ਮੁੰਬਈ, 22 ਨਵੰਬਰ (ਪੀ.ਟੀ.ਆਈ.)-ਭਾਜਪਾ ਦੇ ਰਾਜ ਸਭਾ ਸੰਸਦ ਮੈਂਬਰ ਰਾਮਰਾਓ ਸਖਾਰਾਮ ਵਾਡਕੁਟੇ, ਜੋ ਇਸ ਸਾਲ ਦੇ ਸ਼ੁਰੂ ’ਚ ਉਪਰਲੇ ਸਦਨ (ਰਾਜ ਸਭਾ) ਲਈ ਚੁਣੇ ਗਏ ਸਨ, ਦਾ ਨਵੀਂ ਦਿੱਲੀ ਦੇ ਇਕ ਹਸਪਤਾਲ ’ਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਪਰਿਵਾਰਕ ਸੂਤਰਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਹ 72 ਸਾਲਾਂ ਦੇ ਸਨ। ਖੰਘ ਦੀ ਸ਼ਿਕਾਇਤ ਤੋਂ ਬਾਅਦ, ਵਾਡਕੁਟੇ ਨੂੰ 20 ਨਵੰਬਰ ਨੂੰ ਰਾਜਧਾਨੀ ਦਿੱਲੀ ਦੇ ਏਮਜ਼ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਸਨਿਚਰਵਾਰ ਸ਼ਾਮ ਕਰੀਬ 6 ਵਜੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਤੇ ਇਲਾਜ ਦੌਰਾਨ ਰਾਤ ਕਰੀਬ 11:45 ਵਜੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਮਹਾਰਾਸ਼ਟਰ ਦੇ ਮਰਾਠਵਾੜਾ ਖੇਤਰ ਦੇ ਪਰਭਨੀ ਨਾਲ ਸੰਬੰਧਿਤ, ਵਾਡਕੁਟੇ ਇਸ ਸਾਲ ਅਪ੍ਰੈਲ ਵਿਚ ਰਾਜ ਸਭਾ ਲਈ ਚੁਣੇ ਗਏ ਸਨ। ਇਸ ਤੋਂ ਪਹਿਲਾਂ ਉਹ ਜੂਨ 2014 ਤੋਂ ਅਕਤੂਬਰ 2019 ਤੱਕ ਰਾਜ ਵਿਧਾਨ ਪ੍ਰੀਸ਼ਦ ਦੇ ਮੈਂਬਰ ਵਜੋਂ ਵੀ ਸੇਵਾ ਨਿਭਾਅ ਚੁੱਕੇ ਸਨ।