ਐੱਸ. ਏ. ਐੱਸ. ਨਗਰ, 30 ਅਕਤੂਬਰ (ਕਪਿਲ ਵਧਵਾ)- ਭਾਈ ਜਗਤਾਰ ਸਿੰਘ ਹਵਾਰਾ ਦੇ ਧਰਮੀ ਪਿਤਾ ਅਤੇ ਕੌਮੀ ਇਨਸਾਫ਼ ਮੋਰਚੇ ਦੇ ਸਰਪ੍ਰਸਤ ਗੁਰਚਰਨ ਸਿੰਘ ਦੀ ਏ. ਆਈ. ਰਾਹੀਂ ਕਥਿਤ ਤੌਰ ’ਤੇ ਫਰਜ਼ੀ ਅਸ਼ਲੀਲ ਵੀਡੀਓ ਤਿਆਰ ਕਰਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰਚਰਨ ਸਿੰਘ ਨੇ ਇਸ ਨੂੰ ਉਨ੍ਹਾਂ ਦੇ ਅਕਸ ਨੂੰ ਖ਼ਰਾਬ ਕਰਨ ਦੀ ਸਾਜਿਸ਼ ਦੱਸਦਿਆਂ ਮੁਹਾਲੀ ਦੇ ਸਾਈਬਰ ਕ੍ਰਾਈਮ ਥਾਣੇ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ’ਚ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਇਕ ਵਿਅਕਤੀ ‘ਤੇ ਸ਼ੱਕ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਸਾਲ 2022 ਤੋਂ ਉਨ੍ਹਾਂ ਨਾਲ ਨਿੱਜੀ ਰੰਜਿਸ਼ ਰੱਖਦਾ ਆ ਰਿਹਾ ਹੈ ਅਤੇ ਸੋਸ਼ਲ ਮੀਡੀਆ ’ਤੇ ਵੀ ਉਨ੍ਹਾਂ ਖ਼ਿਲਾਫ਼ ਅਕਸਰ ਗ਼ਲਤ ਪੋਸਟਾਂ ਪਾਉਂਦਾ ਆ ਰਿਹਾ ਹੈ। ਉਨ੍ਹਾਂ ਪੁਲਿਸ ਤੋਂ ਵੀਡੀਓ ਬਣਾਉਣ, ਅੱਪਲੋਡ ਕਰਨ ਅਤੇ ਅੱਗੇ ਸਾਂਝੀ ਕਰਨ ਵਾਲਿਆਂ ਦੀ ਪਛਾਣ ਕਰਕੇ ਕਾਰਵਾਈ ਕਰਨ ਦੇ ਨਾਲ-ਨਾਲ ਯੂ-ਟਿਊਬ ਸਮੇਤ ਸਾਰੇ ਪਲੇਟਫਾਰਮਾਂ ਤੋਂ ਵੀਡੀਓ ਹਟਵਾਉਣ ਦੀ ਮੰਗ ਕੀਤੀ। ਫ਼ਿਲਹਾਲ ਮੁਹਾਲੀ ਸਾਈਬਰ ਕ੍ਰਾਈਮ ਥਾਣੇ ਦੀ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।