ਤਿਉਹਾਰੀ ਸੀਜ਼ਨ ਤੋੜੇਗਾ ਪਿਛਲੇ ਸਾਲ ਦੇ ਮੁਕਾਬਲੇ ਕਾਰੋਬਾਰ ਦਾ ਰਿਕਾਰਡ
ਜਲੰਧਰ, 20 ਅਕਤੂਬਰ -ਤਿਉਹਾਰੀ ਸੀਜ਼ਨ ਦੌਰਾਨ ਬਾਜ਼ਾਰਾਂ ਵਿਚ ਖਰੀਦਦਾਰੀ ਦਾ ਉਤਸ਼ਾਹ ਲਗਾਤਾਰ ਵਧ ਰਿਹਾ ਹੈ। ਦੁਸਹਿਰੇ ਤੋਂ ਲੈ ਕੇ ਦੀਵਾਲੀ ਤੱਕ ਦੇ ਇਸ ਖਾਸ ਸਮੇਂ ਦੌਰਾਨ ਕਾਰੋਬਾਰ ਵਿਚ ਵੱਡਾ ਉਛਾਲ ਆਉਣ ਦੀ ਸੰਭਾਵਨਾ ਹੈ।
ਜਲੰਧਰ, 20 ਅਕਤੂਬਰ -ਤਿਉਹਾਰੀ ਸੀਜ਼ਨ ਦੌਰਾਨ ਬਾਜ਼ਾਰਾਂ ਵਿਚ ਖਰੀਦਦਾਰੀ ਦਾ ਉਤਸ਼ਾਹ ਲਗਾਤਾਰ ਵਧ ਰਿਹਾ ਹੈ। ਦੁਸਹਿਰੇ ਤੋਂ ਲੈ ਕੇ ਦੀਵਾਲੀ ਤੱਕ ਦੇ ਇਸ ਖਾਸ ਸਮੇਂ ਦੌਰਾਨ ਕਾਰੋਬਾਰ ਵਿਚ ਵੱਡਾ ਉਛਾਲ ਆਉਣ ਦੀ ਸੰਭਾਵਨਾ ਹੈ। ਅਨੁਮਾਨਾਂ ਅਨੁਸਾਰ ਤਿਉਹਾਰੀ ਸੀਜ਼ਨ ਦੌਰਾਨ ਕਾਰੋਬਾਰ ਪਿੱਛਲੇ ਸਾਲ ਦੇ ਮੁਕਾਬਲੇ ਇਸ ਵਾਰ 6 ਲੱਖ ਕਰੋੜ ਰੁਪਏ ਤੋਂ ਵੀ ਪਾਰ ਪਹੁੰਚ ਸਕਦਾ ਹੈ। ਇਸ ਨਾਲ ਜਿੱਥੇ ਵਪਾਰੀਆਂ ਨੂੰ ਵੱਡੀ ਰਾਹਤ ਅਤੇ ਕਮਾਈ ਦੀ ਆਸ ਹੈ, ਉੱਥੇ ਹੀ ਪੰਜਾਬ ਦੇ ਜੀ.ਐੱਸ.ਟੀ. ਵਿਭਾਗ ਨੂੰ ਵੀ ਟੈਕਸ ਮਾਲੀਏ ਵਿਚ ਵਾਧਾ ਹੋਣ ਦੀ ਉਮੀਦ ਹੈ। ਤਿਉਹਾਰਾਂ ਦਾ ਮੌਸਮ ਕਾਰੋਬਾਰੀਆਂ ਲਈ ਸਾਲ ਦਾ ਸਭ ਤੋਂ ਮਹੱਤਵਪੂਰਨ ਸਮਾਂ ਮੰਨਿਆ ਜਾਂਦਾ ਹੈ। ਇਸ ਦੌਰਾਨ ਬਾਜ਼ਾਰਾਂ ਵਿਚ ਆਮ ਦਿਨਾਂ ਦੇ ਮੁਕਾਬਲੇ ਵਧੇਰੇ ਰੌਣਕ ਦੇਖਣ ਨੂੰ ਮਿਲਦੀ ਹੈ। ਦੁਕਾਨਦਾਰਾਂ ਵਲੋਂ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਦੁਕਾਨਾਂ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਹੈ। ਵਪਾਰੀਆਂ ਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿਚ ਖਰੀਦਦਾਰੀ ਹੋਰ ਤੇਜ਼ ਹੋਵੇਗੀ। ਤਿਉਹਾਰੀ ਸੀਜ਼ਨ ਦੌਰਾਨ ਲੋਕਾਂ ਵਲੋਂ ਨਵੀਆਂ ਗੱਡੀਆਂ, ਮੋਟਰਸਾਈਕਲਾਂ, ਕੱਪੜਿਆਂ, ਇਲੈਕਟ੍ਰਾਨਿਕ ਉਪਕਰਨਾਂ ਅਤੇ ਘਰੇਲੂ ਸਾਮਾਨ ਦੀ ਖਰੀਦਦਾਰੀ ਨੂੰ ਤਰਜੀਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਭਾਂਡਿਆਂ, ਮਠਿਆਈਆਂ, ਸੁੱਕੇ ਮੇਵਿਆਂ ਅਤੇ ਹੋਰ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਦੀਆਂ ਦੁਕਾਨਾਂ ’ਤੇ ਵੀ ਗਾਹਕਾਂ ਦੀ ਆਮਦ ਵਧ ਜਾਂਦੀ ਹੈ। ਦੀਵਾਲੀ ਦੇ ਨੇੜੇ ਪਟਾਕਿਆਂ ਦੀ ਵਿਕਰੀ ਵੀ ਕਾਰੋਬਾਰ ਦਾ ਇਕ ਅਹਿਮ ਹਿੱਸਾ ਬਣਦੀ ਹੈ, ਜੋ ਬਾਜ਼ਾਰਾਂ ਦੀ ਰੌਣਕ ਨੂੰ ਹੋਰ ਵਧਾਉਂਦੀ ਹੈ। ਤਿਉਹਾਰੀ ਸੀਜ਼ਨ ਵਿਚ ਕਾਰੋਬਾਰੀ ਗਤੀਵਿਧੀਆਂ ਤੇਜ਼ ਹੋਣ ਨਾਲ ਸਰਕਾਰੀ ਖਜ਼ਾਨੇ ਨੂੰ ਵੀ ਲਾਭ ਮਿਲਣ ਦੀ ਸੰਭਾਵਨਾ ਹੈ। ਵਸਤਾਂ ਦੀ ਵਿਕਰੀ ਵਿਚ ਵਾਧੇ ਨਾਲ ਜੀਐੱਸਟੀ ਦੀ ਵਸੂਲੀ ਵਧ ਸਕਦੀ ਹੈ। ਭਾਰਤੀ ਜਨਤਾ ਪਾਰਟੀ ਦੇ ਟਰੇਡ ਵਿੰਗ ਦੇ ਸੀਨੀਅਰ ਆਗੂ ਭਰਤ ਕਾਕੜੀਆ ਦਾ ਕਹਿਣਾ ਸੀ ਕਿ ਬਾਜ਼ਾਰ ਇਸ ਵੇਲੇ ਗਾਹਕਾਂ ਨਾਲ ਗੁਲਜ਼ਾਰ ਹਨ ਤਾਂ ਇਹੋ ਤੇਜ਼ੀ ਅਰਥਵਿਵਸਥਾ ਦੇ ਹੋਰ ਮਜ਼ਬੂਤ ਹੋਣ ਦਾ ਸੰਕੇਤ ਹੈ।