ਤਕਨਾਲੋਜੀ ਆਧਾਰਿਤ ਸੁਧਾਰਾਂ ਸਦਕਾ ਸੂਬੇ ਦੀ ਸਾਲਾਨਾ ਮਾਈਨਿੰਗ ਆਮਦਨ ਸੱਤ ਗੁਣਾਂ ਵਧੀ-ਬਰਿੰਦਰ ਕੁਮਾਰ ਗੋਇਲ
ਚੰਡੀਗੜ੍ਹ, 7 ਨਵੰਬਰ (ਅਜੀਤ ਬਿਊਰੋ)-ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਗੋਆ ਵਿਖੇ ਹੋਈ ਖਾਣਾਂ ਅਤੇ ਕੋਲਾ ਖੇਤਰ ਵਿਚ ਸੁਧਾਰਾਂ ਸੰਬੰਧੀ ਖਣਨ ਮੰਤਰੀਆਂ ਦੀ ਉੱਚ ਪੱਧਰੀ ਕਾਨਫ਼ਰੰਸ ਦੌਰਾਨ ਸੂਬੇ ਨਾਲ ਸੰਬੰਧਿਤ ਅਹਿਮ ਖਣਨ ਮੁੱਦੇ ਅਤੇ ਨੀਤੀਗਤ ਮੰਗਾਂ ਉਠਾਈਆਂ। 5 ਅਤੇ 6 ਨਵੰਬਰ 2026 ਨੂੰ ਕੇਂਦਰੀ ਕੋਲਾ ਤੇ ਖਾਣ ਮੰਤਰੀ ਜੀ. ਕਿਸ਼ਨ ਰੈੱਡੀ ਦੀ ਪ੍ਰਧਾਨਗੀ ਹੇਠ ਹੋਏ ਇਸ ਕੌਮੀ ਸੰਮੇਲਨ ਦੌਰਾਨ ਪੰਜਾਬ ਨੇ ਖਣਨ ਪ੍ਰਸ਼ਾਸਨ ਵਿਚ ਕੀਤੀਆਂ ਮਹੱਤਵਪੂਰਨ ਤਰੱਕੀਆਂ ਦਾ ਵੇਰਵਾ ਪੇਸ਼ ਕਰਨ ਦੇ ਨਾਲ-ਨਾਲ ਮੁੱਖ ਤੌਰ ’ਤੇ ਮਾਈਨਰ ਮਿਨਰਲਾਂ ’ਤੇ ਨਿਰਭਰ ਸੂਬਿਆਂ ਲਈ ਬਰਾਬਰ ਦੀ ਕੇਂਦਰੀ ਸਹਾਇਤਾ ਦੀ ਮੰਗ ਕੀਤੀ। ਕੇਂਦਰੀ ਮੰਤਰੀ ਨੇ ਪੰਜਾਬ ਦੀਆਂ ਚਿੰਤਾਵਾਂ ਦੇ ਹੱਲ ਲਈ ਪੂਰਨ ਸਹਿਯੋਗ ਦਾ ਭਰੋਸਾ ਦਿੰਦਿਆਂ ਐਸ.ਏ.ਐਸ.ਸੀ.ਆਈ ਢਾਂਚੇ ਸਬੰਧੀ ਸੂਬੇ ਵੱਲੋਂ ਚੁੱਕੇ ਗਏ ਨੁਕਤੇ ’ਤੇ ਵਿਚਾਰ ਕਰਨ ਦੀ ਸਹਿਮਤੀ ਦਿੱਤੀ। ਕਾਨਫ਼ਰੰਸ ਦੌਰਾਨ ਪੰਜਾਬ ਦੇ ਖਣਨ ਤੇ ਭੂ-ਵਿਗਿਆਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ, “ਵਿੱਤੀ ਵਰ੍ਹੇ 2025-26 ਦੌਰਾਨ ਸਟੇਟ ਮਾਈਨਿੰਗ ਰੈਡੀਨੈੱਸ ਇੰਡੈਕਸ ਤਹਿਤ ਪੰਜਾਬ ਨੇ ਕੈਟਾਗਰੀ-3 ਵਾਲੇ ਸੂਬਿਆਂ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ ਅਤੇ ਮਾਈਨਿੰਗ ਸੁਧਾਰਾਂ ਵਿਚ ਸ਼ਾਨਦਾਰ ਕਾਰਗੁਜ਼ਾਰੀ ਲਈ 200 ਕਰੋੜ ਰੁਪਏ ਦੀ ਵਿੱਤੀ ਪ੍ਰੋਤਸਾਹਨ ਰਾਸ਼ੀ ਪ੍ਰਾਪਤ ਕੀਤੀ। ਹਾਲਾਂਕਿ ਐਸ.ਏ.ਐਸ.ਸੀ.ਆਈ. 2026-27 ਦੇ ਸੋਧੇ ਮਾਪਦੰਡਾਂ ਵਿਚ ਮੁੱਖ ਤੌਰ ’ਤੇ ਵੱਡੇ ਖਣਿਜਾਂ ਦੀਆਂ ਖਾਣਾਂ ਦੀ ਨਿਲਾਮੀ ਅਤੇ ਉਨ੍ਹਾਂ ਨੂੰ ਚਾਲੂ ਕਰਨ ਨੂੰ ਤਰਜੀਹ ਦਿੱਤੀ ਗਈ ਹੈ। ਇਸੇ ਦੌਰਾਨ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਪੰਜਾਬ ਦੇ ਖਣਨ ਖੇਤਰ ਨਾਲ ਸੰਬੰਧਿਤ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕਰਨ ਲਈ ਕੇਂਦਰੀ ਖਾਣ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ। ਮੀਟਿੰਗ ਵਿਚ ਖਾਣਾਂ ਮੰਤਰਾਲੇ ਦੀ ਵਧੀਕ ਸਕੱਤਰ ਡਾ. ਵੀਨਾ ਕੁਮਾਰੀ ਡਰਮਲ, ਡਾਇਰੈਕਟਰ ਜਨਰਲ ਆਫ਼ ਮਾਈਨਜ਼ ਦਿਨੇਸ਼ ਗਨਵੀਰ ਅਤੇ ਖਾਣਾਂ ਮੰਤਰਾਲੇ ਦੇ ਡਾਇਰੈਕਟਰ (ਤਕਨੀਕੀ) ਯੋਗੇਂਦਰ ਸਿੰਘ ਭਾਂਬੂ ਹਾਜ਼ਰ ਸਨ।