11 ਸਾਲ ਪੁਰਾਣੇ ਕਤਲ ਦੇ ਕੇਸ ’ਚ ਮਾਂ-ਪੁੱਤ ਨੂੰ ਉਮਰ ਕੈਦ
ਬਠਿੰਡਾ, 30 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਬਠਿੰਡਾ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਨੇ ਕਰੀਬ 11 ਸਾਲ ਪੁਰਾਣੇ ਕਤਲ ਦੇ ਇਕ ਮਾਮਲੇ ਵਿਚ ਮਾਂ-ਪੁੱਤ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਵਾਂ ਨੂੰ 20-20 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਹੈ।
ਬਠਿੰਡਾ, 30 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਬਠਿੰਡਾ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਨੇ ਕਰੀਬ 11 ਸਾਲ ਪੁਰਾਣੇ ਕਤਲ ਦੇ ਇਕ ਮਾਮਲੇ ਵਿਚ ਮਾਂ-ਪੁੱਤ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਵਾਂ ਨੂੰ 20-20 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਹੈ। ਦੱਸਣਯੋਗ ਹੈ ਕਿ ਬ੍ਰਿਜ ਲਾਲ ਪੁੱਤਰ ਤਿੱਤਰ ਮੱਲ ਵਾਸੀ ਮੌੜ ਮੰਡੀ ਦੇ ਥਾਣਾ ਮੌੜ ਦੀ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਸੀ ਕਿ ਉਸ ਦੇ ਦੋ ਬੇਟੇ ਰਮਨੀਕ ਕੁਮਾਰ ਤੇ ਰਜਿੰਦਰ ਕੁਮਾਰ ਹਨ। 12 ਜੂਨ 2015 ਦੀ ਸ਼ਾਮ ਉਸ ਦੀ ਕੁੜਮਣੀ ਮਹਿੰਦਰਜੀਤ ਕੌਰ ਨੇ ਫ਼ੋਨ ਕਰਕੇ ਕਿਹਾ ਕਿ ਰਮਨੀਕ ਅੱਜ ਫੇਰ ਘਰ ਨਹੀਂ ਆਇਆ, ਤੁਸੀਂ ਆਓ, ਪਰ ਮੈਂ ਵਾਰ-ਵਾਰ ਫ਼ੋਨ ਕਰਨ ‘ਤੇ ਸਵੇਰੇ ਰਮਨੀਕ ਦੇ ਘਰ ਗਿਆ, ਜਿਥੇ ਪਹਿਲਾਂ ਹੀ ਰਮਨੀਕ ਦਾ ਸਾਲਾ ਮਨੋਜ ਅਤੇ ਸਵਰਨ ਸਿੰਘ, ਜੋ ਮਹਿੰਦਰਜੀਤ ਕੌਰ ਦਾ ਭਰਾ ਹੈ, ਬੈਠੇ ਸਨ। ਬ੍ਰਿਜ ਲਾਲ ਮੁਤਾਬਿਕ ਮੇਰੇ ਪਿੱਛੇ ਦੂਜਾ ਲੜਕਾ ਰਜਿੰਦਰ ਕੁਮਾਰ ਵੀ ਆ ਗਿਆ, ਜਿਸ ਨੂੰ ਵੇਖਦਿਆਂ ਤਿੰਨੋਂ ਤੈਸ਼ ‘ਚ ਆ ਗਏ ਅਤੇ ਮਨੋਜ ਨੇ ਕੁਰਸੀ ਚੁੱਕ ਕੇ ਰਜਿੰਦਰ ਦੇ ਛਾਤੀ ‘ਚ ਮਾਰੀ ਅਤੇ ਸਵਰਨ ਵਲੋਂ ਚਲਾਈ ਕੁਰਸੀ ਰਜਿੰਦਰ ਦੇ ਮੂੰਹ ‘ਤੇ ਵੱਜੀ, ਜਦਕਿ ਮਹਿੰਦਰਜੀਤ ਕੌਰ ਨੇ ਉਸ ਦੇ ਮੂੰਹ ‘ਤੇ ਘਰੂਟ ਮਾਰੇ। ਇਸ ਦੌਰਾਨ ਮੇਰੇ ਵਲੋਂ ਰੌਲਾ ਪਾਏ ਜਾਣ ‘ਤੇ ਆਸ-ਪਾਸ ਦੇ ਲੋਕ ਇਕੱਠੇ ਹੋਏ ਅਤੇ ਅਸੀਂ ਜਖ਼ਮੀ ਹਾਲਤ ‘ਚ ਰਜਿੰਦਰ ਨੂੰ ਚੁੱਕ ਕੇ ਸਿਵਲ ਹਸਪਤਾਲ ਦਾਖਲ ਕਰਵਾਇਆ, ਜਿਥੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਬ੍ਰਿਜ ਦੇ ਬਿਆਨਾਂ ਦੇ ਆਧਾਰ ‘ਤੇ ਮਨੋਜ ਕੁਮਾਰ ਵਾਸੀ ਮਾਨਸਾ, ਮਹਿੰਦਰਜੀਤ ਕੌਰ ਵਾਸੀ ਸਰਾਭਾ ਨਗਰ, ਰਾਮਪੁਰਾ ਅਤੇ ਸਵਰਨ ਸਿੰਘ ਵਾਸੀ ਦਿਆਲਪੁਰਾ ਮਿਰਜ਼ਾ ਖ਼ਿਲਾਫ਼ ਧਾਰਾ 302, 34 ਆਈ.ਪੀ.ਸੀ. ਤਹਿਤ ਮੁਕੱਦਮਾ ਦਰਜ ਕਰ ਲਿਆ ਸੀ। ਪਰ ਚਲਦੇ ਕੇਸ ਦੌਰਾਨ ਸਵਰਨ ਸਿੰਘ ਦੀ ਮੌਤ ਹੋ ਗਈ ਸੀ। ਜਦਕਿ ਮਨੋਜ ਕੁਮਾਰ ਅਤੇ ਮਹਿੰਦਰਜੀਤ ਕੌਰ ਖ਼ਿਲਾਫ਼ ਕੇਸ ਚੱਲ ਰਿਹਾ ਸੀ। ਇਸ ਮਾਮਲੇ ਵਿਚ ਅਦਾਲਤ ਨੇ ਮੁੱਦਈ ਪੱਖ ਦੇ ਵਕੀਲ ਹਰਪਿੰਦਰ ਸਿੰਘ ਸਿੱਧੂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਮਹਿੰਦਰਜੀਤ ਕੌਰ ਅਤੇ ਮਨੋਜ ਕੁਮਾਰ ਨੂੰ ਉਮਰ ਕੈਦ ਅਤੇ 20-20 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।