ਰੁਕਾਵਟਾਂ ਦੇ ਬਾਵਜੂਦ ਬਾਸਮਤੀ ਝੋਨੇ ਦੇ ਭਾਅ ’ਚ ਤੇਜ਼ੀ-1509 ਨੇ ਛੂਹਿਆ 4300-4500 ਰੁਪਏ ਦਾ ਪੱਧਰ
ਮੂਨਕ, 28 ਸਤੰਬਰ (ਕੇਵਲ ਸਿੰਗਲਾ) - ਪੱਛਮੀ ਏਸ਼ੀਆ ਦੀ ਜੰਗੀ ਸਥਿਤੀ, ਹਾਰਮੋਜ਼ ਤੇ ਲਾਲ ਸਾਗਰ ਦੇ ਸਮੁੰਦਰੀ ਰਸਤਿਆਂ ਵਿਚ ਰੁਕਾਵਟਾਂ, ਵਧੇ ਹੋਏ ਭਾੜੇ ਤੇ ਬੀਮੇ ਦੇ ਖ਼ਰਚ ਅਤੇ ਅਮਰੀਕੀ ਟੈਰਿਫ਼ ਸਬੰਧੀ ਅਨਿਸ਼ਚਿਤਤਾ ਦੇ ਬਾਵਜੂਦ ਬਾਸਮਤੀ ਝੋਨੇ ਦੇ ਭਾਅ ਵਿਚ ਆ ਰਹੀ ਤੇਜ਼ੀ ਨੇ ਕਿਸਾਨਾਂ ਨੂੰ ਰਾਹਤ ਦਿੱਤੀ ਹੈ। ਪੰਜਾਬ ਅਤੇ ਹਰਿਆਣਾ ਦੀਆਂ ਕਈ ਮੰਡੀਆਂ ਵਿਚ 1509 ਕਿਸਮ ਦਾ ਝੋਨਾ 4300 ਰੁਪਏ ਦੇ ਆਸ-ਪਾਸ ਤੋਂ ਲੈ ਕੇ 4500 ਰੁਪਏ ਪ੍ਰਤੀ ਕੁਇੰਟਲ ਤੱਕ ਵਿਕ ਰਿਹਾ ਹੈ।
ਮੂਨਕ, 28 ਸਤੰਬਰ (ਕੇਵਲ ਸਿੰਗਲਾ) - ਪੱਛਮੀ ਏਸ਼ੀਆ ਦੀ ਜੰਗੀ ਸਥਿਤੀ, ਹਾਰਮੋਜ਼ ਤੇ ਲਾਲ ਸਾਗਰ ਦੇ ਸਮੁੰਦਰੀ ਰਸਤਿਆਂ ਵਿਚ ਰੁਕਾਵਟਾਂ, ਵਧੇ ਹੋਏ ਭਾੜੇ ਤੇ ਬੀਮੇ ਦੇ ਖ਼ਰਚ ਅਤੇ ਅਮਰੀਕੀ ਟੈਰਿਫ਼ ਸਬੰਧੀ ਅਨਿਸ਼ਚਿਤਤਾ ਦੇ ਬਾਵਜੂਦ ਬਾਸਮਤੀ ਝੋਨੇ ਦੇ ਭਾਅ ਵਿਚ ਆ ਰਹੀ ਤੇਜ਼ੀ ਨੇ ਕਿਸਾਨਾਂ ਨੂੰ ਰਾਹਤ ਦਿੱਤੀ ਹੈ। ਪੰਜਾਬ ਅਤੇ ਹਰਿਆਣਾ ਦੀਆਂ ਕਈ ਮੰਡੀਆਂ ਵਿਚ 1509 ਕਿਸਮ ਦਾ ਝੋਨਾ 4300 ਰੁਪਏ ਦੇ ਆਸ-ਪਾਸ ਤੋਂ ਲੈ ਕੇ 4500 ਰੁਪਏ ਪ੍ਰਤੀ ਕੁਇੰਟਲ ਤੱਕ ਵਿਕ ਰਿਹਾ ਹੈ। ਇਸ ਸੀਜ਼ਨ ਦੇ ਸ਼ੁਰੂ ਵਿਚ ਪੰਜਾਬ ਅਤੇ ਹਰਿਆਣਾ ਦੀਆਂ ਮੰਡੀਆਂ ਵਿਚ 1509 ਦੇ ਭਾਅ ਲਗਭਗ 3600 ਤੋਂ 3800 ਰੁਪਏ ਪ੍ਰਤੀ ਕੁਇੰਟਲ ਰਹੇ ਸਨ। ਹੁਣ 1509 ਦੀ ਆਮਦ ਵਧਣ ਦੇ ਬਾਵਜੂਦ ਇਸ ਦੇ ਭਾਅ ਵਿੱਚ ਲਗਾਤਾਰ ਮਜ਼ਬੂਤੀ ਆਉਣਾ ਬਾਸਮਤੀ ਕਾਸ਼ਤਕਾਰਾਂ ਲਈ ਰਾਹਤ ਵਾਲੀ ਗੱਲ ਮੰਨੀ ਜਾ ਰਹੀ ਹੈ। ਮਾਹਿਰਾਂ ਮੁਤਾਬਿਕ ਬਾਸਮਤੀ ਦੇ ਭਾਅ ਨੂੰ ਸਹਾਰਾ ਮਿਲਣ ਪਿੱਛੇ ਵਿਸ਼ਵ ਪੱਧਰ ’ਤੇ ਬਾਸਮਤੀ ਦੀ ਮੰਗ, ਪੁਰਾਣੇ ਸਟਾਕ ਦੀ ਕਮੀ, ਦੇਸ਼ ਵਿੱਚ ਵਧ ਰਹੀ ਖਪਤ ਅਤੇ ਨਿਰਯਾਤਕਾਂ ਵਲੋਂ ਨਵੀਂ ਫ਼ਸਲ ਦੀ ਖ਼ਰੀਦ ਮੁੱਖ ਕਾਰਨ ਹਨ। ਭਾਰਤ ਨੇ 2025-26 ਦੌਰਾਨ 65.2 ਲੱਖ ਟਨ ਬਾਸਮਤੀ ਚੌਲਾਂ ਦਾ ਨਿਰਯਾਤ ਕੀਤਾ, ਜਿਸ ਤੋਂ 50,138 ਕਰੋੜ ਰੁਪਏ ਦੀ ਵਿਦੇਸ਼ੀ ਮੁਦਰਾ ਪ੍ਰਾਪਤ ਹੋਈ। ਸਾਉਦੀ ਅਰਬ, ਇਰਾਨ, ਇਰਾਕ, ਯੂਏਈ ਅਤੇ ਯਮਨ ਭਾਰਤੀ ਬਾਸਮਤੀ ਦੇ ਪ੍ਰਮੁੱਖ ਬਾਜ਼ਾਰ ਹਨ, ਜਦਕਿ ਅਮਰੀਕਾ ਦੀ ਵੀ ਇਸ ਵਿੱਚ ਮਹੱਤਵਪੂਰਨ ਹਿੱਸੇਦਾਰੀ ਹੈ। ਹਾਲਾਂਕਿ ਪੱਛਮੀ ਏਸ਼ੀਆ ਦੀ ਮੌਜੂਦਾ ਅਸਥਿਰਤਾ ਬਾਸਮਤੀ ਦੇ ਨਿਰਯਾਤ ਲਈ ਵੱਡੀ ਚੁਣੌਤੀ ਬਣੀ ਹੋਈ ਹੈ। ਅਪ੍ਰੈਲ ਤੋਂ ਜੁਲਾਈ 2026 ਦੌਰਾਨ ਬਾਸਮਤੀ ਨਿਰਯਾਤ ਵਿਚ 22 ਫ਼ੀਸਦੀ ਦੀ ਕਮੀ ਆਈ ਤੇ ਇਹ 17.57 ਲੱਖ ਟਨ ਰਿਹਾ। ਹਾਰਮੋਜ਼ ਅਤੇ ਹੋਰ ਸਮੁੰਦਰੀ ਰਸਤਿਆਂ ਵਿਚ ਰੁਕਾਵਟਾਂ ਕਾਰਨ ਮੱਧ-ਪੂਰਬੀ ਦੇਸ਼ਾਂ ਨੂੰ ਭੇਜੀਆਂ ਜਾਣ ਵਾਲੀਆਂ ਖੇਪਾਂ ਦਾ ਭਾੜਾ ਅਤੇ ਬੀਮਾ ਖ਼ਰਚ ਵੀ ਕਾਫ਼ੀ ਵਧਿਆ ਹੈ। ਇਸ ਦੇ ਬਾਵਜੂਦ ਨਵੀਂ ਫ਼ਸਲ ਦੀ ਆਮਦ ਸ਼ੁਰੂ ਹੋਣ ਦੇ ਨਾਲ ਨਿਰਯਾਤਕਾਂ ਦੀ ਖ਼ਰੀਦ ਜਾਰੀ ਹੈ। ਵਪਾਰੀਆਂ ਨੂੰ ਸਰਦੀਆਂ ਦੇ ਮਹੀਨਿਆਂ, ਖ਼ਾਸ ਕਰਕੇ ਦਸੰਬਰ ਤੋਂ ਫਰਵਰੀ ਦੌਰਾਨ ਮੱਧ-ਪੂਰਬ ਵਿਚ ਬਾਸਮਤੀ ਦੀ ਮੰਗ ਵਧਣ ਦੀ ਉਮੀਦ ਹੈ। ਜੇਕਰ 1509 ਦੇ ਭਾਅ 4000 ਰੁਪਏ ਤੋਂ ਉੱਪਰ ਟਿਕੇ ਰਹਿੰਦੇ ਹਨ ਤਾਂ 1121, 1718, ਮੁੱਛਲ ਅਤੇ ਰਵਾਇਤੀ ਬਾਸਮਤੀ ਵਰਗੀਆਂ ਪ੍ਰੀਮੀਅਮ ਕਿਸਮਾਂ ਦੇ ਭਾਅ ਨੂੰ ਵੀ ਸਹਾਰਾ ਮਿਲ ਸਕਦਾ ਹੈ।