ਗੱਠਾਂ ਅਤੇ ਤੂੜੀ ਵਾਲੀਆਂ ਟਰਾਲੀਆਂ ਦੀ ਓਵਰਲੋਡਿੰਗ ਨਾਲ ਵਧ ਰਹੇ ਹਨ ਸੜਕੀ ਹਾਦਸੇ
ਸਾਦਿਕ, 20 ਅਕਤੂਬਰ (ਗੁਰਭੇਜ ਸਿੰਘ ਚੌਹਾਨ)-ਅੱਜ ਕੱਲ੍ਹ ਝੋਨੇ ਦੇ ਸੀਜਨ ਵਿਚ ਕਟਾਈ ਜ਼ੋਰਾਂ ਨਾਲ ਚੱਲ ਰਹੀ ਹੈ। ਜਿੱਥੇ ਕਿਸਾਨ ਝੋਨਾਂ ਵੱਢ ਕੇ ਵਿੱਢ ਵਾਲੀਆਂ ਵੱਡੀਆਂ ਟਰਾਲੀਆਂ ਨਾਲ ਦਿਨ ਰਾਤ ਝੋਨਾਂ ਮੰਡੀਆਂ ਵਿਚ ਲਿਆ ਰਹੇ ਹਨ, ਉੱਥੇ ਝੋਨੇ ਦੀ ਪਰਾਲੀ ਦੀਆਂ ਗੱਠਾਂ ਬੰਨ੍ਹ ਕੇ ਵੱਡੇ ਟਰਾਲਿਆਂ ਰਾਹੀਂ ਮਿੱਲਾਂ ਤੱਕ ਢੋਆ ਢੁਆਈ ਕੀਤੀ ਜਾ ਰਹੀ ਹੈ।
ਸਾਦਿਕ, 20 ਅਕਤੂਬਰ (ਗੁਰਭੇਜ ਸਿੰਘ ਚੌਹਾਨ)-ਅੱਜ ਕੱਲ੍ਹ ਝੋਨੇ ਦੇ ਸੀਜਨ ਵਿਚ ਕਟਾਈ ਜ਼ੋਰਾਂ ਨਾਲ ਚੱਲ ਰਹੀ ਹੈ। ਜਿੱਥੇ ਕਿਸਾਨ ਝੋਨਾਂ ਵੱਢ ਕੇ ਵਿੱਢ ਵਾਲੀਆਂ ਵੱਡੀਆਂ ਟਰਾਲੀਆਂ ਨਾਲ ਦਿਨ ਰਾਤ ਝੋਨਾਂ ਮੰਡੀਆਂ ਵਿਚ ਲਿਆ ਰਹੇ ਹਨ, ਉੱਥੇ ਝੋਨੇ ਦੀ ਪਰਾਲੀ ਦੀਆਂ ਗੱਠਾਂ ਬੰਨ੍ਹ ਕੇ ਵੱਡੇ ਟਰਾਲਿਆਂ ਰਾਹੀਂ ਮਿੱਲਾਂ ਤੱਕ ਢੋਆ ਢੁਆਈ ਕੀਤੀ ਜਾ ਰਹੀ ਹੈ। ਇਸੇ ਤਰਾਂ ਤੂੜੀ ਵਾਲੇ ਵੱਡੇ ਟਰਾਲੇ ਵੀ ਦੂਰ ਦੁਰਾਡੇ ਤੂੜੀ ਲੈ ਕੇ ਰਾਤ ਨੂੰ ਸੜਕਾਂ ’ਤੇ ਨਿੱਕਲਦੇ ਹਨ। ਪਰਾਲੀ ਵਾਲੇ ਅਤੇ ਤੂੜੀ ਵਾਲੇ ਟਰਾਲੇ ਬਹੁਤ ਲੰਮੇ ਅਤੇ ਚੌੜੇ ਹੁੰਦੇ ਹਨ ਜੋ ਲੱਗਪਗ 18 ਫੁੱਟੀ ਸੜਕ ਤਾਂ ਸਾਰੀ ਹੀ ਰੋਕ ਲੈਂਦੇ ਹਨ ਅਤੇ ਦਿਨ ਵੇਲੇ ਵੀ ਇਨ੍ਹਾਂ ਨੂੰ ਕਰਾਸ ਕਰਨਾ ਔਖਾ ਹੋ ਜਾਂਦਾ ਹੈ ਅਤੇ ਇਸਤੋਂ ਚੌੜੀਆਂ ਸੜਕਾਂ ’ਤੇ ਵੀ ਸਮੱਸਿਆ ਆਉਂਦੀ ਹੈ। ਜਦੋਂ ਇਹ ਰਾਤ ਨੂੰ ਚੱਲਦੇ ਹਨ ਤਾਂ ਇਹ ਬਹੁਤ ਜ਼ਿਆਦਾ ਸੜਕੀ ਹਾਦਸਿਆਂ ਦਾ ਕਾਰਨ ਬਣਦੇ ਹਨ ਕਿਉਂਕਿ ਰਾਤ ਸਮੇਂ ਸਾਰੇ ਲੋਕ ਹੀ ਹਾਈ ਬੀਮ ਲਾਈਟਾਂ ਛੱਡ ਕੇ ਚੱਲਦੇ ਹਨ ਅਤੇ ਜਦੋਂ ਇਕ ਦੂਸਰੇ ਵਾਹਨ ਨੂੰ ਸਾਹਮਣੇ ਤੋਂ ਲਾਈਟਾਂ ਪੈਂਦੀਆਂ ਹਨ ਤਾਂ ਅੱਗੇ ਸਾਫ਼ ਨਜ਼ਰ ਨਹੀਂ ਆਉਂਦਾ। ਸਿਰਫ਼ ਦੋ ਲਾਈਟਾਂ ਹੀ ਦਿੱਸਦੀਆਂ ਹਨ ਅਤੇ ਅੱਗੋਂ ਕਿਹੜਾ ਵਾਹਨ ਟਰੈਕਟਰ ਟਰਾਲੀ, ਕਾਰ ਜਾਂ ਟਰੱਕ ਆ ਰਿਹਾ ਹੈ ਇਹ ਅੰਦਾਜ਼ਾ ਨਹੀਂ ਲੱਗਦਾ ਅਤੇ ਪਤਾ ਉਦੋਂ ਲੱਗਦਾ ਹੈ ਜਦ ਭਿਆਨਕ ਟੱਕਰ ਹੋ ਜਾਂਦੀ ਹੈ ਅਤੇ ਵੱਡਾ ਜਾਨੀ ਮਾਲੀ ਨੁਕਸਾਨ ਵੀ ਹੋ ਜਾਂਦਾ ਹੈ। ਇਨ੍ਹਾਂ ਦਿਨਾਂ ਵਿਚ ਇਹ ਹਾਦਸੇ ਵਧ ਜਾਂਦੇ ਹਨ। ਬੀਤੇ ਦਿਨ ਸਾਦਿਕ ਨੇੜੇ ਪਿੰਡ ਮਾਨੀ ਸਿੰਘ ਵਾਲਾ ਲਿੰਕ ਰੋਡ ਨੇੜੇ ਸਾਦਿਕ-ਫ਼ਰੀਦਕੋਟ ਸੜਕ ’ਤੇ ਪਰਾਲੀ ਵਾਲੇ ਟਰਾਲੇ ਅਤੇ ਫਾਰਚੂਨਰ ਗੱਡੀ ਦੀ ਰਾਤ ਸਮੇਂ ਬਹੁਤ ਭਿਆਨਕ ਟੱਕਰ ਹੋਈ ਅਤੇ ਨਵੀਂ ਫਾਰਚੂਨਰ ਗੱਡੀ ਸਾਹਮਣੇ ਤੋਂ ਇਕ ਸਾਈਡ ਤੋਂ ਬਿਲਕੁੱਲ ਨਸ਼ਟ ਹੋ ਗਈ ਪਰ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ। ਇਸਦਾ ਕਾਰਨ ਇਹੀ ਸੀ ਕਿ ਕਾਰ ਦੇ ਚਾਲਕ ਨੂੰ ਲਾਈਟਾਂ ਪੈਣ ਕਾਰਨ ਇਹ ਅੰਦਾਜ਼ਾ ਨਹੀਂ ਹੋਇਆ ਕਿ ਸਾਹਮਣੇ ਤੋਂ ਕਿਹੜਾ ਵਾਹਨ ਆ ਰਿਹਾ ਹੈ ਅਤੇ ਕਾਰ ਟਰਾਲੇ ਨਾਲ ਟਕਰਾ ਗਈ। ਬੀਤੀ ਰਾਤ ਇਕ ਓਵਰਲੋਡ ਟਰੱਕ ਬਿਜਲੀ ਦੀਆਂ ਤਾਰਾਂ ਵਿਚ ਫਸਣ ਕਾਰਨ ਸਾਦਿਕ ਚੌਕ ਵਿਚ ਬਿਜਲੀ ਦਾ ਖੰਭਾ ਟੁੱਟ ਗਿਆ ਜੋ ਚੌਕ ਵਿਚ ਖੜ੍ਹੀ ਪੁਲਿਸ ਦੀ 112 ਨੰਬਰ ਵਾਲੀ ਗਸ਼ਤੀ ਵਾਹਨ ’ਤੇ ਡਿੱਗ ਪਿਆ ਅਤੇ ਕਾਰ ਦਾ ਵੱਡਾ ਨੁਕਸਾਨ ਹੋ ਗਿਆ। ਥੋੜ੍ਹੇ ਲਾਲਚ ਵਿਚ ਸਮਰੱਥਾ ਤੋਂ ਵੱਧ ਭਾਰ ਲੈ ਕੇ ਚੱਲਣ ਤੇ ਭਾਵੇਂ ਕਾਨੂੰਨ ਅਨੁਸਾਰ ਪਾਬੰਦੀ ਹੈ ਪਰ ਟਰੈਫਿਕ ਪੁਲਿਸ ਦੀ ਐਂਟਰੀ ਰਿਸ਼ਵਤ ਕਾਰਨ ਇਨ੍ਹਾਂ ਓਵਰਲੋਡ ਵੱਡੇ ਵਾਹਨਾਂ ਨਾਲ ਲਿਹਾਜ਼ਦਾਰੀ ਕੀਤੀ ਜਾਂਦੀ ਹੈ ਜੋ ਕਿਸੇ ਦੇ ਜਾਨੀ ਮਾਲੀ ਨੁਕਸਾਨ ਦਾ ਕਾਰਨ ਬਣਦੀ ਹੈ। ਆਮ ਵੇਖਿਆ ਜਾਂਦਾ ਹੈ ਕਿ ਦਿਨ ਵੇਲੇ ਤਾਂ ਵਥੇਰੇ ਕੈਮਰੇ ਲਾ ਕੇ ਆਮ ਸ਼ਹਿਰੀਆਂ ਦੀਆਂ ਕਾਰਾਂ, ਮੋਟਰਸਾਈਕਲਾਂ ਦੇ ਚਲਾਨ ਕੀਤੇ ਜਾਂਦੇ ਹਨ, ਪਰ ਰਾਤ ਸਮੇਂ ਟਰੈਫਿਕ ਪੁਲਿਸ ਕਿਤੇ ਨਜ਼ਰ ਨਹੀਂ ਆਉਂਦੀ। ਇਨ੍ਹਾਂ ਹਾਦਸਿਆਂ ਤੋਂ ਬਚਣ ਲਈ ਰਾਤ ਸਮੇਂ ਚੱਲਣ ਵਾਲੇ ਟਰੈਕਟਰ ਟਰਾਲਿਆਂ ਦੇ ਅੱਗੇ ਅਤੇ ਪਿੱਛੇ ਲਾਈਟਾਂ ਅਤੇ ਰਿਫਲੈਕਟਰ ਲਗਾਉਣੇ ਜ਼ਰੂਰੀ ਕੀਤੇ ਜਾਣ। ਲਾਈਟਾਂ ਡਾਊਨ ਰੱਖਕੇ ਚੱਲਿਆ ਜਾਵੇ ਅਤੇ ਰਾਤ ਸਮੇਂ ਬੜੀ ਸਾਵਧਾਨੀ ਨਾਲ ਅਤੇ ਘੱਟ ਰਫਤਾਰ ਅਤੇ ਬਗੈਰ ਕਿਸੇ ਨਸ਼ੇ ਦੀ ਵਰਤੋਂ ਕੀਤੇ ਵਾਹਨ ਚਲਾਇਆ ਜਾਵੇ ਤਾਂ ਅਜਿਹੇ ਹਾਦਸਿਆ ਤੋਂ ਬਚਿਆ ਜਾ ਸਕਦਾ ਹੈ।