ਜਲੰਧਰ ਦੇ ਹਾਕੀ ਸਟੇਡੀਅਮ ’ਚ ‘ਸਾਡਾ ਪਿੰਡ’ ਬਣਿਆ ਖਿੱਚ ਦਾ ਕੇਂਦਰ
ਜਲੰਧਰ, 30 ਅਕਤੂਬਰ (ਡਾ. ਜਤਿੰਦਰ ਸਾਬੀ)-ਨਾਗਰਿਕਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਦੀ ਇਕ ਵਿਲੱਖਣ ਪਹਿਲਕਦਮੀ ਵਜੋਂ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਚੱਲ ਰਹੀ ‘ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ’ ਦੌਰਾਨ ਬਰਲਟਨ ਪਾਰਕ ਸਥਿਤ ਉਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿਚ ‘ਸਾਡਾ ਪਿੰਡ’ ਸਥਾਪਤ ਕੀਤਾ ਗਿਆ ਹੈ।
ਜਲੰਧਰ, 30 ਅਕਤੂਬਰ (ਡਾ. ਜਤਿੰਦਰ ਸਾਬੀ)-ਨਾਗਰਿਕਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਦੀ ਇਕ ਵਿਲੱਖਣ ਪਹਿਲਕਦਮੀ ਵਜੋਂ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਚੱਲ ਰਹੀ ‘ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ’ ਦੌਰਾਨ ਬਰਲਟਨ ਪਾਰਕ ਸਥਿਤ ਉਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿਚ ‘ਸਾਡਾ ਪਿੰਡ’ ਸਥਾਪਤ ਕੀਤਾ ਗਿਆ ਹੈ। ਪੰਜਾਬ ਦੀ ਅਮੀਰ ਪੇਂਡੂ ਵਿਰਾਸਤ ਦੀ ਝਲਕ ਦਿਖਾਉਣ ਲਈ ਤਿਆਰ ਕੀਤਾ ਗਿਆ ਇਹ ਸੱਭਿਆਚਾਰਕ ਕੇਂਦਰ ਲੋਕਾਂ ’ਚ ਖਿੱਚ ਦਾ ਵੱਡਾ ਕੇਂਦਰ ਬਣ ਗਿਆ ਹੈ। ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਨਿੰਦਰ ਕੌਰ ਬਰਾੜ ਨੇ ਅੱਜ ‘ਸਾਡਾ ਪਿੰਡ’ ਦਾ ਦੌਰਾ ਕੀਤਾ ਅਤੇ ਉਥੇ ਆਏ ਲੋਕਾਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਕਿਹਾ ਕਿ ਇਥੋਂ ਦਾ ਮਾਹੌਲ ਰਵਾਇਤੀ ਪੰਜਾਬੀ ਜੀਵਨ ਨੂੰ ਬਹੁਤ ਵਾਸਤਵਿਕ ਢੰਗ ਨਾਲ ਪੇਸ਼ ਕਰਦਾ ਹੈ। ਇਸ ਪ੍ਰਦਰਸ਼ਨੀ ਵਿਚ ਪੇਂਡੂ ਜੀਵਨ ਦੀਆਂ ਵਿਸ਼ੇਸ਼ ਝਲਕੀਆਂ ਦੇਖਣ ਨੂੰ ਮਿਲਦੀਆਂ ਹਨ, ਜਿਨ੍ਹਾਂ ਵਿਚ ਹੱਥ ਨਾਲ ਬੁਣੇ ਦੇਸੀ ਮੰਜੇ, ਬਰੀਕ ਕਢਾਈ, ਕਣਕ ਸਟੋਰ ਕਰਨ ਵਾਲੇ ਰਵਾਇਤੀ ਢਾਂਚੇ, ਵਿਰਾਸਤੀ ਖੂਹ, ਕੰਧਾਂ ’ਤੇ ਕੀਤੀ ਗਈ ਕਲਾਕਾਰੀ ਅਤੇ ਹਾਕੀ ਦੇ ਮਾਣਮੱਤੇ ਇਤਿਹਾਸ ਨੂੰ ਸਮਰਪਿਤ ਇਕ ਵਿਸ਼ੇਸ਼ ਦੀਵਾਰ ਸ਼ਾਮਿਲ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਅਮੀਰ ਵਿਰਸੇ ਨਾਲ ਰੂ-ਬਰੂ ਹੋਣ ਲਈ ਸੈਂਕੜੇ ਲੋਕ, ਜਿਨ੍ਹਾਂ ਵਿਚ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵੀ ਸ਼ਾਮਿਲ ਹਨ, ਰੋਜ਼ਾਨਾ ਇੱਥੇ ਆ ਰਹੇ ਹਨ।