ਚੰਨੀ ਦੀ ਅਗਵਾਈ ’ਚ ਪੰਜਾਬ ਕਾਂਗਰਸ ਵਲੋਂ ਰਣਨੀਤਕ ਤਿਆਰੀ ਲਈ ਪ੍ਰਚਾਰ ਕਮੇਟੀ ਦੀ ਮੀਟਿੰਗ
ਚੰਡੀਗੜ੍ਹ, 22 ਅਕਤੂਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਸਰਗਰਮੀਆਂ ਤੇਜ਼ ਹੋਣ ਲੱਗੀਆਂ ਹਨ। ਇਸੇ ਤਹਿਤ ਪੰਜਾਬ ਕਾਂਗਰਸ ਦੀ ਪ੍ਰਚਾਰ ਕਮੇਟੀ ਦੀ ਅਹਿਮ ਮੀਟਿੰਗ ਕਮੇਟੀ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਹੋਈ, ਉਨ੍ਹਾਂ ਨਾਲ ਪ੍ਰਧਾਨ ਪਰਗਟ ਸਿੰਘ, ਰਾਣਾ ਗੁਰਜੀਤ ਸਿੰਘ ਤੇ ਹੋਰ ਆਗੂ ਹਾਜ਼ਰ ਸਨ ।
ਚੰਡੀਗੜ੍ਹ, 22 ਅਕਤੂਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਸਰਗਰਮੀਆਂ ਤੇਜ਼ ਹੋਣ ਲੱਗੀਆਂ ਹਨ। ਇਸੇ ਤਹਿਤ ਪੰਜਾਬ ਕਾਂਗਰਸ ਦੀ ਪ੍ਰਚਾਰ ਕਮੇਟੀ ਦੀ ਅਹਿਮ ਮੀਟਿੰਗ ਕਮੇਟੀ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਹੋਈ, ਉਨ੍ਹਾਂ ਨਾਲ ਪ੍ਰਧਾਨ ਪਰਗਟ ਸਿੰਘ, ਰਾਣਾ ਗੁਰਜੀਤ ਸਿੰਘ ਤੇ ਹੋਰ ਆਗੂ ਹਾਜ਼ਰ ਸਨ । ਮੀਟਿੰਗ ਵਿਚ ਚੋਣ ਪ੍ਰਚਾਰ ਦੀ ਰੂਪ-ਰੇਖਾ, ਮੁੱਖ ਸਿਆਸੀ ਮੁੱਦਿਆਂ ਤੇ ਵਿਰੋਧੀ ਪਾਰਟੀਆਂ ਦੀ ਰਣਨੀਤੀ ਦਾ ਮੁਕਾਬਲਾ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ । ਕਾਂਗਰਸ ਲਈ ਆਉਣ ਵਾਲੀਆਂ ਚੋਣਾਂ ਸੱਤਾ ਵਿਚ ਵਾਪਸੀ ਦੇ ਨਾਲ-ਨਾਲ ਸੂਬੇ ਵਿਚ ਆਪਣੀ ਸਿਆਸੀ ਪਕੜ ਮਜ਼ਬੂਤ ਕਰਨ ਤੇ ਵੋਟਰਾਂ ਦਾ ਭਰੋਸਾ ਜਿੱਤਣ ਦੀ ਚੁਣੌਤੀ ਵੀ ਹਨ। ਪਾਰਟੀ ਅੰਦਰੂਨੀ ਮਤਭੇਦਾਂ ਦੇ ਦੌਰਾਨ ਪ੍ਰਚਾਰ ਕਮੇਟੀ ਦੇ ਕੰਮਕਾਜ ਨੂੰ ਸਰਗਰਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ । ਮੀਟਿੰਗ ਦੌਰਾਨ ਬੇਰੁਜ਼ਗਾਰੀ, ਨਸ਼ਿਆਂ ਦੀ ਸਮੱਸਿਆ, ਕਿਸਾਨੀ ਸੰਕਟ, ਉਦਯੋਗਾਂ ਦੀ ਸਥਿਤੀ, ਸੂਬੇ ਦੀ ਆਰਥਿਕਤਾ, ਕਾਨੂੰਨ-ਵਿਵਸਥਾ ਅਤੇ ਨੌਜਵਾਨਾਂ ਦੇ ਭਵਿੱਖ ਵਰਗੇ ਮੁੱਦਿਆਂ ਨੂੰ ਚੋਣ ਪ੍ਰਚਾਰ ਦਾ ਕੇਂਦਰ ਬਣਾਉਣ ’ਤੇ ਚਰਚਾ ਹੋਈ । ਆਗੂਆਂ ਨੇ ਮਹਿਸੂਸ ਕੀਤਾ ਕਿ ਸਿਰਫ਼ ਸਰਕਾਰ ਦੀ ਆਲੋਚਨਾ ਕਰਨ ਦੀ ਬਜਾਏ ਲੋਕਾਂ ਸਾਹਮਣੇ ਠੋਸ ਬਦਲ ਅਤੇ ਵਿਹਾਰਕ ਹੱਲ ਪੇਸ਼ ਕਰਨੇ ਵੀ ਜ਼ਰੂਰੀ ਹੋਣਗੇ । ਪੰਜਾਬ ਵਿਚ ਆਮ ਆਦਮੀ ਪਾਰਟੀ ਆਪਣੀਆਂ ਸਰਕਾਰੀ ਯੋਜਨਾਵਾਂ ਅਤੇ ਕਾਰਗੁਜ਼ਾਰੀ, ਭਾਜਪਾ ਕੇਂਦਰ ਸਰਕਾਰ ਦੀਆਂ ਨੀਤੀਆਂ ਤੇ ਸ਼੍ਰੋਮਣੀ ਅਕਾਲੀ ਦਲ ਆਪਣੇ ਖੇਤਰੀ ਤੇ ਪੰਥਕ ਮੁੱਦਿਆਂ ਨੂੰ ਆਧਾਰ ਬਣਾ ਸਕਦੇ ਹਨ। ਅਜਿਹੇ ਹਾਲਾਤ ਵਿੱਚ ਕਾਂਗਰਸ ਨੂੰ ਆਪਣਾ ਚੋਣ ਏਜੰਡਾ ਸਪੱਸ਼ਟ ਕਰਨ ਦੀ ਲੋੜ ਹੈ। ਇਸ ਤੋਂ ਇਲਾਵਾ ਪਾਰਟੀ ਦੀ ਏਕਤਾ ਕਾਇਮ ਰੱਖਣ, ਵਰਕਰਾਂ ਤੱਕ ਸੰਦੇਸ਼ ਪਹੁੰਚਾਉਣ ਅਤੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨਾਲ ਸਿੱਧਾ ਸੰਵਾਦ ਸਥਾਪਤ ਕਰਨ ਬਾਰੇ ਵੀ ਵਿਚਾਰ ਕੀਤਾ ਗਿਆ। ਹਾਲਾਂਕਿ, ਕਾਂਗਰਸ ਦੀ ਅੰਤਿਮ ਪ੍ਰਚਾਰ ਰਣਨੀਤੀ ਅਤੇ ਤਰਜੀਹਾਂ ਬਾਰੇ ਸਪੱਸ਼ਟਤਾ ਅਗਲੇ ਫ਼ੈਸਲਿਆਂ ਤੋਂ ਬਾਅਦ ਹੀ ਸਾਹਮਣੇ ਆਵੇਗੀ।