ਹੁਣ ਗੈਂਟਰੀ ਪੋਲ ਅਤੇ ਸੈਂਸਰਾਂ ਰਾਹੀਂ ਵਸੂਲਿਆ ਜਾਵੇਗਾ ਟੋਲ
ਮੰਡੀ ਗੋਬਿੰਦਗੜ੍ਹ, 3 ਨਵੰਬਰ (ਮੋਹਿਤ ਸਿੰਗਲਾ)-ਦੇਸ਼ ਦੇ ਕੌਮੀ ਮਾਰਗਾਂ ’ਤੇ ਟੋਲ ਵਸੂਲੀ ਦੀ ਰਵਾਇਤੀ ਪ੍ਰਣਾਲੀ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਭਵਿੱਖ ਵਿਚ ਬਣਨ ਵਾਲੇ ਅਤੇ ਇਸ ਸਮੇਂ ਨਿਰਮਾਣ ਅਧੀਨ ਕੌਮੀ ਮਾਰਗਾਂ ’ਤੇ ਰਵਾਇਤੀ ਟੋਲ ਪਲਾਜ਼ਿਆਂ ਦੀ ਥਾਂ ਆਧੁਨਿਕ ਗੈਂਟਰੀ ਪੋਲ ਅਤੇ ਉੱਪਰ ਲੱਗੇ ਸੈਂਸਰਾਂ ’ਤੇ ਆਧਾਰਿਤ ਟੋਲ ਪ੍ਰਣਾਲੀ ਲਾਗੂ ਕਰਨ ਦੀ ਦਿਸ਼ਾ ਵਿਚ ਕਦਮ ਚੁੱਕਿਆ ਹੈ।
ਮੰਡੀ ਗੋਬਿੰਦਗੜ੍ਹ, 3 ਨਵੰਬਰ (ਮੋਹਿਤ ਸਿੰਗਲਾ)-ਦੇਸ਼ ਦੇ ਕੌਮੀ ਮਾਰਗਾਂ ’ਤੇ ਟੋਲ ਵਸੂਲੀ ਦੀ ਰਵਾਇਤੀ ਪ੍ਰਣਾਲੀ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਭਵਿੱਖ ਵਿਚ ਬਣਨ ਵਾਲੇ ਅਤੇ ਇਸ ਸਮੇਂ ਨਿਰਮਾਣ ਅਧੀਨ ਕੌਮੀ ਮਾਰਗਾਂ ’ਤੇ ਰਵਾਇਤੀ ਟੋਲ ਪਲਾਜ਼ਿਆਂ ਦੀ ਥਾਂ ਆਧੁਨਿਕ ਗੈਂਟਰੀ ਪੋਲ ਅਤੇ ਉੱਪਰ ਲੱਗੇ ਸੈਂਸਰਾਂ ’ਤੇ ਆਧਾਰਿਤ ਟੋਲ ਪ੍ਰਣਾਲੀ ਲਾਗੂ ਕਰਨ ਦੀ ਦਿਸ਼ਾ ਵਿਚ ਕਦਮ ਚੁੱਕਿਆ ਹੈ। ਇਸ ਨਾਲ ਵਾਹਨ ਚਾਲਕਾਂ ਨੂੰ ਟੋਲ ਅਦਾ ਕਰਨ ਲਈ ਰੁਕਣ ਜਾਂ ਆਪਣੀ ਰਫ਼ਤਾਰ ਘਟਾਉਣ ਦੀ ਲੋੜ ਨਹੀਂ ਪਵੇਗੀ ਅਤੇ ਉਹ ਆਮ ਰਫ਼ਤਾਰ ਨਾਲ ਹੀ ਸਫ਼ਰ ਜਾਰੀ ਰੱਖ ਸਕਣਗੇ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ 30 ਅਕਤੂਬਰ ਨੂੰ ਇਸ ਸਬੰਧੀ ਸਰਕੂਲਰ ਜਾਰੀ ਕੀਤਾ ਹੈ। ਨਵੀਂ ਪ੍ਰਣਾਲੀ ਦੇ ਘੇਰੇ ਵਿੱਚ ਦੇਸ਼ ਭਰ ਦੇ ਲਗਭਗ 35 ਹਜ਼ਾਰ ਕਿਲੋਮੀਟਰ ਨਿਰਮਾਣ ਅਧੀਨ ਕੌਮੀ ਮਾਰਗ ਅਤੇ 20 ਹਜ਼ਾਰ ਕਿਲੋਮੀਟਰ ਤੋਂ ਵੱਧ ਪ੍ਰਸਤਾਵਿਤ ਕੌਮੀ ਮਾਰਗ ਸ਼ਾਮਲ ਹੋਣਗੇ। ਇਸ ਤਰ੍ਹਾਂ 55 ਹਜ਼ਾਰ ਕਿਲੋਮੀਟਰ ਤੋਂ ਵੱਧ ਲੰਬੇ ਸੜਕੀ ਨੈੱਟਵਰਕ ’ਤੇ ਆਧੁਨਿਕ ਤਕਨੀਕ ਰਾਹੀਂ ਟੋਲ ਵਸੂਲੀ ਦੀ ਯੋਜਨਾ ਹੈ। ਨਵੀਂ ਪ੍ਰਣਾਲੀ ਵਿਚ ਆਟੋਮੈਟਿਕ ਨੰਬਰ ਪਲੇਟ ਰਿਕੋਗਨੀਸ਼ਨ (ਏ.ਐੱਨ.ਪੀ.ਆਰ.) ਕੈਮਰਿਆਂ ਅਤੇ ਫਾਸਟੈਗ ਸਕੈਨਰਾਂ ਦੀ ਮਦਦ ਨਾਲ ਵਾਹਨਾਂ ਦੀ ਪਛਾਣ ਕਰਕੇ ਟੋਲ ਦੀ ਰਕਮ ਆਪਣੇ ਆਪ ਵਸੂਲੀ ਜਾਵੇਗੀ। ਇਸ ਦੇ ਨਾਲ ਹੀ ਗਲੋਬਲ ਨੇਵੀਗੇਸ਼ਨ ਸੈਟੇਲਾਈਟ ਸਿਸਟਮ (ਜੀ.ਐੱਨ.ਐੱਸ.ਐੱਸ.) ਆਧਾਰਿਤ ਤਕਨੀਕ ਰਾਹੀਂ ਵਾਹਨ ਵੱਲੋਂ ਤੈਅ ਕੀਤੀ ਗਈ ਅਸਲ ਦੂਰੀ ਦਾ ਹਿਸਾਬ ਲਗਾਇਆ ਜਾਵੇਗਾ। ਇਸ ਦਾ ਮੁੱਖ ਉਦੇਸ਼ ‘ਜਿੰਨੀ ਦੂਰੀ, ਉਨਾ ਟੋਲ’ ਦੇ ਸਿਧਾਂਤ ਨੂੰ ਲਾਗੂ ਕਰਨਾ ਹੈ, ਤਾਂ ਜੋ ਵਾਹਨ ਚਾਲਕਾਂ ਨੂੰ ਪੂਰੇ ਟੋਲ ਪਲਾਜ਼ਾ ਜਾਂ ਨਿਰਧਾਰਤ ਸੜਕੀ ਹਿੱਸੇ ਦੀ ਇਕਮੁਸ਼ਤ ਫੀਸ ਦੇਣ ਦੀ ਬਜਾਏ ਸਿਰਫ਼ ਤੈਅ ਕੀਤੀ ਦੂਰੀ ਅਨੁਸਾਰ ਹੀ ਭੁਗਤਾਨ ਕਰਨਾ ਪਵੇ।