ਅੰਮ੍ਰਿਤਸਰ, 2 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸ੍ਰੀ ਗੁਰੂ ਰਾਮਦਾਸ ਜੀ ਵਲੋਂ ਵਰੋਸਾਈ ਹੋਈ ਗੁਰੂ ਨਗਰੀ ਅੰਮ੍ਰਿਤਸਰ ਦਾ 450 ਸਾਲਾ ਮਨਾਉਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਪਹਿਲਕਦਮੀ ਤਹਿਤ ਉਪ-ਕੁਲਪਤੀ ਪ੍ਰੋ. ਕਰਮਜੀਤ ਸਿੰਘ ਅਗਵਾਈ ਹੇਠ ‘ਅੰਮ੍ਰਿਤਸਰ 450’ ਸਲਾਹਕਾਰ ਕਮੇਟੀ ਦੀ ਪਹਿਲੀ ਮੀਟਿੰਗ ਹੋਈ। ’ਵਰਸਿਟੀ ਦੇ ਸਿੰਡੀਕੇਟ ਹਾਲ ਵਿਖੇ ਹੋਈ ਇਸ ਇਕੱਤਰਤਾ ਦੌਰਾਨ 13 ਮੈਂਬਰੀ ਸਲਾਹਕਾਰ ਕਮੇਟੀ ’ਚ ਸ਼ਾਮਿਲ ਗੁਰਜੋਤ ਕੌਰ ਸੀਨੀਅਰ ਐਗਜੀਕਿਊਟਿਵ ਅਦਾਰਾ ‘ਅਜੀਤ’, ਨਵਦੀਪ ਸਿੰਘ ਸਾਬਕਾ ਅੰਬੈਸਡਰ, ਡਾ. ਅਵਤਾਰ ਸਿੰਘ ਅਮਨਦੀਪ ਹਸਪਤਾਲ, ਹਰਜਿੰਦਰ ਸਿੰਘ ਰੰਧਾਵਾ ਪੱਤਰਕਾਰ, ਰਵਿੰਦਰ ਸਿੰਘ ਰੋਬਿਨ ਪੱਤਰਕਾਰ, ਗੁਨਬੀਰ ਸਿੰਘ, ਕੇਵਲ ਧਾਲੀਵਾਲ ਸ਼ੋ੍ਮਣੀ ਨਾਟਕਕਾਰ, ਡਾ. ਨਵਦੀਪ ਕੌਰ ਕਲਾਕਾਰ, ਡਾ. ਰਣਜੀਤ ਸਿੰਘ ਘੁੰਮਣ ਆਰਥਿਕ ਮਾਹਿਰ, ਪ੍ਰੋ: ਸਰਬਜੋਤ ਸਿੰਘ ਬਹਿਲ, ਪ੍ਰੋ: ਰਾਧਾ ਸ਼ਰਮਾ ਇਤਿਹਾਸਕਾਰ, ਕੁਲਵੰਤ ਸਿੰਘ ਅਣਖੀ ਅੰਮ੍ਰਿਤਸਰ ਵਿਕਾਸ ਮੰਚ ਅਤੇ ਹਿਮਾਨੀ ਅਰੋੜਾ ਸਮਾਜ ਸੇਵਿਕਾ ਨੇ ਸ਼ਮੂਲੀਅਤ ਕਰਦਿਆਂ ਆਪਣੇ ਵਿਚਾਰ ਅਤੇ ਸੁਝਾਅ ਸਾਂਝੇ ਕੀਤੇ। ਇਸ ਦੌਰਾਨ ਅਦਾਰਾ ‘ਅਜੀਤ’ ਦੇ ਸੀਨੀਅਰ ਐਗਜੀਕਿਊਟਿਵ ਗੁਰਜੋਤ ਕੌਰ ਨੇ ਕਿਹਾ ਕਿ ਅੰਮ੍ਰਿਤਸਰ ਦੀ ਸ਼ਤਾਬਦੀ ਮਨਾਉਣਾ ਸਾਡੇ ਲਈ ਗੌਰਵਸ਼ਾਲੀ ਹੈ। ਉਨ੍ਹਾਂ ਕਿਹਾ ਕਿ 450ਵੇਂ ਵਰ੍ਹੇ ਮੌਕੇ ਹਰੇਕ ਇਨਸਾਨ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਜਿਥੇ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ । ਉਨ੍ਹਾਂ ਕਿਹਾ ਕਿ ਇਸ ਬਾਬਤ ਲਾਇਟ ਐਂਡ ਸਾਊਂਡ ਅਤੇ ਵਿਸ਼ੇਸ਼ ਦਸਤਾਵੇਜੀ ਫ਼ਿਲਮਾਂ ਤਿਆਰ ਕਰਕੇ ਵੱਧ ਤੋਂ ਵੱਧ ਪ੍ਰਚਾਰ ਕਰਨ ਦੇ ਨਾਲ ਨਾਲ ਨਵੀਂ ਪੀੜ੍ਹੀ ਨੂੰ ਸ਼ਹਿਰ ਦੇ ਇਤਿਹਾਸ ਤੇ ਵਿਰਸੇ ਨਾਲ ਜੋੜਣਾ ਚਾਹੀਦਾ ਹੈ। ਇਸ ਮੌਕੇ ਪ੍ਰੋ: ਕਰਮਜੀਤ ਸਿੰਘ ਨੇ ਕਿਹਾ ਕਿ 2027 ’ਚ ਅੰਮ੍ਰਿਤਸਰ ਦੀ ਸਥਾਪਨਾ ਦੇ 450ਵੇਂ ਵਰ੍ਹੇ ਦਾ ਇਤਿਹਾਸਕ ਮੌਕਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਨਾਲ ਜੁੜੀ ਇਸ ਪਾਵਨ ਨਗਰੀ ਨੇ ਸਾਢੇ ਚਾਰ ਸਦੀਆਂ ਦੇ ਸਫ਼ਰ ਦੌਰਾਨ ਧਾਰਮਿਕ, ਅਧਿਆਤਮਿਕ, ਸੱਭਿਆਚਾਰਕ ਅਤੇ ਵਿੱਦਿਅਕ ਖੇਤਰਾਂ ’ਚ ਆਪਣੀ ਵਿਲੱਖਣ ਪਛਾਣ ਸਿਰਜੀ ਹੈ। ਇਸ ਪਹਿਲ ਦਾ ਇਕ ਅਹਿਮ ਨਤੀਜਾ ‘ਅੰਮ੍ਰਿਤਸਰ ਨੀਤੀ ਦਸਤਾਵੇਜ਼’ ਤਿਆਰ ਕਰਨਾ ਹੋਵੇਗਾ । ਮਾਹਿਰਾਂ ਨਾਲ ਵਿਚਾਰ-ਵਟਾਂਦਰੇ ਅਤੇ ਸਾਲ ਭਰ ਦੀਆਂ ਵਿਚਾਰ-ਚਰਚਾ ਤੋਂ ਬਾਅਦ ਤਿਆਰ ਹੋਣ ਵਾਲਾ ਇਹ ਦਸਤਾਵੇਜ਼ ਅੰਮ੍ਰਿਤਸਰ ਦੀਆਂ ਲੋੜਾਂ, ਵਿਕਾਸ ਦੀਆਂ ਸੰਭਾਵਨਾਵਾਂ ਅਤੇ ਸਰਕਾਰੀ ਏਜੰਸੀਆਂ, ਯੂਨੀਵਰਸਿਟੀਆਂ, ਖੋਜ ਸੰਸਥਾਵਾਂ, ਸੱਭਿਆਚਾਰਕ ਸੰਸਥਾਵਾਂ, ਉਦਯੋਗ, ਵਪਾਰ, ਸਮਾਜਿਕ ਸੰਸਥਾਵਾਂ ਅਤੇ ਵਿਦੇਸ਼ਾਂ ਵਿਚ ਵੱਸਦੇ ਪੰਜਾਬੀ ਭਾਈਚਾਰੇ ਦੀ ਭੂਮਿਕਾ ਬਾਰੇ ਲੰਬੇ ਸਮੇਂ ਦੀ ਦਿਸ਼ਾ ਤੈਅ ਕਰੇਗਾ। ਇਸ ਦੇ ਨਾਲ ਅੰਮ੍ਰਿਤਸਰ ਦੇ ਵੱਖ-ਵੱਖ ਪੱਖਾਂ ਨੂੰ ਦਰਸਾਉਂਦੀ ਇਕ ਵਿਸਥਾਰਤ ਪੁਸਤਿਕਾ, ਇਕ ਵਿਸ਼ਵ ਪੱਧਰੀ ਅੰਤਰਰਾਸ਼ਟਰੀ ਕਾਨਫਰੰਸ ਵੀ ਕਰਵਾਈ ਜਾਵੇਗੀ। ਯੂਨੀਵਰਸਿਟੀ ਵਲੋਂ 450 ਨੌਜਵਾਨਾਂ ਨੂੰ ‘ਅੰਮ੍ਰਿਤਸਰ ਅੰਬੈਸਡਰ’ ਵਜੋਂ ਜੋੜਨ ਦੀ ਤਜਵੀਜ਼ ਹੈ। ਡੀਨ ਅਕਾਦਮਿਕ ਮਾਮਲੇ ਪ੍ਰੋ. ਹਰਵਿੰਦਰ ਸਿੰਘ ਸੈਣੀ ਨੇ ਸਲਾਹਕਾਰ ਕਮੇਟੀ ਦੇ ਮੈਂਬਰਾਂ ਦਾ ਸਵਾਗਤ ਕੀਤਾ, ਜਦਕਿ ਰਜਿਸਟਰਾਰ ਪ੍ਰੋ. ਕੇ. ਐੱਸ. ਚਾਹਲ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੌਕੇ ਪ੍ਰੋ: ਸਤਨਾਮ ਸਿੰਘ ਦਿਓਲ ਡੀਨ, ਡਾ. ਅਮਰਜੀਤ ਸਿੰਘ ਡਾਇਰੈਕਟਰ, ਡਾ. ਅਮਰ ਸਿੰਘ ਡਾਇਰੈਕਟਰ, ਡਾ. ਮਨਜਿੰਦਰ ਸਿੰਘ ਮੁੱਖੀ ਪੰਜਾਬੀ ਵਿਭਾਗ, ਡਾ. ਅਮਨਦੀਪ ਸਿੰਘ, ਡਾ. ਭਰਤਬੀਰ ਕੌਰ, ਡਾ. ਰਵਲ ਸਿੰਘ ਔਲਖ, ਡਾ. ਪਰਮਵੀਰ ਸਿੰਘ ਮੱਲ੍ਹੀ, ਤੀਰਥ ਸਿੰਘ, ਪਾਹੁਲਪ੍ਰੀਤ ਸਿੰਘ ਆਦਿ ਹਾਜ਼ਰ ਸਨ।
‘ਅੰਮ੍ਰਿਤਸਰ 450’ ਤਹਿਤ 13 ਮੈਂਬਰੀ ਸਲਾਹਕਾਰ ਕਮੇਟੀ ਦੀ ਹੋਈ ਪਲੇਠੀ ਮੀਟਿੰਗ
ਅੰਮ੍ਰਿਤਸਰ, 2 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸ੍ਰੀ ਗੁਰੂ ਰਾਮਦਾਸ ਜੀ ਵਲੋਂ ਵਰੋਸਾਈ ਹੋਈ ਗੁਰੂ ਨਗਰੀ ਅੰਮ੍ਰਿਤਸਰ ਦਾ 450 ਸਾਲਾ ਮਨਾਉਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਪਹਿਲਕਦਮੀ ਤਹਿਤ ਉਪ-ਕੁਲਪਤੀ ਪ੍ਰੋ. ਕਰਮਜੀਤ ਸਿੰਘ ਅਗਵਾਈ ਹੇਠ ‘ਅੰਮ੍ਰਿਤਸਰ 450’ ਸਲਾਹਕਾਰ ਕਮੇਟੀ ਦੀ ਪਹਿਲੀ ਮੀਟਿੰਗ ਹੋਈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਮੀਟਿੰਗ ਦੌਰਾਨ ਉਪ ਕੁਲਪਤੀ ਪ੍ਰੋ: ਕਰਮਜੀਤ ਸਿੰਘ। ਤਸਵੀਰ : ਨਿਰਮਲ ਸਟੂਡੀਓ
03-09-2026