ਆਪ ਦੀ ਮਾਲਵਾ ’ਚ ਉਮੀਦਵਾਰ ਐਲਾਨਣ ’ਚ ਕਿਉਂ ਦੇਰੀ ਕਰ ਰਹੀ ਹੈ? ਬਾਕੀ ਰਹਿੰਦੀਆਂ 46 ਸੀਟਾਂ ਵਿਚੋਂ 38 ਮਾਲਵਾ ਨਾਲ ਸਬੰਧਿਤ
ਫ਼ਰੀਦਕੋਟ, 13 ਨਵੰਬਰ (ਜਸਵੰਤ ਸਿੰਘ ਪੁਰਬਾ)-ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ 2027 ਲਈ ਉਮੀਦਵਾਰਾਂ ਦੀਆਂ ਦੋ ਸੂਚੀਆਂ ਜਾਰੀ ਕਰਕੇ 71 ਸੀਟਾਂ ’ਤੇ ਉਮੀਦਵਾਰ ਐਲਾਨ ਚੁੱਕੀ ਹੈ। ਬਾਕੀ ਰਹਿੰਦੀਆਂ 46 ਸੀਟਾਂ ਵਿਚੋਂ ਮਾਲਵਾ ਨਾਲ 38 ਸੀਟਾਂ ਸਬੰਧਿਤ ਹਨ।
ਫ਼ਰੀਦਕੋਟ, 13 ਨਵੰਬਰ (ਜਸਵੰਤ ਸਿੰਘ ਪੁਰਬਾ)-ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ 2027 ਲਈ ਉਮੀਦਵਾਰਾਂ ਦੀਆਂ ਦੋ ਸੂਚੀਆਂ ਜਾਰੀ ਕਰਕੇ 71 ਸੀਟਾਂ ’ਤੇ ਉਮੀਦਵਾਰ ਐਲਾਨ ਚੁੱਕੀ ਹੈ। ਬਾਕੀ ਰਹਿੰਦੀਆਂ 46 ਸੀਟਾਂ ਵਿਚੋਂ ਮਾਲਵਾ ਨਾਲ 38 ਸੀਟਾਂ ਸਬੰਧਿਤ ਹਨ। ਇਨ੍ਹਾਂ ਸੀਟਾਂ ਦੇ ਪਾਰਟੀ ਨਾਲ ਸਬੰਧਿਤ ਵਿਧਾਇਕ ਹਨ ਪ੍ਰੰਤੂ ਇਸ ਵਾਰ ਉਮੀਦਵਾਰ ਐਲਾਨਣ ਵਿਚ ਦੇਰੀ ਕਿਉਂ ਕੀਤੀ ਜਾ ਰਹੀ ਹੈ? ਉਮੀਦਵਾਰਾਂ ਦੀ ਰਹਿੰਦੀ ਸੂਚੀ ਵਿਚ ਪਾਰਟੀ ਦੇ ਕਈ ਮੰਤਰੀ ਜਿਹੜੇ ਕਿ ਮਾਲਵਾ ਖੇਤਰ ਨਾਲ ਸਬੰਧਿਤ ਹਨ, ਦੇ ਬਾਰੇ ਇਹ ਚਰਚਾ ਹੈ ਕਿ ਉਨ੍ਹਾਂ ਲਈ ਜੇਤੂ ਸੀਟਾਂ ਦੀ ਅਦਲਾ ਬਦਲੀ ਕੀਤੀ ਜਾ ਸਕਦੀ ਹੈ। ਅਹਿਮ ਮੰਤਰੀਆਂ ਵਿਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਜਿਨ੍ਹਾਂ ਦੀ ਮੌਜੂਦਾ ਹਲਕੇ ਤੋਂ ਟਿਕਟ ਕੱਟ ਕੇ ਉਨ੍ਹਾਂ ਦੇ ਭਤੀਜੇ ਰਣਧੀਰ ਸਿੰਘ ਧੀਰਾ ਖੁੱਡੀਆਂ ਨੂੰ ਦੇ ਦਿੱਤੀ ਗਈ ਹੈ। ਇਹ ਵੀ ਚਰਚਾ ਹੈ ਕਿ ਗੁਰਮੀਤ ਸਿੰਘ ਖੁੱਡੀਆਂ ਨੂੰ ਲੋਕ ਸਭਾ ਹਲਕਾ ਬਠਿੰਡਾ ਦੇ ਮੌੜ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਬਣਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਹਲਕਿਆਂ ਦਾ ਵੀ ਅਜੇ ਤੱਕ ਐਲਾਨ ਨਹੀਂ ਕੀਤਾ ਗਿਆ। ਇਹ ਤਿੰਨ ਮੰਤਰੀ ਕ੍ਰਮਵਾਰ ਸੁਨਾਮ, ਦਿੜਬਾ ਅਤੇ ਮਲੋਟ ਦੀ ਨੁਮਾਇੰਦਗੀ ਕਰ ਰਹੇ ਹਨ। ਬਾਕੀ ਰਹਿੰਦੀਆਂ ਐਲਾਨ ਵਾਲੀਆਂ ਸੀਟਾਂ ਵਿਚ 34 ਸੀਟਾਂ ਸ਼ਾਮਿਲ ਹਨ। ਜਿਨ੍ਹਾਂ ਬਾਰੇ ਪਹਿਲਾਂ ਵਾਇਰਲ ਹੋਈ ਪੋਸਟ ਵਿਚ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟੇ ਜਾਣ ਦੀ ਗੱਲ ਸਾਹਮਣੇ ਆਈ ਸੀ। ਇਨ੍ਹਾਂ ਵਿਧਾਇਕਾਂ ਦੇ ਹਲਕਿਆਂ ਵਿਚ ਅਜੇ ਉਮੀਦਵਾਰਾਂ ਦਾ ਐਲਾਨ ਬਾਕੀ ਹੈ। ਰਾਜਨੀਤਿਕ ਨਜ਼ਰਾਂ ਵਿਚ ਇਹ ਗੱਲ ਵੀ ਕਹੀ ਜਾ ਰਹੀ ਹੈ ਕਿ ਇਨ੍ਹਾਂ ਹਲਕਿਆਂ ਤੋਂ ਪਾਰਟੀ ਪ੍ਰਭਾਵਸ਼ਾਲੀ ਨਵੇਂ ਉਮੀਦਵਾਰਾਂ ਦੀ ਭਾਲ ਵਿਚ ਹੈ। ਪਹਿਲੀ ਸੂਚੀ ਤੋਂ ਬਾਅਦ ਮਾਲਵਾ ਖੇਤਰ ਦੇ ਕਈ ਵਿਧਾਇਕ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨਾਲ ਮੁਲਾਕਾਤਾਂ ਵੀ ਕਰ ਆਏ ਸਨ ਪ੍ਰੰਤੂ ਦੂਜੀ ਸੂਚੀ ਵਿਚ ਵੀ ਉਨ੍ਹਾਂ ਦੀ ਉਮੀਦਵਾਰੀ ਦਾ ਐਲਾਨ ਨਹੀਂ ਹੋਇਆ। ਸ਼ਾਇਦ ਉਨ੍ਹਾਂ ਦੀ ਮਿਹਨਤ ਨੂੰ ਅਜੇ ਬੂਰ ਨਹੀਂ ਪਿਆ। ਬਾਕੀ ਰਹਿੰਦੇ ਹਲਕਿਆਂ ਵਿਚ ਖਾਸ ਕਰਕੇ ਬਠਿੰਡਾ, ਫ਼ਰੀਦਕੋਟ, ਫ਼ਿਰੋਜ਼ਪੁਰ, ਮਾਨਸਾ, ਸੰਗਰੂਰ ਦੇ ਅਹਿਮ ਹਲਕੇ ਹਨ। ਜਿਸਦੀਆਂ ਸੀਟਾਂ ’ਤੇ ਉਮੀਦਵਾਰਾਂ ਦਾ ਐਲਾਨ ਹੋਣਾ ਬਾਕੀ ਹੈ। ਇੱਥੇ ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਸਾਲ 2022 ਵਿਚ ਸਰਕਾਰ ਬਣਾਉਣ ਵਿਚ ਮਾਲਵਾ ਮਜ਼ਬੂਤ ਥੰਮ੍ਹ ਰਿਹਾ ਹੈ। ਪਾਰਟੀ ਨੇ ਮਾਲਵਾ ਦੀਆਂ 69 ਸੀਟਾਂ ਵਿਚੋਂ 66 ਸੀਟਾਂ ’ਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਸੀ। ਇਸ ਵਾਰ ਵੀ ਮਾਲਵਾ ’ਤੇ ਰਾਜਨੀਤਿਕ ਨਜ਼ਰਾਂ ਨੇ ਨਜ਼ਰ ਟਿਕਾਈ ਹੋਈ ਹੈ, ਕਿ ਪੰਜਾਬ ਵਿਚ ਅਗਲੀ ਸਰਕਾਰ ਲਈ ਕਿਸ ਪਾਰਟੀ ਨੂੰ ਇਸ ਖੇਤਰ ਵਿਚੋਂ ਵੱਧ ਸੀਟਾਂ ਨਿਕਲਦੀਆਂ ਹਨ। ਇਸ ਸਭ ਲਈ ਆਪ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਬਾਦਲ, ਭਾਜਪਾ, ਅਕਾਲੀ ਦਲ ਵਾਰਿਸ ਪੰਜਾਬ ਦੇ ਪੂਰੀ ਤਰ੍ਹਾਂ ਆਸਵੰਦ ਨਜ਼ਰ ਆ ਰਹੇ ਹਨ।