ਉੱਤਰ ਪ੍ਰਦੇਸ਼ ਤੋਂ ਆਮਦ ਘਟਣ ਨਾਲ ਖੰਡ ਦੀਆਂ ਕੀਮਤਾਂ ਵਿਚ ਤੇਜ਼ੀ ਜਾਰੀ ਇਕ ਮਹੀਨੇ ਵਿਚ 800 ਤੋਂ ਲੈ ਕੇ 1000 ਰੁਪਏ ਕੁਇੰਟਲ ਮਹਿੰਗੀ ਹੋ ਚੁੱਕੀ ਹੈ ਖੰਡ
ਸ਼ਿਵ ਸ਼ਰਮਾ ਜਲੰਧਰ, 5 ਅਗਸਤ-ਖੰਡ ਦੀ ਕਮੀ ਹੋਣ ਕਰਕੇ ਪਹਿਲਾਂ ਹੀ ਬਾਜ਼ਾਰ ਵਿਚ ਇਕ ਮਹੀਨੇ ਤੋਂ ਕੀਮਤਾਂ ਵਿਚ ਭਾਰੀ ਤੇਜ਼ੀ ਚੱਲ ਰਹੀ ਹੈ ਪਰ ਹੁਣ ਉੱਤਰ ਪ੍ਰਦੇਸ਼ (ਯੂ. ਪੀ.)
ਅਜੀਤ ਡੈਸਕ
06-08-2026
ਜਲੰਧਰ, 5 ਅਗਸਤ-ਖੰਡ ਦੀ ਕਮੀ ਹੋਣ ਕਰਕੇ ਪਹਿਲਾਂ ਹੀ ਬਾਜ਼ਾਰ ਵਿਚ ਇਕ ਮਹੀਨੇ ਤੋਂ ਕੀਮਤਾਂ ਵਿਚ ਭਾਰੀ ਤੇਜ਼ੀ ਚੱਲ ਰਹੀ ਹੈ ਪਰ ਹੁਣ ਉੱਤਰ ਪ੍ਰਦੇਸ਼ (ਯੂ.ਪੀ.) ਤੋਂ ਖੰਡ ਦੀ ਆਮਦ ਵਿਚ ਭਾਰੀ ਕਮੀ ਆਉਣ ਕਰਕੇ ਖੰਡ ਦੀਆਂ ਕੀਮਤਾਂ ਵਿਚ ਹੋਰ ਤੇਜ਼ੀ ਆ ਗਈ ਹੈ। ਇਕ ਜਾਣਕਾਰੀ ਮੁਤਾਬਿਕ ਉੱਤਰ ਪ੍ਰਦੇਸ਼ ਵਿਚ ਜਦੋਂ ਤੋਂ ਕਾਂਵੜ ਮੇਲਾ ਸ਼ੁਰੂ ਹੋਇਆ ਹੈ ਤਾਂ ਉਸ ਤੋਂ ਬਾਅਦ ਪੰਜਾਬ ਵਿਚ ਇਸ ਦਾ ਅਸਰ ਖੰਡ ਬਾਜ਼ਾਰ ’ਤੇ ਦੇਖਣ ਨੂੰ ਮਿਲਿਆ ਹੈ ਕਿ ਕੁਝ ਦਿਨਾਂ ਵਿਚ ਖੰਡ ਦੀ ਕੀਮਤ 150 ਤੋਂ ਲੈ ਕੇ 200 ਰੁਪਏ ਕੁਇੰਟਲ ਤੱਕ ਵਧ ਗਈ ਹੈ। ਉੱਤਰ ਪ੍ਰਦੇਸ਼ ਦੀ ਖੰਡ ਦਾ ਪੜਤਾ (ਮੁਨਾਫ਼ਾ) ਲੱਗਣ ਕਰਕੇ ਕਈ ਕਾਰੋਬਾਰੀ ਉੱਤਰ ਪ੍ਰਦੇਸ਼ ਤੋਂ ਵੀ ਖੰਡ ਮੰਗਵਾਉਂਦੇ ਹਨ, ਜਿਸ ਨਾਲ ਕਈ ਬਾਰ ਖੰਡ ਦੀਆਂ ਕੀਮਤਾਂ ਸਥਿਰ ਰਹਿੰਦੀਆਂ ਹਨ। ਬਾਜ਼ਾਰ ਸੂਤਰਾਂ ਮੁਤਾਬਿਕ ਉੱਤਰ ਪ੍ਰਦੇਸ਼ ਵਿਚ ਜਿਸ ਰਸਤੇ ਤੋਂ ਖੰਡ ਦੇ ਟਰੱਕ ਪੰਜਾਬ ਆਉਂਦੇ ਹਨ। ਉਨ੍ਹਾਂ ਰਸਤਿਆਂ ਵਿਚ ਜਿਨ੍ਹਾਂ ਵਿਚ ਸਹਾਰਨਪੁਰ ਤੇ ਹੋਰ ਰਸਤੇ ਵੀ ਸ਼ਾਮਿਲ ਹਨ। ਜੂਨ ਦੇ ਆਖ਼ਰੀ ਦਿਨਾਂ ਵਿਚ ਖੰਡ ਦੀਆਂ ਕੀਮਤਾਂ ਵਿਚ ਤੇਜ਼ੀ ਆਉਣੀ ਸ਼ੁਰੂ ਹੋਈ ਸੀ, ਜੋ ਹੁਣ ਤੱਕ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਹਨ। ਥੋਕ ਬਾਜ਼ਾਰ ਸੂਤਰਾਂ ਮੁਤਾਬਿਕ ਇਕ ਮਹੀਨੇ ਵਿਚ ਖੰਡਾਂ ਦੀ ਕੀਮਤ 800 ਰੁਪਏ ਤੋਂ ਲੈ ਕੇ 1000 ਰੁਪਏ ਕੁਇੰਟਲ ਤੱਕ ਵਧ ਚੁੱਕੀਆਂ ਹਨ। ਕੇਂਦਰ ਸਰਕਾਰ ਨੇ ਬਾਜ਼ਾਰ ਵਿਚ ਖੰਡ ਦੀਆਂ ਕੀਮਤਾਂ ਨੂੰ ਸਥਿਰ ਰੱਖਣ ਲਈ ਮਈ ਮਹੀਨੇ ਵਿਚ ਬਰਾਮਦ ’ਤੇ ਰੋਕ ਲਗਾ ਦਿੱਤੀ ਸੀ।` ਇਸ ਵੇਲੇ ਚੰਗੀਆਂ ਖੰਡਾਂ 5200 ਰੁਪਏ ਕੁਇੰਟਲ ਤੋਂ ਲੈ ਕੇ 5400 ਰੁਪਏ ਕੁਇੰਟਲ ਤੱਕ ਪੁੱਜ ਗਈਆਂ ਹਨ। ਕਾਰੋਬਾਰੀਆਂ ਮੁਤਾਬਿਕ 10 ਸਾਲ ਪਹਿਲਾਂ ਖੰਡ ਦੀ ਕੀਮਤ 5000 ਕੁਇੰਟਲ ਤੱਕ ਪੁੱਜ ਗਈ ਸੀ। ਖੰਡ ਦੀਆਂ ਕੀਮਤਾਂ ਵਿਚ ਭਾਰੀ ਤੇਜ਼ੀ ਰਹਿਣ ਕਰਕੇ ਇਸ ਬਾਰ ਦਾ ਰੱਖੜੀ ਸਮੇਤ ਹੋਰ ਤਿਉਹਾਰ ਮਹਿੰਗੇ ਰਹਿਣ ਦੀ ਸੰਭਾਵਨਾ ਹੈ। ਦੇਸ਼ ਵਿਚ 2025-26 ਵਿਚ ਖੰਡ ਦੀ ਕੁੱਲ ਖਪਤ ਕਰੀਬ 280 ਲੱਖ ਤੋਂ 290 ਲੱਖ ਮੀਟਰਿਕ ਟਨ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਮਿਠਾਈਆਂ ਅਤੇ ਬੇਕਰੀ ਵਿਚ ਖੰਡ ਦੀ 26 ਫ਼ੀਸਦੀ ਤੋਂ ਜ਼ਿਆਦਾ ਵਰਤੋਂ ਹੁੰਦੀ ਹੈ ਤੇ ਇਸ ਬਾਰੇ ਤਿਉਹਾਰੀ ਸੀਜ਼ਨ ਵਿਚ ਮਿਠਾਈਆਂ ’ਤੇ ਬੇਕਰੀ ਉਦਯੋਗ ਨਾਲ ਜੁੜੇ ਉਤਪਾਦਾਂ ’ਤੇ ਖੰਡ ਦੀਆਂ ਕੀਮਤਾਂ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ।