ਸਕਾਲਰਜ਼ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਕ੍ਰਿਕਟ ਮੁਕਾਬਲੇ ’ਚ ਦੂਜਾ ਸਥਾਨ ਕੀਤਾ ਹਾਸਿਲ
ਰਾਜਪੁਰਾ, 11 ਸਤੰਬਰ (ਜੀ. ਪੀ.
ਰਾਜਪੁਰਾ, 11 ਸਤੰਬਰ (ਜੀ. ਪੀ. ਸਿੰਘ)- ਸਥਾਨਕ ਸਕਾਲਰਜ਼ ਪਬਲਿਕ ਸਕੂਲ, ਰਾਜਪੁਰਾ ਦੇ ਵਿਦਿਆਰਥੀਆਂ ਨੇ 70ਵੀਂ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਪਟਿਆਲਾ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਕ੍ਰਿਕਟ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰਾਜਪੁਰਾ ਜ਼ੋਨ ਦੀ ਟੀਮ ਨੂੰ ਅੰਡਰ-17 ਲੜਕਿਆਂ ਦੇ ਵਰਗ ਵਿਚ ਦੂਜਾ ਸਥਾਨ ਹਾਸਲ ਕਰਨ ਵਿਚ ਅਹਿਮ ਯੋਗਦਾਨ ਪਾਇਆ। ਬੁੱਢਾ ਦਲ ਪਬਲਿਕ ਸਕੂਲ ਦੇ ਬੁੱਢਾ ਦਲ ਸਪੋਰਟਸ ਕੰਪਲੈਕਸ ਪਟਿਆਲਾ ਵਿਖੇ ਹੋਏ ਇਨ੍ਹਾਂ ਕ੍ਰਿਕਟ ਮੁਕਾਬਲਿਆਂ ਦਾ ਸੰਚਾਲਨ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਅਤੇ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਵਲੋਂ ਕੀਤਾ ਗਿਆ। ਰਾਜਪੁਰਾ ਜ਼ੋਨ ਦੀ ਅੰਡਰ-17 ਕ੍ਰਿਕਟ ਟੀਮ ਵਿਚ ਸਕਾਲਰਜ਼ ਪਬਲਿਕ ਸਕੂਲ ਦੇ ਵਿਦਿਆਰਥੀ ਕੈਰਵ ਸ਼ਰਮਾ ਅਤੇ ਯੁਵਰਾਜ ਸਿੰਘ ਨੇ ਹਿੱਸਾ ਲੈਂਦਿਆਂ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਦੋਵੇਂ ਖਿਡਾਰੀਆਂ ਨੇ ਟੀਮ ਲਈ ਚਾਂਦੀ ਦੇ ਤਗਮੇ ਜਿੱਤੇ। ਵਿਦਿਆਰਥੀਆਂ ਦੀ ਇਸ ਉਪਲਬਧੀ ’ਤੇ ਸਕੂਲ ਦੇ ਚੇਅਰਮੈਨ ਤਰਸੇਮ ਜੋਸ਼ੀ ਅਤੇ ਡਾਇਰੈਕਟਰ ਸੁਦੇਸ਼ ਜੋਸ਼ੀ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਵਿਦਿਆਰਥੀ ਸਕੂਲ ਦਾ ਮਾਣ ਹਨ ਅਤੇ ਉਨ੍ਹਾਂ ਦੀ ਇਹ ਸਫਲਤਾ ਸਖ਼ਤ ਮਿਹਨਤ, ਲਗਨ ਤੇ ਖੇਡ ਪ੍ਰਤੀ ਸਮਰਪਣ ਦਾ ਨਤੀਜਾ ਹੈ। ਉਨ੍ਹਾਂ ਨੇ ਇਸ ਸਫਲਤਾ ਦਾ ਸਿਹਰਾ ਕੋਚ ਦਰਸ਼ਨਦੀਪ ਸਿੰਘ ਨੂੰ ਦਿੰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ। ਸਕੂਲ ਦੀ ਪ੍ਰਿੰਸੀਪਲ ਭਾਰਤੀ ਜੋਸ਼ੀ ਨੇ ਵੀ ਜੇਤੂ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਨੂੰ ਭਵਿੱਖ ਵਿਚ ਇਸੇ ਤਰ੍ਹਾਂ ਮਿਹਨਤ ਕਰਕੇ ਖੇਡਾਂ ਦੇ ਖੇਤਰ ਵਿਚ ਹੋਰ ਉੱਚੀਆਂ ਮੰਜ਼ਿਲਾਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ।