ਮੌਨਸੂਨ ਦੀ ਰਫ਼ਤਾਰ ਹੋਵੇਗੀ ਮੱਠੀ, ਅਗਲੇ ਦਿਨਾਂ ਵਿਚ ਆਮ ਤੋਂ ਘੱਟ ਮੀਂਹ ਦੀ ਸੰਭਾਵਨਾ
ਅੱਜ ਤੋਂ 26 ਅਗਸਤ ਦਰਮਿਆਨ ਪੰਜਾਬ ਸਮੇਤ ਉੱਤਰੀ ਭਾਰਤ ’ਚ ਮੀਂਹ ਦੀ ਗਤੀਵਿਧੀ ਕਮਜ਼ੋਰ ਪੈਣ ਦੇ ਆਸਾਰ
ਕੇਵਲ ਸਿੰਗਲਾ
ਮੂਣਕ, 19 ਅਗਸਤ-ਦੇਸ਼ ਦੇ ਕਈ ਹਿੱਸਿਆਂ ਵਿਚ ਮਾਨਸੂਨ ਦੀ ਸਰਗਰਮੀ ਕਾਰਨ ਰੁਕ-ਰੁਕ ਕੇ ਮੀਂਹ ਦਾ ਦੌਰ ਜਾਰੀ ਹੈ ਪਰ ਆਉਣ ਵਾਲੇ ਦਿਨਾਂ ਵਿਚ ਇਸ ਦੀ ਰਫ਼ਤਾਰ ਮੱਠੀ ਪੈਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਨੇ 31 ਜੁਲਾਈ ਨੂੰ ਜਾਰੀ ਆਪਣੇ ਲੰਬੀ ਮਿਆਦ ਦੇ ਅੰਦਾਜ਼ੇ ਵਿਚ ਅਗਸਤ ਮਹੀਨੇ ਦੌਰਾਨ ਦੇਸ਼ ਪੱਧਰ ’ਤੇ ਮੀਂਹ ਨੂੰ ਆਮ ਨਾਲੋਂ ਘੱਟ ਰਹਿਣ ਦਾ ਅੰਦਾਜ਼ਾ ਲਾਇਆ ਸੀ।
ਮੂਣਕ, 19 ਅਗਸਤ-ਦੇਸ਼ ਦੇ ਕਈ ਹਿੱਸਿਆਂ ਵਿਚ ਮਾਨਸੂਨ ਦੀ ਸਰਗਰਮੀ ਕਾਰਨ ਰੁਕ-ਰੁਕ ਕੇ ਮੀਂਹ ਦਾ ਦੌਰ ਜਾਰੀ ਹੈ ਪਰ ਆਉਣ ਵਾਲੇ ਦਿਨਾਂ ਵਿਚ ਇਸ ਦੀ ਰਫ਼ਤਾਰ ਮੱਠੀ ਪੈਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਨੇ 31 ਜੁਲਾਈ ਨੂੰ ਜਾਰੀ ਆਪਣੇ ਲੰਬੀ ਮਿਆਦ ਦੇ ਅੰਦਾਜ਼ੇ ਵਿਚ ਅਗਸਤ ਮਹੀਨੇ ਦੌਰਾਨ ਦੇਸ਼ ਪੱਧਰ ’ਤੇ ਮੀਂਹ ਨੂੰ ਆਮ ਨਾਲੋਂ ਘੱਟ ਰਹਿਣ ਦਾ ਅੰਦਾਜ਼ਾ ਲਾਇਆ ਸੀ। ਅਗਸਤ ਦੀ ਲੰਬੀ ਮਿਆਦ ਦਾ ਔਸਤ ਮੀਂਹ 254.9 ਮਿਲੀਮੀਟਰ ਮੰਨਿਆ ਜਾਂਦਾ ਹੈ ਅਤੇ ਵਿਭਾਗ ਨੇ ਇਸ ਮਹੀਨੇ ਲਈ ਲਗਭਗ 94 ਫ਼ੀਸਦੀ ਦੇ ਆਸ-ਪਾਸ ਮੀਂਹ ਰਹਿਣ ਦਾ ਅੰਦਾਜ਼ਾ ਜਤਾਇਆ ਸੀ। ਉਸ ਵੇਲੇ ਇਹ ਵੀ ਕਿਹਾ ਗਿਆ ਸੀ ਕਿ ਮਹੀਨੇ ਦੇ ਪਹਿਲੇ ਅੱਧ ਵਿਚ ਮੀਂਹ ਦੀ ਸਥਿਤੀ ਮੁਕਾਬਲਤਨ ਆਮ ਰਹਿ ਸਕਦੀ ਹੈ, ਜਦਕਿ ਬਾਅਦ ਵਿਚ ਗਤੀਵਿਧੀ ਕਮਜ਼ੋਰ ਹੋ ਸਕਦੀ ਹੈ। ਭਾਰਤੀ ਮੌਸਮ ਵਿਭਾਗ ਦੇ ਤਾਜ਼ਾ ਅੰਕੜਿਆਂ ਮੁਤਾਬਕ 20 ਅਗਸਤ ਤੋਂ ਅਗਲੇ ਕੁਝ ਦਿਨਾਂ ਲਈ ਪੰਜਾਬ ’ਚ ਕੋਈ ਭਾਰੀ ਮੀਂਹ ਦੀ ਚਿਤਾਵਨੀ ਨਹੀਂ ਦਿੱਤੀ ਗਈ। ਮੌਸਮ ਵਿਭਾਗ ਦੇ ਅੰਦਾਜ਼ੇ ਤੋਂ ਇਹ ਸੰਕੇਤ ਮਿਲਦਾ ਹੈ ਕਿ 19 ਅਗਸਤ ਦੀ ਮੀਂਹ ਵਾਲੀ ਸਰਗਰਮੀ ਤੋਂ ਬਾਅਦ 20 ਤੋਂ 26 ਅਗਸਤ ਵਿਚਕਾਰ ਪੰਜਾਬ ਸਮੇਤ ਉੱਤਰ-ਪੱਛਮੀ ਭਾਰਤ ਦੇ ਕੁਝ ਹਿੱਸਿਆਂ ਵਿਚ ਮਾਨਸੂਨ ਦੀ ਰਫ਼ਤਾਰ ਕਮਜ਼ੋਰ ਰਹਿ ਸਕਦੀ ਹੈ। ਇਸ ਤੋਂ ਸਾਫ਼ ਹੈ ਕਿ ਮੌਜੂਦਾ ਮੀਂਹ ਤੋਂ ਬਾਅਦ ਪੰਜਾਬ ਵਿਚ ਮਾਨਸੂਨ ਦੀ ਸਰਗਰਮੀ ਕੁਝ ਹੱਦ ਤੱਕ ਘਟ ਸਕਦੀ ਹੈ। ਦੂਜੇ ਪਾਸੇ, ਪੱਛਮੀ ਹਿਮਾਲਿਆਈ ਖੇਤਰ ਵਿਚ ਕਈ ਦਿਨਾਂ ਤੱਕ ਹਲਕੇ ਤੋਂ ਦਰਮਿਆਨੇ ਅਤੇ ਕਈ ਥਾਵਾਂ ‘ਤੇ ਵਿਆਪਕ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ। ਕੁਝ ਥਾਵਾਂ ‘ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਵੀ ਪੈ ਸਕਦਾ ਹੈ। ਇਸ ਦਾ ਅਸਰ ਪੰਜਾਬ ਅਤੇ ਹਰਿਆਣਾ ਸਮੇਤ ਉੱਤਰ-ਪੱਛਮੀ ਮੈਦਾਨੀ ਇਲਾਕਿਆਂ ਦੇ ਮੌਸਮ ‘ਤੇ ਵੀ ਪੈ ਸਕਦਾ ਹੈ। ਪੰਜਾਬ ਵਿਚ ਕਿਸਾਨਾਂ ਲਈ ਮਿਲੀ-ਜੁਲੀ ਸਥਿਤੀ ਮਾਨਸੂਨ ਦੀ ਗਤੀਵਿਧੀ ਵਿਚ ਆਉਣ ਵਾਲੇ ਦਿਨਾਂ ਵਿਚ ਕਮੀ ਪੰਜਾਬ ਦੇ ਖੇਤੀਬਾੜੀ ਖੇਤਰ ਲਈ ਮਿਲੀ-ਜੁਲੀ ਸਥਿਤੀ ਪੈਦਾ ਕਰ ਸਕਦੀ ਹੈ। ਜਿਥੇ ਲਗਾਤਾਰ ਜਾਂ ਬਹੁਤ ਜ਼ਿਆਦਾ ਮੀਂਹ ਕਾਰਨ ਪਾਣੀ ਖੜ੍ਹਨ ਦੀ ਸਮੱਸਿਆ ਵਾਲੇ ਖੇਤਰਾਂ ਨੂੰ ਰਾਹਤ ਮਿਲ ਸਕਦੀ ਹੈ, ਉਥੇ ਘੱਟ ਮੀਂਹ ਵਾਲੇ ਇਲਾਕਿਆਂ ਵਿਚ ਫ਼ਸਲਾਂ ਦੀ ਸਿੰਚਾਈ ਦੀ ਲੋੜ ਵਧ ਸਕਦੀ ਹੈ। ਖ਼ਾਸ ਕਰਕੇ ਝੋਨੇ ਦੀ ਫ਼ਸਲ ਲਈ ਅਗਲੇ ਦਿਨਾਂ ਦੇ ਮੌਸਮ ‘ਤੇ ਕਿਸਾਨਾਂ ਦੀ ਨਜ਼ਰ ਰਹੇਗੀ।