ਪੰਜਾਬ ਭਰ ’ਚ ਪਏ ਮੀਂਹ ਨੇ ਠੰਢ ਦਾ ਅਗੇਤਾ ਅਹਿਸਾਸ ਕਰਾਇਆ
ਚੰਡੀਗੜ੍ਹ, 28 ਸਤੰਬਰ, (ਸੁਖਵਿੰਦਰ ਸਿੰਘ ਸ਼ਾਨ)- ਮਾਨਸੂਨ ਰੁੱਤ ਦੇ ਅਖੀਰਲੇ ਦਿਨਾਂ ਦੇ ਚੱਲਦਿਆਂ ਅੱਜ ਪੰਜਾਬ ਵਿਚ ਹਲਕੇ ਤੋਂ ਭਾਰੀ ਮੀਂਹ ਪਿਆ ਹੈ। ਸੂਬੇ ਭਰ ਵਿਚ ਸਵੇਰ ਵੇਲੇ ਤੋਂ ਹੀ ਬੱਦਲ ਛਾਏ ਹੋਏ ਸਨ ਅਤੇ ਵੱਖ ਵੱਖ ਜ਼ਿਲ੍ਹਿਆਂ ਵਿਚ ਦਿਨ ਭਰ ਰੁਕ ਰੁੱਕ ਮੀਂਹ ਪੈਂਦਾ ਰਿਹਾ ।
ਚੰਡੀਗੜ੍ਹ, 28 ਸਤੰਬਰ, (ਸੁਖਵਿੰਦਰ ਸਿੰਘ ਸ਼ਾਨ)- ਮਾਨਸੂਨ ਰੁੱਤ ਦੇ ਅਖੀਰਲੇ ਦਿਨਾਂ ਦੇ ਚੱਲਦਿਆਂ ਅੱਜ ਪੰਜਾਬ ਵਿਚ ਹਲਕੇ ਤੋਂ ਭਾਰੀ ਮੀਂਹ ਪਿਆ ਹੈ। ਸੂਬੇ ਭਰ ਵਿਚ ਸਵੇਰ ਵੇਲੇ ਤੋਂ ਹੀ ਬੱਦਲ ਛਾਏ ਹੋਏ ਸਨ ਅਤੇ ਵੱਖ ਵੱਖ ਜ਼ਿਲ੍ਹਿਆਂ ਵਿਚ ਦਿਨ ਭਰ ਰੁਕ ਰੁੱਕ ਮੀਂਹ ਪੈਂਦਾ ਰਿਹਾ । ਮੀਂਹ ਨਾਲ ਦਿਨ ਦੇ ਤਾਪਮਾਨ ਵਿਚ ਅੱਜ 2 ਡਿਗਰੀ ਸੈਲਸੀਅਸ ਦੀ ਕਮੀ ਦਰਜ ਕੀਤੀ ਗਈ ਅਤੇ ਸੂਬਾ ਵਾਸੀਆਂ ਨੂੰ ਅਗੇਤਾ ਹੀ ਠੰਢ ਦਾ ਅਹਿਸਾਸ ਹੋ ਗਿਆ ਹੈ । ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਹੁਸ਼ਿਆਰਪੁਰ, ਨਵਾਂ ਸ਼ਹਿਰ, ਰੂਪਨਗਰ, ਐਸ.ਏ.ਐਸ ਨਗਰ, ਜਲੰਧਰ, ਪਟਿਆਲਾ ਅਤੇ ਫ਼ਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਪਿਆ ਹੈ । ਹੁਸ਼ਿਆਰਪੁਰ ’ਚ ਸਭ ਤੋਂ ਵੱਧ 70 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਦੋਂ ਕਿ ਜਲੰਧਰ ’ਚ 26.5, ਪਟਿਆਲਾ ’ਚ 19.2 ਅਤੇ ਐਸ.ਏ.ਐਸ ਨਗਰ ’ਚ 7.5 ਮਿਲੀਮੀਟਰ ਮੀਂਹ ਪਿਆ। ਇਸ ਤੋਂ ਬਿਨਾਂ ਕਪੂਰਥਲਾ, ਲੁਧਿਆਣਾ, ਅੰਮ੍ਰਿਤਸਰ, ਤਰਨਤਾਰਨ, ਫ਼ਿਰੋਜ਼ਪੁਰ, ਬਠਿੰਡਾ, ਮੋਗਾ, ਫ਼ਰੀਦਕੋਟ, ਬਰਨਾਲਾ, ਸੰਗਰੂਰ, ਮਾਨਸਾ, ਫ਼ਾਜ਼ਿਲਕਾ ਅਤੇ ਮੁਕਤਸਰ ਵਿਚ ਹਲਕੇ ਤੋਂ ਦਰਮਿਆਨਾ ਮੀਂਹ ਪਿਆ । ਭਲਕੇ ਵੀ ਪੰਜਾਬ ਦੇ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਜ਼ਿਲ੍ਹਿਆਂ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਨਵਾਂ ਸ਼ਹਿਰ, ਰੂਪਨਗਰ ਅਤੇ ਐਸ.ਏ.ਐਸ ਨਗਰ ਵਿਚ ਮੀਂਹ ਪੈਣ ਦਾ ਅਨੁਮਾਨ ਪ੍ਰਗਟਾਇਆ ਗਿਆ ਹੈ। ਮੀਂਹ ਪੈਣ ਕਾਰਨ ਅੱਜ ਦਿਨ ਦੇ ਤਾਪਮਾਨ ਵਿਚ 2.1 ਡਿਗਰੀ ਸੈਲਸੀਅਸ ਦੀ ਗਿਰਾਵਟ ਆਈ ਅਤੇ ਦਿਨ ਦਾ ਵੱਧ ਤੋਂ ਵੱਧ ਤਾਪਮਾਨ 31.2 ਡਿਗਰੀ ਸੈਲਸੀਅਸ ਬਠਿੰਡਾ ਵਿਚ ਦਰਜ ਕੀਤਾ ਗਿਆ, ਜਦੋਂ ਕਿ ਅੰਮ੍ਰਿਤਸਰ ’ਚ 30.2 ਡਿਗਰੀ, ਲੁਧਿਆਣਾ ’ਚ 28.4 ਡਿਗਰੀ, ਪਟਿਆਲਾ ’ਚ 27.2 ਡਿਗਰੀ, ਫ਼ਰੀਦਕੋਟ ’ਚ 30.3 ਡਿਗਰੀ, ਫ਼ਤਿਹਗੜ੍ਹ ਸਾਹਿਬ ’ਚ 27.8 ਡਿਗਰੀ, ਜਲੰਧਰ ’ਚ 28.2 ਡਿਗਰੀ, ਰੂਪਨਗਰ ’ਚ 28.7 ਡਿਗਰੀ ਅਤੇ ਐਸ.ਏ.ਐਸ. ਨਗਰ ’ਚ 25.4 ਡਿਗਰੀ ਸੈਲਸੀਅਸ ਰਿਹਾ।