ਤਿੰਨ ਮਹੀਨਿਆਂ ਤੋਂ ਅਦਾਇਗੀ ਨਾ ਹੋਣ ’ਤੇ ਨਰੇਗਾ ਮਜ਼ਦੂਰਾਂ ਤੇ ਮੇਟਾਂ ਨੇ ਲਗਾਇਆ ਰੋਸ ਧਰਨਾ
ਫ਼ਰੀਦਕੋਟ, 20 ਅਕਤੂਬਰ (ਸਰਬਜੀਤ ਸਿੰਘ)-ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਵਲੋਂ ਉਲੀਕੇ ਗਏ ਐਕਸ਼ਨ ਪ੍ਰੋਗਰਾਮ ਤਹਿਤ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਵੀਰ ਸਿੰਘ ਕੰਮੇਆਣਾ, ਜਨਰਲ ਸਕੱਤਰ ਸੁਖਮੰਦਰ ਸਿੰਘ ਢੁੱਡੀ, ਵਿੱਤ ਸਕੱਤਰ ਲਵਪ੍ਰੀਤ ਕੌਰ ਪਿਪਲੀ, ਮੁੱਖ ਸਲਾਹਕਾਰ ਬਲਕਾਰ ਸਿੰਘ ਸਹੋਤਾ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰੀਸ਼ਦ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਫ਼ਰੀਦਕੋਟ ਦੇ ਦਫ਼ਤਰ ਸਾਹਮਣੇ ਰੋਸ ਧਰਨਾ ਦਿੱਤਾ ਗਿਆ। ਇਸ ਧਰਨੇ ਵਿਚ ਵੱਖ-ਵੱਖ ਪਿੰਡਾਂ ਤੋਂ ਆਏ ਵੱਡੀ ਗਿਣਤੀ ਵਿਚ ਨਰੇਗਾ ਮਜ਼ਦੂਰਾਂ ਅਤੇ ਨਰੇਗਾ ਮੇਟਾਂ ਨੇ ਭਾਗ ਲਿਆ।
ਫ਼ਰੀਦਕੋਟ, 20 ਅਕਤੂਬਰ (ਸਰਬਜੀਤ ਸਿੰਘ)-ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਵਲੋਂ ਉਲੀਕੇ ਗਏ ਐਕਸ਼ਨ ਪ੍ਰੋਗਰਾਮ ਤਹਿਤ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਵੀਰ ਸਿੰਘ ਕੰਮੇਆਣਾ, ਜਨਰਲ ਸਕੱਤਰ ਸੁਖਮੰਦਰ ਸਿੰਘ ਢੁੱਡੀ, ਵਿੱਤ ਸਕੱਤਰ ਲਵਪ੍ਰੀਤ ਕੌਰ ਪਿਪਲੀ, ਮੁੱਖ ਸਲਾਹਕਾਰ ਬਲਕਾਰ ਸਿੰਘ ਸਹੋਤਾ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰੀਸ਼ਦ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਫ਼ਰੀਦਕੋਟ ਦੇ ਦਫ਼ਤਰ ਸਾਹਮਣੇ ਰੋਸ ਧਰਨਾ ਦਿੱਤਾ ਗਿਆ। ਇਸ ਧਰਨੇ ਵਿਚ ਵੱਖ-ਵੱਖ ਪਿੰਡਾਂ ਤੋਂ ਆਏ ਵੱਡੀ ਗਿਣਤੀ ਵਿਚ ਨਰੇਗਾ ਮਜ਼ਦੂਰਾਂ ਅਤੇ ਨਰੇਗਾ ਮੇਟਾਂ ਨੇ ਭਾਗ ਲਿਆ। ਸਭ ਤੋਂ ਪਹਿਲਾਂ ਲਹਿਰਾਗਾਗਾ ਕੋਲ ਕੱਲ੍ਹ ਹੋਏ ਇਕ ਸੜਕ ਹਾਦਸੇ ਵਿਚ 9 ਨਰੇਗਾ ਮਜ਼ਦੂਰਾਂ ਦੀ ਮੌਤ ਹੋ ਜਾਣ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ। ਆਗੂਆਂ ਨੇ ਮੰਗ ਕੀਤੀ ਕਿ ਇਸ ਘਟਨਾ ਵਿਚ ਜ਼ਖ਼ਮੀ ਹੋਏ ਮਜ਼ਦੂਰਾਂ ਦਾ ਇਲਾਜ ਸਰਕਾਰੀ ਖਰਚੇ ’ਤੇ ਕੀਤਾ ਜਾਵੇ ਤੇ ਸਦੀਵੀ ਵਿਛੋੜਾ ਦੇ ਗਏ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਘੱਟੋ ਘੱਟ 20 ਲੱਖ ਰੁਪਏ ਪ੍ਰਤੀ ਮੈਂਬਰ ਅਤੇ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਮਜ਼ਦੂਰਾਂ ਨੂੰ 5-5 ਲੱਖ ਰੁਪਏ ਪ੍ਰਤੀ ਮੈਂਬਰ ਮੁਆਵਜ਼ਾ ਦਿੱਤਾ ਜਾਵੇ। ਧਰਨਾਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਕਾਰਜਕਾਰੀ ਸਕੱਤਰ ਪ੍ਰੇਮ ਚਾਵਲਾ, ਵਿੱਤ ਸਕੱਤਰ ਗੁਰਚਰਨ ਸਿੰਘ ਮਾਨ, ਪਾਵਰਕਾਮ ਪੈਨਸ਼ਨ ਆਗੂ ਹਰਪਾਲ ਸਿੰਘ ਮਚਾਕੀ ਨੇ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਨਰੇਗਾ ਮਜ਼ਦੂਰਾਂ ਨੂੰ ਉਨ੍ਹਾਂ ਵਲੋਂ ਵੱਖ-ਵੱਖ ਪਿੰਡਾਂ ਵਿਚ ਕੀਤੇ ਗਏ ਕੰਮਾਂ ਦੀਆਂ ਬਣਦੀਆਂ ਅਦਾਇਗੀਆਂ ਨਹੀਂ ਕੀਤੀਆਂ ਗਈਆਂ। ਇਸ ਤੋਂ ਇਲਾਵਾ ਨਰੇਗਾ ਦੇ ਗ੍ਰਾਮ ਸੇਵਕ ਹਰਪ੍ਰੀਤ ਸਿੰਘ ਵਲੋਂ ਨਰੇਗਾ ਮਜ਼ਦੂਰਾਂ ਨੂੰ ਪ੍ਰੇਸ਼ਾਨ ਕਰਨ ਦੀਆਂ ਸ਼ਿਕਾਇਤਾਂ ਵਧੀਕ ਡਿਪਟੀ ਕਮਿਸ਼ਨਰ ਫ਼ਰੀਦਕੋਟ ਨੂੰ ਦੇਣ ਦੇ ਬਾਵਜੂਦ ਨਾ ਤਾਂ ਇਸ ਕਰਮਚਾਰੀ ਦੀ ਪੜਤਾਲ ਕਰਵਾਈ ਜਾ ਰਹੀ ਅਤੇ ਨਾ ਹੀ ਇਸ ਕਰਮਚਾਰੀ ਦੀ ਬਦਲੀ ਕੀਤੀ ਜਾ ਰਹੀ ਹੈ। ਪਿੰਡ ਦੀਪ ਸਿੰਘ ਵਾਲਾ ਵਿਖੇ ਜਸਵਿੰਦਰ ਸਿੰਘ ਦੀ ਗਲੀ ਵਿਚ ਕੀਤੇ ਗਏ ਨਾਜਾਇਜ਼ ਕਬਜ਼ੇ ਦਾ ਮਸਲਾ ਹੱਲ ਕਰਨ ਵਿਚ ਜ਼ਿਲ੍ਹਾ ਪ੍ਰਸ਼ਾਸਨ ਨਾਕਾਮ ਹੋਇਆ ਹੈ। ਆਗੂਆਂ ਨੇ ਇਹ ਵੀ ਦੋਸ਼ ਲਗਾਇਆ ਕਿ ਕਈ ਪਿੰਡਾਂ ਵਿਚ ਕੰਮ ਕਰਦੇ ਮੇਟਾਂ ਦੀ ਆਈਡੀ ਬਦਲਾਖੋਰੀ ਦੀ ਭਾਵਨਾ ਨਾਲ ਕੱਟ ਦਿੱਤੀਆਂ ਗਈਆਂ ਹਨ। ਇਸ ਧਰਨੇ ਵਿਚ ਮੇਟ ਤਰਲੋਚਨ ਕੌਰ ਬੁਰਜ ਜਵਾਹਰ ਸਿੰਘ ਵਾਲਾ, ਮੇਟ ਕੁਲਦੀਪ ਕੌਰ ਕੋਟ ਸੁਖੀਆ, ਮੇਟ ਨੱਥਾ ਸਿੰਘ ਅਰਾਈਆਂ ਵਾਲਾ, ਮੇਟ ਜੋਤੀ , ਮੇਟ ਕਰਮਜੀਤ ਕੌਰ ਗੋਲੇਵਾਲਾ, ਮੇਟ ਕਮਲਦੀਪ ਕੌਰ, ਗੁਰਜੰਟ ਸਿੰਘ, ਜਸਵਿੰਦਰ ਸਿੰਘ ਦੀਪ ਸਿੰਘ ਵਾਲਾ, ਮੇਟ ਵੀਰਪਾਲ ਕੌਰ ਕਿਲਾ ਨੌ ਵੀ ਆਪਣੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਰੋਸ ਧਰਨੇ ਵਿਚ ਵੀਰਪਾਲ ਕੌਰ ਬਾਜਾਖਾਨਾ ਚੇਅਰਪਰਸਨ ਜ਼ਿਲ੍ਹਾ ਪ੍ਰੀਸ਼ਦ ਫ਼ਰੀਦਕੋਟ, ਪ੍ਰਭ ਚਰਨ ਸਿੰਘ ਸੁਪਰਡੈਂਟ ਏ ਡੀ ਸੀ ਦਫ਼ਤਰ ਅਤੇ ਲਲਿਤ ਅਰੋੜਾ ਜ਼ਿਲ੍ਹਾ ਨੋਡਲ ਅਫ਼ਸਰ ਨੇ ਪਹੁੰਚ ਕੇ ਆਗੂਆਂ ਕੋਲੋਂ ਮੰਗ ਪੱਤਰ ਪ੍ਰਾਪਤ ਕੀਤਾ ਅਤੇ ਇਕ ਹਫਤੇ ਵਿਚ ਇਨ੍ਹਾਂ ਮੰਗਾਂ ਦਾ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ।