ਸਰਕਾਰ ਵਲੋਂ ਬੈਂਕ ਕਰਮਚਾਰੀਆਂ ਨੂੰ ਹੜਤਾਲਾਂ ਤੋਂ ਪ੍ਰਹੇਜ਼ ਤੇ ਮੁੱਦਿਆਂ ਦਾ ਗੱਲਬਾਤ ਰਾਹੀਂ ਹੱਲ ਕਰਨ ਦੀ ਅਪੀਲ
ਨਵੀਂ ਦਿੱਲੀ, 21 ਸਤੰਬਰ (ਪੀ. ਟੀ.
ਨਵੀਂ ਦਿੱਲੀ, 21 ਸਤੰਬਰ (ਪੀ.ਟੀ.ਆਈ.)-ਵਿੱਤ ਮੰਤਰਾਲੇ ਨੇ ਸੋਮਵਾਰ ਨੂੰ ਬੈਂਕ ਕਰਮਚਾਰੀਆਂ ਨੂੰ ਹੜਤਾਲਾਂ ਦਾ ਸਹਾਰਾ ਲੈਣ ਤੋਂ ਪ੍ਰਹੇਜ਼ ਕਰਨ ਅਤੇ ਆਪਣੀਆਂ ਬਾਕੀ ਮੰਗਾਂ ਦਾ ਗੱਲਬਾਤ ਰਾਹੀਂ ਹੱਲ ਕਰਨ ਦੀ ਅਪੀਲ ਕੀਤੀ, ਇਹ ਕਹਿੰਦੇ ਹੋਏ ਕਿ ਯੂਨੀਅਨਾਂ ਦੀਆਂ ਜ਼ਿਆਦਾਤਰ ਚਿੰਤਾਵਾਂ ਦਾ ਕਾਫ਼ੀ ਹੱਦ ਤੱਕ ਹੱਲ ਕੀਤਾ ਜਾ ਚੁੱਕਾ ਹੈ। ਸਰਕਾਰ ਦੀ ਇਹ ਅਪੀਲ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਵਲੋਂ 28 ਸਤੰਬਰ ਤੋਂ ਪੰਜ ਦਿਨਾਂ ਦੀ ਬੈਂਕਿੰਗ ਅਤੇ ਹੋਰ ਮੰਗਾਂ ਨੂੰ ਲੈ ਕੇ ਦਿੱਤੀ ਗਈ ਤਿੰਨ ਦਿਨਾਂ ਦੀ ਦੇਸ਼ਵਿਆਪੀ ਹੜਤਾਲ ਤੋਂ ਪਹਿਲਾਂ ਆਈ ਹੈ। ਜੇਕਰ ਹੜਤਾਲ ਹੁੰਦੀ ਹੈ, ਤਾਂ ਬੈਂਕਿੰਗ ਸੇਵਾਵਾਂ ਪੰਜ ਦਿਨਾਂ ਲਈ ਪ੍ਰਭਾਵਿਤ ਹੋ ਸਕਦੀਆਂ ਹਨ ਕਿਉਂਕਿ 28 ਸਤੰਬਰ ਤੋਂ ਪਹਿਲਾਂ ਵਾਲਾ ਵੀਕਐਂਡ ਛੁੱਟੀ ਹੈ। ਵਿੱਤ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਬਾਕੀ ਮੰਗ ਦੀ ਜਾਂਚ ਜਾਰੀ ਹੈ ਤੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਬੈਂਕਿੰਗ ਕਰਮਚਾਰੀਆਂ ਲਈ ਭਲਾਈ ਦੇ ਉਪਾਅ ਲਾਗੂ ਕੀਤੇ ਜਾ ਰਹੇ ਹਨ। ਸਰਕਾਰ ਨੇ ਭਰੋਸਾ ਦਿੱਤਾ ਕਿ ਉਹ ਬੈਂਕ ਕਰਮਚਾਰੀਆਂ ਦੀ ਭਲਾਈ ਤੇ ਖੁਸ਼ਹਾਲੀ ਲਈ ਰਚਨਾਤਮਕ ਗੱਲਬਾਤ ਰਾਹੀਂ ਉਨ੍ਹਾਂ ਦੀਆਂ ਜਾਇਜ਼ ਚਿੰਤਾਵਾਂ ਨੂੰ ਹੱਲ ਕਰਨ ਲਈ ਵਚਨਬੱਧ ਹੈ।