ਭੋਗ ’ਤੇ ਵਿਸ਼ੇਸ਼ : ਜਰਮਨਜੀਤ ਸਿੰਘ ਬਾਠ
ਅੰਮ੍ਰਿਤਸਰ-ਬੀਤੇ ਦਿਨੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸ: ਜਰਮਨਜੀਤ ਸਿੰਘ ਬਾਠ ਦਾ ਜਨਮ ਸ੍ਰ. ਪ੍ਰੀਤਮ ਸਿੰਘ ਅਤੇ ਮਾਤਾ ਸ੍ਰੀਮਤੀ ਰਤਨ ਕੌਰ ਦੇ ਘਰ 28 ਦਸੰਬਰ 1947 ਨੂੰ ਪਿੰਡ ਚੁਗਾਵਾਂ ਸਾਧਪੁਰ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ।
ਅੰਮ੍ਰਿਤਸਰ-ਬੀਤੇ ਦਿਨੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸ: ਜਰਮਨਜੀਤ ਸਿੰਘ ਬਾਠ ਦਾ ਜਨਮ ਸ੍ਰ. ਪ੍ਰੀਤਮ ਸਿੰਘ ਅਤੇ ਮਾਤਾ ਸ੍ਰੀਮਤੀ ਰਤਨ ਕੌਰ ਦੇ ਘਰ 28 ਦਸੰਬਰ 1947 ਨੂੰ ਪਿੰਡ ਚੁਗਾਵਾਂ ਸਾਧਪੁਰ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਆਪ ਚਾਰ ਭੈਣਾਂ ਦੇ ਇਕਲੌਤੇ ਭਰਾ ਸਨ। ਸਕੂਲੀ ਸਿੱਖਿਆ ਤੋਂ ਬਾਅਦ ਆਪ ਨੇ ਬੀ. ਐਸ. ਸੀ, ਬੀ.ਐਡ ਦੀ ਪੜ੍ਹਾਈ ਪੂਰੀ ਕੀਤੀ ਅਤੇ ਸਿਖਿਆ ਵਿਭਾਗ ਵਿਚ ਬਤੌਰ ਸਾਇੰਸ ਮਾਸਟਰ ਨਿਯੁੱਕਤ ਹੋਏ। ਖਾੜਕੂ ਸੁਭਾਅ ਦੇ ਮਾਲਕ ਹੋਣ ਕਾਰਨ ਆਪ ਵਿਦਿਆਰਥੀ ਜੀਵਨ ਤੋਂ ਹੀ ਸੰਘਰਸ਼ਾਂ ਵਿਚ ਕੁੱਦ ਪਏ । ਦੇਸ਼ ਵਿਚ ਲੱਗੀ ਐਮਰਜੈਂਸੀ ਦਾ ਵੀ ਛੋਟੀ ਉਮਰੇ ਵਿਰੋਧ ਕਰਦਿਆਂ ਆਪ ਨੂੰ ਜੇਲ੍ਹ ਯਾਤਰਾ ਕਰਨੀ ਪਈ। ਨੌਕਰੀ ਵਿਚ ਆਉਣ ਤੋਂ ਬਾਅਦ ਆਪ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸਿਰਕੱਢ ਆਗੂਆਂ ਵਿਚ ਸ਼ੁਮਾਰ ਹੁੰਦੇ ਹੋਇਆਂ ਜ਼ਿਲ੍ਹਾ ਅੰਮ੍ਰਿਤਸਰ ਦੇ ਗੌਰਮਿੰਟ ਟੀਚਰਜ਼ ਯੂਨੀਅਨ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਜ਼ਿਲ੍ਹਾ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਅਨੇਕਾਂ ਖਾੜਕੂ ਸੰਘਰਸ਼ਾਂ ਨੂੰ ਲੜਦਿਆਂ ਤੇ ਅਗਵਾਈ ਕਰਦਿਆਂ ਜਿੱਤ ਦੇ ਮੁਕਾਮ ’ਤੇ ਪਹੁੰਚਾਇਆ। ਆਪ ਦਾ ਵਿਆਹ 23 ਜੂਨ 1975 ਨੂੰ ਸ੍ਰੀਮਤੀ ਹਰਜਿੰਦਰ ਕੌਰ ਨਾਲ ਹੋਇਆ।ਆਪ ਦੇ ਘਰ ਦੋ ਬੇਟੀਆਂ ਅਤੇ ਇੱਕ ਬੇਟੇ ਨੇ ਜਨਮ ਲਿਆ ਜੋ ਅਮਰੀਕਾ ਵਿੱਚ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੇ ਹਨ। ਪਿਛਲੇ ਕੁਝ ਸਮੇਂ ਤੋਂ ਬੀਮਾਰ ਰਹਿਣ ਕਰਕੇ ਚੰਡੀਗੜ੍ਹ ਵਿਖੇ ਇਲਾਜ ਦੌਰਾਨ ਆਪ 23 ਅਕਤੂਬਰ 2026 ਨੂੰ ਪਰਿਵਾਰ ਅਤੇ ਆਪਣੇ ਸੰਗੀ ਸਾਥੀਆਂ ਨੂੰ ਵਿਛੋੜਾ ਦੇ ਗਏ। ਉਨ੍ਹਾਂ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਭਲਕੇ ਮਿਤੀ 1 ਨਵੰਬਰ ਦਿਨ ਐਤਵਾਰ ਨੂੰ ਦੁਪਹਿਰ 12 ਤੋਂ 1:30 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਦਰਸ਼ਨ ਐਵੀਨਿਊ ਨੇੜੇ ਗੋਲਡਨ ਗੇਟ ਅੰਮ੍ਰਿਤਸਰ ਵਿਖੇ ਹੋਵੇਗਾ । -ਸੁਰਿੰਦਰਪਾਲ ਸਿੰਘ ਵਰਪਾਲ