ਪਿੰਡ ਨੂਰਪੁਰ ਫਰਾਂਸਵਾਲਾ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਿੰਡ ਵਾਸੀਆਂ ਨੇ ਦਿੱਤੀ ਸੰਘਰਸ਼ ਦੀ ਚੇਤਾਵਨੀ
ਦੇਵੀਗੜ੍ਹ, 9 ਸਤੰਬਰ (ਰਾਜਿੰਦਰ ਸਿੰਘ ਮੌਜੀ)- ਪਟਿਆਲਾ ਜ਼ਿਲ੍ਹੇ ਦੇ ਹਲਕਾ ਸਨੌਰ ਦੇ ਕਸਬਾ ਦੇਵੀਗੜ੍ਹ ਨੇੜੇ ਪੈਂਦਾ ਪਿੰਡ ਨੂਰਪੁਰ ਫਰਾਂਸਵਾਲਾ ਦੇ ਵਾਸੀ ਪ੍ਰਸ਼ਾਸਨਿਕ ਅਣਗਹਿਲੀ ਕਾਰਨ ਨਰਕ ਵਰਗੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਪਿੰਡ ਵਿਚ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਪੂਰੀ ਵਸੋਂ ਗੰਭੀਰ ਬਿਮਾਰੀਆਂ ਦੇ ਮੂੰਹ ਵਿਚ ਧੱਕੀ ਜਾ ਰਹੀ ਹੈ।
ਦੇਵੀਗੜ੍ਹ, 9 ਸਤੰਬਰ (ਰਾਜਿੰਦਰ ਸਿੰਘ ਮੌਜੀ)- ਪਟਿਆਲਾ ਜ਼ਿਲ੍ਹੇ ਦੇ ਹਲਕਾ ਸਨੌਰ ਦੇ ਕਸਬਾ ਦੇਵੀਗੜ੍ਹ ਨੇੜੇ ਪੈਂਦਾ ਪਿੰਡ ਨੂਰਪੁਰ ਫਰਾਂਸਵਾਲਾ ਦੇ ਵਾਸੀ ਪ੍ਰਸ਼ਾਸਨਿਕ ਅਣਗਹਿਲੀ ਕਾਰਨ ਨਰਕ ਵਰਗੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਪਿੰਡ ਵਿਚ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਪੂਰੀ ਵਸੋਂ ਗੰਭੀਰ ਬਿਮਾਰੀਆਂ ਦੇ ਮੂੰਹ ਵਿਚ ਧੱਕੀ ਜਾ ਰਹੀ ਹੈ। ਸਥਿਤੀ ਇੰਨੀ ਬਦਤਰ ਹੋ ਚੁੱਕੀ ਹੈ ਕਿ ਗੰਦੇ ਪਾਣੀ ਦੀ ਲਪੇਟ ਵਿਚ ਆਉਣ ਕਾਰਨ ਇਕ ਨੌਜਵਾਨ ਦੀ ਕਿਡਨੀ ਖਰਾਬ ਹੋ ਗਈ ਹੈ ਤੇ ਉਹ ਹਸਪਤਾਲ ਵਿਚ ਮੌਤ ਨਾਲ ਜੂਝ ਰਿਹਾ ਹੈ। ਪਿੰਡ ਵਾਸੀਆਂ ਅਨੁਸਾਰ ਪਿੰਡ ਦੇ ਪਾਣੀ ਦੀ ਨਿਕਾਸੀ ਲਈ ਪਹਿਲਾਂ ਇਕ ਵੱਡਾ ਛੱਪੜ ਮੌਜੂਦ ਸੀ, ਜਿਸ ਉੱਤੇ ਕੁਝ ਲੋਕਾਂ ਵਲੋਂ ਨਜਾਇਜ਼ ਕਬਜ਼ੇ ਕਰ ਲਏ ਗਏ ਹਨ। ਪ੍ਰਸ਼ਾਸਨ ਦੀ ਮਿਲੀਭੁਗਤ ਜਾਂ ਅੱਖਾਂ ਬੰਦ ਕਰਨ ਦੀ ਨੀਤੀ ਕਾਰਨ ਇਹ ਕਬਜ਼ੇ ਹਟਾਏ ਨਹੀਂ ਗਏ। ਹੁਣ ਪਾਣੀ ਦੇ ਨਿਕਲਣ ਲਈ ਇਕ ਇੰਚ ਵੀ ਜਗ੍ਹਾ ਨਹੀਂ ਬਚੀ, ਜਿਸ ਕਾਰਨ ਪਿੰਡ ਦਾ ਸਾਰਾ ਗੰਦਾ ਪਾਣੀ ਗਲੀਆਂ ਤੇ ਘਰਾਂ ਦੇ ਆਲੇ-ਦੁਆਲੇ ਤਲਾਬ ਬਣ ਕੇ ਖੜ੍ਹਾ ਹੈ। ਹਾਲਾਤ ਇਹ ਹਨ ਕਿ ਸੰਗਤਾਂ ਨੂੰ ਪਵਿੱਤਰ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਵੀ ਇਸੇ ਗੰਦੇ ਤੇ ਬਦਬੂਦਾਰ ਪਾਣੀ ਵਿਚੋਂ ਲੰਘ ਕੇ ਜਾਣਾ ਪੈਂਦਾ ਹੈ। ਗੰਦੇ ਪਾਣੀ ਦੇ ਭਾਰੀ ਇਕੱਠ ਅਤੇ ਉੱਠ ਰਹੇ ਸੜਾਂਦ ਮਾਰਦੇ ਪਾਣੀ ਕਾਰਨ ਪਿੰਡ ਵਿਚ ਭਿਆਨਕ ਬਿਮਾਰੀਆਂ ਨੇ ਪੈਰ ਪਸਾਰ ਲਏ ਹਨ। ਘਰ-ਘਰ ਵਿਚ ਲੋਕ ਕਾਲਾ ਪੀਲੀਆ (ਹੈਪੇਟਾਈਟਸ), ਚਮੜੀ ਦੀ ਗੰਭੀਰ ਅਲਰਜੀ, ਖਾਰਸ਼ ਅਤੇ ਸਾਹ ਦੀਆਂ ਸਮੱਸਿਆਵਾਂ ਤੋਂ ਪੀੜਤ ਹਨ। ਬੱਚੇ ਅਤੇ ਬਜ਼ੁਰਗ ਇਸ ਪ੍ਰਦੂਸ਼ਿਤ ਮਾਹੌਲ ਦਾ ਸਭ ਤੋਂ ਵੱਧ ਸ਼ਿਕਾਰ ਹੋ ਰਹੇ ਹਨ। ਪਿੰਡ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਕਈ ਵਾਰ ਸਥਾਨਕ ਪ੍ਰਸ਼ਾਸਨ, ਪੰਚਾਇਤ ਅਤੇ ਸਬੰਧਤ ਅਧਿਕਾਰੀਆਂ ਨੂੰ ਲਿਖਤੀ ਅਤੇ ਜ਼ੁਬਾਨੀ ਗੁਹਾਰ ਲਗਾਈ ਹੈ ਪਰ ਕਿਸੇ ਨੇ ਵੀ ਉਨ੍ਹਾਂ ਦੀ ਸਾਰ ਨਹੀਂ ਲਈ। ਅਧਿਕਾਰੀ ਸਿਰਫ਼ ਲਾਰੇ-ਲੱਪੇ ਲਾ ਕੇ ਡੰਗ ਟਪਾ ਰਹੇ ਹਨ। ਪਿੰਡ ਦੇ ਨੌਜਵਾਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਤੇ ਪ੍ਰਸ਼ਾਸਨ ਨੇ ਆਉਂਦੇ ਕੁਝ ਦਿਨਾਂ ਵਿਚ ਪਾਣੀ ਦੀ ਸਥਾਈ ਨਿਕਾਸੀ ਦਾ ਪ੍ਰਬੰਧ ਨਾ ਕੀਤਾ ਤਾਂ ਪਿੰਡ ਵਾਸੀ ਮਜਬੂਰਨ ਸੜਕਾਂ ‘ਤੇ ਉਤਰ ਕੇ ਤਿੱਖਾ ਧਰਨਾ ਲਗਾਉਣਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਕੁੰਭਕਰਨੀ ਨੀਂਦ ਸੁੱਤਾ ਪ੍ਰਸ਼ਾਸਨ ਇਸ ਵੱਡੀ ਅਣਹੋਣੀ ਤੋਂ ਪਹਿਲਾਂ ਜਾਗਦਾ ਹੈ ਜਾਂ ਨਹੀਂ। ਇਸ ਮੌਕੇ ਵਰਿੰਦਰ ਸਿੰਘ ਲਾਡੀ, ਪ੍ਰਕਾਸ਼ ਸਿੰਘ, ਅੰਗਰੇਜ਼ ਸਿੰਘ, ਗੁਰਦੀਪ ਸਿੰਘ ਨੰਬਰਦਾਰ, ਬਲਵਿੰਦਰ ਸਿੰਘ, ਵਿਰਸਾ ਸਿੰਘ, ਗੁਰਦੀਪ ਸਿੰਘ ਫੌਜੀ, ਸਾਹਿਬ ਸਿੰਘ, ਇਕਬਾਲ ਸਿੰਘ, ਜਸਪਾਲ ਸਿੰਘ ਫੌਜੀ, ਨਿਰਮਲ ਸਿੰਘ, ਮੇਜਰ ਸਿੰਘ ਤੇ ਮੁਖਤਿਆਰ ਸਿੰਘ ਆਦਿ ਹਾਜ਼ਰ ਸਨ।