ਪੰਜਾਬ ਦੇ ਨੌਜਵਾਨਾਂ ਨੇ ਦੇਸ਼ ਲਈ ਸਭ ਤੋਂ ਵੱਧ ਸ਼ਹੀਦੀਆਂ ਦਿੱਤੀਆਂ-ਰਾਜਪਾਲ ਕਟਾਰੀਆ
ਫ਼ਾਜ਼ਿਲਕਾ, 23 ਅਗਸਤ (ਦਵਿੰਦਰ ਪਾਲ ਸਿੰਘ)-ਭਾਰਤ ਹਥਿਆਰਾਂ ਦੇ ਮਾਮਲੇ ਵਿਚ ਪੂਰਨ ਤੌਰ ’ਤੇ ਆਤਮ ਨਿਰਭਰ ਹੋ ਚੁੱਕਾ ਹੈ। ਦੁਸ਼ਮਣ ਦੇਸ਼ਾਂ ਦਾ ਮੁਕਾਬਲਾ ਕਰਨ ਲਈ ਕਿਸੇ ਸਮੇਂ ਭਾਰਤ ਦੂਜੇ ਦੇਸ਼ਾਂ ਦੇ ਹਥਿਆਰਾਂ ’ਤੇ ਨਿਰਭਰ ਹੁੰਦਾ ਸੀ, ਜਦਕਿ ਹੁਣ ਹਥਿਆਰਾਂ ਦਾ 64 ਫ਼ੀਸਦੀ ਦੇ ਕਰੀਬ ਹਿੱਸਾ ਭਾਰਤ ਖ਼ੁਦ ਤਿਆਰ ਕਰ ਰਿਹਾ ਹੈ।
ਫ਼ਾਜ਼ਿਲਕਾ, 23 ਅਗਸਤ (ਦਵਿੰਦਰ ਪਾਲ ਸਿੰਘ)-ਭਾਰਤ ਹਥਿਆਰਾਂ ਦੇ ਮਾਮਲੇ ਵਿਚ ਪੂਰਨ ਤੌਰ ’ਤੇ ਆਤਮ ਨਿਰਭਰ ਹੋ ਚੁੱਕਾ ਹੈ। ਦੁਸ਼ਮਣ ਦੇਸ਼ਾਂ ਦਾ ਮੁਕਾਬਲਾ ਕਰਨ ਲਈ ਕਿਸੇ ਸਮੇਂ ਭਾਰਤ ਦੂਜੇ ਦੇਸ਼ਾਂ ਦੇ ਹਥਿਆਰਾਂ ’ਤੇ ਨਿਰਭਰ ਹੁੰਦਾ ਸੀ, ਜਦਕਿ ਹੁਣ ਹਥਿਆਰਾਂ ਦਾ 64 ਫ਼ੀਸਦੀ ਦੇ ਕਰੀਬ ਹਿੱਸਾ ਭਾਰਤ ਖ਼ੁਦ ਤਿਆਰ ਕਰ ਰਿਹਾ ਹੈ। ਇਹ ਪ੍ਰਗਟਾਵਾ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਫ਼ਾਜ਼ਿਲਕਾ ਦੇ ਸਰਹੱਦੀ ਪਿੰਡ ਆਸਿਫ਼ਵਾਲਾ ਵਿਖੇ ਸ਼ਹੀਦਾਂ ਦੀ ਸਮਾਧ ’ਤੇ ਕਰਨ ਗਿਲਹੋਤਰਾ ਫਾਊਂਡੇਸ਼ਨ ਵਲੋਂ ਕਰਵਾਏ ਗਏ ‘ਰੱਖੜੀ ਸਰਹੱਦ ਕੇ ਨਾਮ-ਰਾਸ਼ਟਰ ਰਕਸ਼ਾ ਕਾ ਸਨਮਾਨ, ਭੈਣਾਂ ਕਾ ਅਭਿਮਾਨ’ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਦੁਸ਼ਮਣ ਨੇ ਭਾਰਤ ’ਤੇ ਕਈ ਵਾਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੇ ਮਨਸੂਬਿਆਂ ’ਚ ਕਾਮਯਾਬ ਨਹੀਂ ਹੋ ਸਕਿਆ।ਉਨ੍ਹਾਂ ਕਿਹਾ ਕਿ ‘ਸਰਜੀਕਲ ਸਟ੍ਰਾਈਕ’ ਦੌਰਾਨ ਭਾਰਤ ਨੇ 18 ਮਿੰਟਾਂ ਅੰਦਰ ਪਾਕਿਸਤਾਨ ਨੂੰ ਚਿੱਤ ਕਰ ਦਿੱਤਾ ਸੀ। ਪਹਿਲਗਾਮ ਹਮਲੇ ਦੌਰਾਨ ਮਾਵਾਂ-ਭੈਣਾਂ ਦੇ ਸਾਹਮਣੇ ਧਰਮ ਪੁੱਛ ਕੇ ਲੋਕਾਂ ਨੂੰ ਮਾਰਿਆ ਗਿਆ, ਜਿਸ ਦਾ ਬਦਲਾ ਸਰਕਾਰ ਨੇ ‘ਆਪ੍ਰੇਸ਼ਨ ਸੰਧੂਰ’ ਦੌਰਾਨ ਲਿਆ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਪੰਜਾਬ ਨੂੰ ਦੇਸ਼ ਦਾ ਸ਼ਹੀਦਾਂ ਦੀ ਗਿਣਤੀ ਵਿਚ ਨੰਬਰ ਇਕ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੇ ਦੇਸ਼ ਦੀ ਸੁਰੱਖਿਆ ਲਈ ਸਭ ਤੋਂ ਵੱਧ ਸ਼ਹੀਦੀਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਫ਼ੌਜ ਦੇ ਨਾਲ ਮਿਲ ਕੇ ਹਮੇਸ਼ਾ ਹੀ ਪੰਜਾਬ ਨੇ ਦੇਸ਼ ਦੀ ਰਾਖੀ ਕੀਤੀ ਹੈ ਪਰ ਅੱਜ ਪੰਜਾਬ ਨੂੰ ਨਸ਼ਾ ਬਰਬਾਦ ਕਰ ਰਿਹਾ ਹੈ, ਜਿਸ ਕਾਰਨ ਅੱਜ ਛੋਟੀ-ਛੋਟੀ ਉਮਰਾਂ ਵਿਚ ਹੀ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ। ਇਕ-ਇਕ ਘਰ ਦੇ ਤਿੰਨ-ਤਿੰਨ ਬੱਚੇ ਨਸ਼ੇ ਦੀ ਭੇਟ ਚੜ੍ਹ ਗਏ। ਉਨ੍ਹਾਂ ਪਰਿਵਾਰਾਂ ਦਾ ਦਰਦ ਸਮਝਣਾ ਚਾਹੀਦਾ ਹੈ। ਪੰਜਾਬ ਨੇ ਹਰ ਲੜਾਈ ਜਿੱਤੀ ਹੈ ਅਤੇ ਇਸ ਨਸ਼ੇ ਨੂੰ ਖ਼ਤਮ ਕਰਨ ਲਈ ਪੰਜਾਬ ਨੂੰ ਅੱਗੇ ਆਉਣਾ ਪਵੇਗਾ। ਉਨ੍ਹਾਂ ਕਿਹਾ ਕਿ ਸ਼ਰਾਬ ਦਾ ਸੇਵਨ ਕਰਨ ਵਾਲੇ ਵਿਅਕਤੀ 20 ਤੋਂ 25 ਸਾਲ ਬਾਅਦ ਮਰਦੇ ਸਨ ਪਰ ਅੱਜ ਚਿੱਟੇ ਦੇ ਨਸ਼ੇ ਕਾਰਨ ਤਿੰਨ ਸਾਲ ਵਿਚ ਹੀ ਮੌਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਇਕ ਵੱਡੀ ਚੁਨੌਤੀ ਹੈ। ਨਸ਼ੇ ਨੂੰ ਹਰਾਉਣ ਦੇ ਲਈ ਤਾਕਤਵਰ ਹੋਣਾ ਪੈਣਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਫ਼ੌਜੀ ਜਵਾਨਾਂ ਦੀ ਬਦੌਲਤ ਅੱਜ ਲੋਕ ਸਕੂਨ ਭਰੀ ਜ਼ਿੰਦਗੀ ਜੀਅ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਪੰਜਾਬ ਅਜਿਹਾ ਸੂਬਾ ਹੈ, ਜਿਸ ਨੇ ਸਭ ਤੋਂ ਜ਼ਿਆਦਾ ਡਰੋਨਾਂ ਨੂੰ ਨਸ਼ਟ ਕੀਤਾ ਹੈ। ਬਾਰਡਰ ਡਿਫੈਂਸ ਕਮੇਟੀਆਂ ਦੇ ਸਹਿਯੋਗ ਨਾਲ ਇਹ ਸੰਭਵ ਹੋ ਪਾਇਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਪਾਲ ਕਟਾਰੀਆ ਨੇ ਕਿਹਾ ਕਿ ਨਸ਼ਿਆਂ ਨੂੰ ਖ਼ਤਮ ਕਰਨ ਲਈ ਸਭ ਨੂੰ ਮਿਲ ਕੇ ਯਤਨ ਕਰਨੇ ਪੈਣਗੇ, ਜਦੋਂ ਸਾਰੇ ਮਿਲ ਕੇ ਕੋਸ਼ਿਸ਼ ਕਰਦੇ ਹਨ ਤਾਂ ਅੱਜ ਨਹੀਂ ਤਾਂ ਕੱਲ੍ਹ ਉਸ ਵਿਚ ਜਿੱਤ ਹਾਸਲ ਹੁੰਦੀ ਹੈ। ਉਨ੍ਹਾਂ ਕਿਹਾ ਸਰਹੱਦ ’ਤੇ ਰੱਖੜੀ ਮੌਕੇ ਕਰਵਾਏ ਗਏ ਸਮਾਗਮ ਵਿਚ ਭੈਣਾਂ ਨੇ ਫ਼ੌਜੀ ਭਰਾਵਾਂ ਦੇ ਗੁੱਟਾਂ ’ਤੇ ਰੱਖੜੀਆਂ ਸਜ਼ਾ ਕੇ ਇਕ ਪਿਆਰ ਦਾ ਰਿਸ਼ਤਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਫ਼ੌਜੀ ਜਵਾਨਾਂ ਨੇ ਹੀ ਆਪਣੇ ਬਲੀਦਾਨ ਦੇ ਕੇ ਭਾਰਤ ਦੀ ਰੱਖਿਆ ਅਤੇ ਤਿਰੰਗੇ ਦੀ ਸ਼ਾਨ ਰੱਖੀ ਹੈ। ਇਸ ਮੌਕੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ, ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ, ਸਮਾਜ ਸੇਵੀ ਕਰਨ ਗਿਲਹੋਤਰਾ, ਐੱਸ.ਐੱਸ.ਪੀ. ਗਗਨ ਅਜੀਤ ਸਿੰਘ, ਵਿਨੋਦ ਗੁਪਤਾ, ਅਨੀਤ ਜੈਰਥ ਪ੍ਰਧਾਨ ਨਗਰ ਕੌਂਸਲਰ ਫ਼ਾਜ਼ਿਲਕਾ, ਲੈਫ਼ਟੀਨੈਂਟ ਜਨਰਲ ਸ਼ਮਸ਼ੇਰ ਸਿੰਘ ਵਿਰਕ ਆਦਿ ਭਾਰਤੀ ਫ਼ੌਜ ਦੇ ਉੱਚ ਅਧਿਕਾਰੀ ਮੌਜੂਦ ਸਨ।