ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਘਰ ’ਤੇ ਗੋਲੀਬਾਰੀ
ਬਰਨਾਲਾ, 13 ਸਤੰਬਰ (ਗੁਰਪ੍ਰੀਤ ਸਿੰਘ ਲਾਡੀ, ਨਰਿੰਦਰ ਅਰੋੜਾ, ਰਾਜ ਪਨੇਸਰ)-ਸ਼ਹਿਰ ਬਰਨਾਲਾ ਨੇੜਲੇ ਪਿੰਡ ਫਰਵਾਹੀ ਵਿਖੇ ਪ੍ਰਸਿੱਧ ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਜੱਦੀ ਘਰ ਵਿਖੇ ਬੀਤੀ ਰਾਤ ਮੋਟਰਸਾਈਕਲ ’ਤੇ ਸਵਾਰ ਤਿੰਨ ਨਕਾਬਪੋਸ਼ ਵਿਅਕਤੀਆਂ ਵਲੋਂ ਗੋਲੀਬਾਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਰਾਤ 12 ਵਜੇ ਤੋਂ ਬਾਅਦ ਦੀ ਦੱਸੀ ਜਾ ਰਹੀ ਹੈ ਅਤੇ ਇਸ ਘਟਨਾ ਦੀ ਸੀ.
ਬਰਨਾਲਾ, 13 ਸਤੰਬਰ (ਗੁਰਪ੍ਰੀਤ ਸਿੰਘ ਲਾਡੀ, ਨਰਿੰਦਰ ਅਰੋੜਾ, ਰਾਜ ਪਨੇਸਰ)-ਸ਼ਹਿਰ ਬਰਨਾਲਾ ਨੇੜਲੇ ਪਿੰਡ ਫਰਵਾਹੀ ਵਿਖੇ ਪ੍ਰਸਿੱਧ ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਜੱਦੀ ਘਰ ਵਿਖੇ ਬੀਤੀ ਰਾਤ ਮੋਟਰਸਾਈਕਲ ’ਤੇ ਸਵਾਰ ਤਿੰਨ ਨਕਾਬਪੋਸ਼ ਵਿਅਕਤੀਆਂ ਵਲੋਂ ਗੋਲੀਬਾਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਰਾਤ 12 ਵਜੇ ਤੋਂ ਬਾਅਦ ਦੀ ਦੱਸੀ ਜਾ ਰਹੀ ਹੈ ਅਤੇ ਇਸ ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਈ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਜਗਸੀਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਤਿੰਨ ਨਕਾਬਪੋਸ਼ ਵਿਅਕਤੀ ਜੋ ਮੋਟਰਸਾਈਕਲ ਉਪਰ ਸਵਾਰ ਸਨ, ਨੇ ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਘਰ ’ਤੇ ਕਈ ਰਾਊਂਡ ਗੋਲੀਬਾਰੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਗੁਲਾਬ ਸਿੱਧੂ ਘਰ ਵਿਚ ਮੌਜੂਦ ਨਹੀਂ ਸੀ ਕਿਉਂਕਿ ਉਸ ਦੇ ਟੂਰ ਪ੍ਰੋਗਰਾਮ ਚੱਲ ਰਹੇ ਹਨ ਪਰ ਘਰ ਵਿਚ ਉਸ ਦੇ ਮਾਤਾ-ਪਿਤਾ ਅਤੇ ਹੋਰ ਪਰਿਵਾਰਕ ਮੈਂਬਰ ਮੌਜੂਦ ਸੀ। ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਪਿੰਡ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਅਨਸਰਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ। ਪਿੰਡ ਫਰਵਾਹੀ ਵਿਖੇ ਮੌਕੇ ’ਤੇ ਪਹੁੰਚੇ ਐਸ.ਪੀ. (ਡੀ.) ਬਰਨਾਲਾ ਸੰਜੀਵ ਗੋਇਲ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਪੁਲਿਸ ਵਲੋਂ ਮੁਕੱਦਮਾ ਦਰਜ਼ ਕਰ ਕੇ ਪੂਰੀ ਬਾਰੀਕੀ ਨਾਲ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਸਬੰਧੀ ਸਪੈਸ਼ਲ ਟੀਮ ਗਠਿਤ ਕਰ ਦਿੱਤੀ ਗਈ ਹੈ ਤੇ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਗੁਲਾਬ ਸਿੱਧੂ ਨੂੰ ਪਹਿਲਾਂ ਮਿਲੀਆਂ ਧਮਕੀਆਂ ਤੋਂ ਬਾਅਦ ਸੁਰੱਖਿਆ ਲਈ 2 ਗੰਨਮੈਨ ਦਿੱਤੇ ਗਏ ਸਨ। ਘਟਨਾ ਸਮੇਂ ਗੁਲਾਬ ਸਿੱਧੂ ਘਰ ਵਿਚ ਨਹੀਂ ਸੀ ਤੇ ਘਰ ਵਿਚ ਉਸ ਦੇ ਮਾਤਾ-ਪਿਤਾ, ਪਤਨੀ ਤੇ ਬੱਚੇ ਮੌਜੂਦ ਸਨ ਤੇ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਮੋਟਰਸਾਈਕਲ ਸਵਾਰ ਨਕਾਬਪੋਸ਼ ਵਿਅਕਤੀਆਂ ਵਲੋਂ 6-7 ਰਾਊਂਡ ਗੋਲੀਬਾਰੀ ਕੀਤੀ ਗਈ ਹੈ ਅਤੇ ਗੋਲੀਆਂ ਘਰ ਦੇ ਗੇਟ ਉਪਰ ਹੀ ਲੱਗੀਆਂ ਹਨ। ਇਸ ਮੌਕੇ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਬਲਜੀਤ ਸਿੰਘ ਵੀ ਮੌਜੂਦ ਸਨ। ਘਟਨਾ ਸਬੰਧੀ ਗੈਂਗਸਟਰ ਡੋਨੀ ਬਲ ਦੀ ਕਥਿਤ ਆਡੀਓ ਆਈ ਸਾਹਮਣੇ ਗਾਇਕ ਗੁਲਾਬ ਸਿੱਧੂ ਦੇ ਘਰ ਉਪਰ ਗੋਲੀਬਾਰੀ ਕੀਤੇ ਜਾਣ ਸਬੰਧੀ ਗੈਂਗਸਟਰ ਡੋਨੀ ਬਲ ਦੀ ਇਕ ਕਥਿਤ ਆਡੀਓ ਵੀ ਸਾਹਮਣੇ ਆਈ ਹੈ। ਜਿਸ ਵਿਚ ਇਸ਼ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਗਿਆ ਹੈ ਕਿ ‘ਇਹ ਸਿੱਧੂ ਦੇ ਨਾਂਅ ਦੀਆਂ ਰੋਟੀਆਂ ਸੇਕ ਰਿਹਾ ਹੈ, ਬੱਸ ਡਰਾਮੇ ਕਰਦਾ। ਸਿੱਧੂ ਦੇ ਦੁਸ਼ਮਣਾਂ, ਜਿਨ੍ਹਾਂ ਨੇ ਮਾਰਿਆ ਦੇ ਯਾਰਾਂ ਦੇ ਵਿਆਹ ਭੁਗਤਾ ਰਿਹਾ, ਇਹਨੂੰ ਦਿਖਦਾ ਨਹੀਂ ਕਿ ਮੈਂ ਨਹੀਂ ਜਾਣਾ। ਦੂਜਾ ਇਹਨੂੰ ਸਾਡੇ ਫ਼ੋਨ ਦੀ ਰਿੰਗ ਨਹੀਂ ਸੁਣਦੀ। ਡੋਰ ਬੈੱਲ, ਤਾਂ ਖੜਕਾਈ ਆ।’ ਹਾਲਾਂਕਿ, ‘ਅਜੀਤ’ ਇਸ ਆਡੀਓ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਨਹੀਂ ਕਰਦਾ। ਦੱਸਣਯੋਗ ਹੈ ਕਿ ਜਨਵਰੀ 2026 ਵਿਚ ਵੀ ਪੁਲਿਸ ਵਲੋਂ ਗਾਇਕ ਗੁਲਾਬ ਸਿੱਧੂ ਉਪਰ ਹਮਲਾ ਕੀਤੇ ਜਾਣ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਦੇ ਹੋਏ ਤਿੰਨ ਵਿਅਕਤੀਆਂ ਨਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਸੀ।