ਚੰਦੂਮਾਜਰਾ ਦੀ ਅਕਾਲੀ ਦਲ ’ਚ ਵਾਪਸੀ ਨਾਲ ਸਨੌਰ ਹਲਕੇ ’ਚ ਪਾਰਟੀ ਮਜ਼ਬੂਤ ਹੋਈ-ਅਵਤਾਰ ਸਿੰਘ ਘਲੋੜੀ
ਸਨੌਰ, 7 ਨਵੰਬਰ (ਸੋਖਲ)-ਹਲਕਾ ਸਨੌਰ ਦੀ ਸਿਆਸਤ ਦਿਨੋਂ-ਦਿਨ ਦਿਲਚਸਪ ਮੋੜ ਲੈਂਦੀ ਜਾ ਰਹੀ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਆਪਣੀਆਂ ਸਰਗਰਮੀਆਂ ਤੇਜ਼ ਕੀਤੇ ਜਾਣ ਕਾਰਨ ਹਲਕੇ ਦਾ ਸਿਆਸੀ ਮਾਹੌਲ ਗਰਮਾਉਣ ਲੱਗਾ ਹੈ।
ਸਨੌਰ, 7 ਨਵੰਬਰ (ਸੋਖਲ)-ਹਲਕਾ ਸਨੌਰ ਦੀ ਸਿਆਸਤ ਦਿਨੋਂ-ਦਿਨ ਦਿਲਚਸਪ ਮੋੜ ਲੈਂਦੀ ਜਾ ਰਹੀ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਆਪਣੀਆਂ ਸਰਗਰਮੀਆਂ ਤੇਜ਼ ਕੀਤੇ ਜਾਣ ਕਾਰਨ ਹਲਕੇ ਦਾ ਸਿਆਸੀ ਮਾਹੌਲ ਗਰਮਾਉਣ ਲੱਗਾ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਉਸ ਸਮੇਂ ਵੱਡੀ ਸਿਆਸੀ ਮਜ਼ਬੂਤੀ ਮਿਲੀ, ਜਦੋਂ ਸੀਨੀਅਰ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਮੁੜ ਪਾਰਟੀ ਵਿਚ ਸ਼ਾਮਲ ਹੋ ਗਏ। ਇਸ ਸਬੰਧੀ ਗੱਲਬਾਤ ਕਰਦਿਆਂ ਹਲਕਾ ਸਨੌਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਉੱਘੇ ਕਾਰੋਬਾਰੀ ਅਵਤਾਰ ਸਿੰਘ ਘਲੋੜੀ ਨੇ ‘ਅਜੀਤ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਦੋਵੇਂ ਆਗੂਆਂ ਦੀ ਪਾਰਟੀ ਵਿਚ ਵਾਪਸੀ ਨਾਲ ਹਲਕਾ ਸਨੌਰ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਹੋਰ ਮਜ਼ਬੂਤ ਹੋਇਆ ਹੈ। ਉਨ੍ਹਾਂ ਕਿਹਾ ਕਿ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਇੱਕ ਤਜਰਬੇਕਾਰ ਸਿਆਸਤਦਾਨ ਹਨ, ਜਿਨ੍ਹਾਂ ਨੇ ਲੰਮਾ ਸਮਾਂ ਪਾਰਟੀ ਅਤੇ ਪੰਜਾਬ ਦੀ ਸਿਆਸਤ ਵਿਚ ਅਹਿਮ ਭੂਮਿਕਾ ਨਿਭਾਈ ਹੈ। ਇਸੇ ਤਰ੍ਹਾਂ ਹਰਿੰਦਰਪਾਲ ਸਿੰਘ ਚੰਦੂਮਾਜਰਾ ਵੀ ਹਲਕੇ ਦੀ ਸਿਆਸਤ ਵਿਚ ਆਪਣੀ ਵਿਸ਼ੇਸ਼ ਪਛਾਣ ਰੱਖਦੇ ਹਨ। ਘਲੋੜੀ ਨੇ ਕਿਹਾ ਕਿ ਦੋਵਾਂ ਆਗੂਆਂ ਦੇ ਪਾਰਟੀ ਵਿਚ ਮੁੜ ਸਰਗਰਮ ਹੋਣ ਨਾਲ ਅਕਾਲੀ ਵਰਕਰਾਂ ਵਿਚ ਨਵਾਂ ਉਤਸ਼ਾਹ ਪੈਦਾ ਹੋਵੇਗਾ ਅਤੇ ਪਾਰਟੀ ਦੀਆਂ ਜਥੇਬੰਦਕ ਸਰਗਰਮੀਆਂ ਨੂੰ ਹੋਰ ਬਲ ਮਿਲੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿਚ ਪਾਰਟੀ ਹਲਕੇ ਅੰਦਰ ਹੋਰ ਮਜ਼ਬੂਤੀ ਨਾਲ ਉਭਰੇਗੀ। ਸਿਆਸੀ ਹਲਕਿਆਂ ਵਿਚ ਵੀ ਇਸ ਵਾਪਸੀ ਨੂੰ ਅਹਿਮ ਘਟਨਾਕ੍ਰਮ ਵਜੋਂ ਦੇਖਿਆ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਵਿਚ ਸਨੌਰ ਦੀ ਸਿਆਸਤ ਕਿਹੜਾ ਨਵਾਂ ਮੋੜ ਲੈਂਦੀ ਹੈ, ਇਸ ’ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।