੋਰੀਆ ਵਿੱਚ ਬੋਧੀ ਆਬਾਦੀ ਅੱਧੀ ਤੋਂ ਵੀ ਘੱਟ ਰਹਿ ਜਾਵੇਗੀ। ਦੁਨੀਆ ਵਿਚ ਹਿੰਦੂ ਸਭ ਤੋਂ ਵੱਡੀ ਪੰਜਵੀਂ ਆਬਾਦੀ ਹੋਣਗੇੇ। ਪਰ ਜਨਸੰਖਿਆ ਮਾਹਿਰ ਇਹ ਵੀ ਕਹਿੰਦੇੇ ਹਨ ਕਿ ਇਹ ਅਨੁਮਾਨ ਮੌਜੂਦਾ ਰੁਝਾਨਾਂ ’ਤੇ ਆਧਾਰਿਤ ਹਨ; ਭਵਿੱਖ ’ਚ ਆਉਣ ਵਾਲੀਆਂ ਮਹਾਂਮਾਰੀਆਂ, ਯੁੱਧ, ਆਰਥਿਕ ਨੀਤੀਆਂ ਜਾਂ ਸਮਾਜਿਕ ਬਦਲਾਅ ਇਨ੍ਹਾਂ ਅੰਕੜਿਆਂ ਨੂੰ ਪ੍ਰਭਾਵਿਤ ਕਰ ਸਕਦੇ ਹਨ।