ਐੱਸ. ਏ. ਐੱਸ. ਨਗਰ, 3 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪੰਜਾਬੀ ਵਾਧੂ ਵਿਸ਼ਾ ਨਵੰਬਰ 2026 ਦੀ ਤੀਜੀ ਤਿਮਾਹੀ ਦੀ ਪ੍ਰੀਖਿਆ 26 ਤੇ 27 ਨਵੰਬਰ ਨੂੰ ਕਰਵਾਈ ਜਾ ਰਹੀ ਹੈ, ਜਿਸ ਸੰਬੰਧੀ ਪ੍ਰੀਖਿਆ ਫਾਰਮ ਬੋਰਡ ਦੀ ਵੈੱਬਸਾਈਟ ’ਤੇ ਅੱਜ ਤੋਂ ਉਪਲੱਬਧ ਹੋਣਗੇ। ਇਹ ਜਾਣਕਾਰੀ ਸਾਂਝੀ ਕਰਦਿਆਂ ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਬੋਰਡ ਵਲੋਂ ਪ੍ਰੀਖਿਆ ਫਾਰਮ ਤੇ ਫ਼ੀਸ ਭਰਨ ਦੀ ਅੰਤਿਮ ਮਿਤੀ 17 ਨਵੰਬਰ ਅਤੇ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਮੁਹਾਲੀ ਵਿਖੇ ਪ੍ਰੀਖਿਆ ਫਾਰਮ ਦੀ ਹਾਰਡ ਕਾਪੀ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 23 ਨਵੰਬਰ ਨਿਰਧਾਰਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰੋਲ ਨੰਬਰ ਬੋਰਡ ਦੀ ਵੈੱਬਸਾਈਟ ’ਤੇ 23 ਨਵੰਬਰ ਤੋਂ ਉਪਲੱਬਧ ਹੋਣਗੇ। ਉਨ੍ਹਾਂ ਦੱਸਿਆ ਕਿ ਪੰਜਾਬੀ ਏ ਵਿਸ਼ੇ ਦੀ ਪ੍ਰੀਖਿਆ 26 ਨਵੰਬਰ ਨੂੰ ਅਤੇ ਪੰਜਾਬੀ ਬੀ ਵਿਸ਼ੇ ਦੀ ਪ੍ਰੀਖਿਆ 27 ਨਵੰਬਰ ਨੂੰ ਕਰਵਾਈ ਜਾਵੇਗੀ।