ਪਿੰਡ ਕੂੜਾਂਵਾਲਾ ਵਿਖੇ ਦੋ ਫੈਕਟਰੀਆਂ ’ਚ ਭਿਆਨਕ ਅੱਗ ਲੱਗਣ ਕਾਰਨ ਕਰੋੜਾਂ ਦਾ ਨੁਕਸਾਨ
ਡੇਰਾਬੱਸੀ, 29 ਨਵੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ-ਬਰਵਾਲਾ ਸੜਕ ‘ਤੇ ਸਥਿਤ ਪਿੰਡ ਕੂੜਾਂਵਾਲਾ ਵਿਖੇ ਬੀਤੀ ਰਾਤ ਦੋ ਫੈਕਟਰੀਆਂ ਵਿਚ ਲੱਗੀ ਭਿਆਨਕ ਅੱਗ ਦੌਰਾਨ ਕਰੋੜਾਂ ਰੁ. ਦਾ ਸਾਮਾਨ ਸਾੜ ਕੇ ਸੁਆਹ ਹੋ ਗਿਆ।
ਡੇਰਾਬੱਸੀ, 29 ਨਵੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ-ਬਰਵਾਲਾ ਸੜਕ ‘ਤੇ ਸਥਿਤ ਪਿੰਡ ਕੂੜਾਂਵਾਲਾ ਵਿਖੇ ਬੀਤੀ ਰਾਤ ਦੋ ਫੈਕਟਰੀਆਂ ਵਿਚ ਲੱਗੀ ਭਿਆਨਕ ਅੱਗ ਦੌਰਾਨ ਕਰੋੜਾਂ ਰੁ. ਦਾ ਸਾਮਾਨ ਸਾੜ ਕੇ ਸੁਆਹ ਹੋ ਗਿਆ। ਰਾਤ ਕਰੀਬ 2 ਵਜੇ ਇਕ ਫੈਕਟਰੀ ਵਿਚ ਲੱਗੀ ਅੱਗ ਨੇ ਦੇਖਦਿਆਂ ਹੀ ਦੇਖਦਿਆਂ ਨਾਲ ਲੱਗਦੀ ਦੂਜੀ ਫੈਕਟਰੀ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ। ਇਸ ਅਗਨੀਕਾਂਡ ਵਿਚ ਪਲਾਸਟਿਕ ਦਾ ਦਾਣਾ ਬਣਾਉਣ ਵਾਲੀ ਈਗਲ ਪਲਾਸਟ ਤੇ ਲੱਕੜ ਦੇ ਦਰਵਾਜ਼ੇ ਤਿਆਰ ਕਰਨ ਵਾਲੀ ਮਾਂ ਲਕਸ਼ਮੀ ਟਿੰਬਰ ਕਰਾਫਟ ਫੈਕਟਰੀ ਦਾ ਭਾਰੀ ਮਾਲੀ ਨੁਕਸਾਨ ਹੋਇਆ ਹੈ। ਅੱਗ ਦੀ ਭਿਆਨਕਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਦੀ ਤਪਸ਼ ਨਾਲ ਫੈਕਟਰੀਆਂ ਦੇ ਸ਼ੈੱਡਾਂ ਦੀਆਂ ਲੋਹੇ ਦੀਆਂ ਚਾਦਰਾਂ ਅਤੇ ਕੰਧਾਂ ਤੱਕ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਰਾਹਤ ਵਾਲੀ ਗੱਲ ਇਹ ਰਹੀ ਕਿ ਇਸ ਹਾਦਸੇ ਵਿਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਮਾਂ ਲਕਸ਼ਮੀ ਟਿੰਬਰ ਕਰਾਫਟ ਦੇ ਮਾਲਕ ਪਵਨ ਵਾਸੀ ਚੰਡੀਗੜ੍ਹ ਨੇ ਦੱਸਿਆ ਕਿ ਰਾਤ 11 ਤੋਂ 12 ਵਜੇ ਦੇ ਦਰਮਿਆਨ ਕਾਰੀਗਰ ਕੰਮ ਖ਼ਤਮ ਕਰਕੇ ਬਿਜਲੀ ਦੇ ਉਪਕਰਨ ਬੰਦ ਕਰਨ ਉਪਰੰਤ ਘਰਾਂ ਨੂੰ ਚਲੇ ਗਏ ਸਨ। ਇਸ ਤੋਂ ਬਾਅਦ ਰਾਤ ਦੇ ਕਰੀਬ 2 ਵਜੇ ਉਨ੍ਹਾਂ ਨੂੰ ਫੈਕਟਰੀ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ। ਜਦੋਂ ਉਹ ਕਰੀਬ 2.25 ਵਜੇ ਮੌਕੇ ‘ਤੇ ਪੁੱਜੇ ਤਾਂ ਅੱਗ ਭਿਆਨਕ ਰੂਪ ਧਾਰਨ ਕਰ ਚੁੱਕੀ ਸੀ ਅਤੇ ਫਾਇਰ ਬ੍ਰਿਗੇਡ ਦਾ ਅਮਲਾ ਵੀ ਮੌਕੇ ‘ਤੇ ਪਹੁੰਚ ਗਿਆ ਸੀ। ਪਵਨ ਮੁਤਾਬਿਕ ਅੱਗ ਕਾਰਨ ਫੈਕਟਰੀ ਅੰਦਰ ਪਏ 150 ਤੋਂ 200 ਤਿਆਰ ਦਰਵਾਜ਼ਿਆਂ ਸਮੇਤ ਸਾਗਵਾਨ, ਪਾਈਨ ਤੇ ਮਰੰਡੀ ਦੀ ਕੀਮਤੀ ਲੱਕੜ ਅਤੇ ਵੱਡੀ ਮਾਤਰਾ ਵਿਚ ਕੱਚਾ ਮਾਲ ਸੜ ਕੇ ਸੁਆਹ ਹੋ ਗਿਆ, ਜਿਸ ਨਾਲ ਇਕੱਲੀ ਉਨ੍ਹਾਂ ਦੀ ਫੈਕਟਰੀ ਦਾ ਡੇਢ ਤੋਂ ਦੋ ਕਰੋੜ ਰੁ. ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਇਸੇ ਤਰ੍ਹਾਂ ਈਗਲ ਪਲਾਸਟ ਫੈਕਟਰੀ ਵਿਚ ਪਿਆ ਪਲਾਸਟਿਕ ਦਾ ਸਾਮਾਨ ਤੇ ਮਸ਼ੀਨਰੀ ਵੀ ਅੱਗ ਦੀ ਭੇਟ ਚੜ੍ਹ ਗਈ। ਇਕੋ ਕਤਾਰ ਵਿਚ ਕਈ ਉਦਯੋਗਿਕ ਇਕਾਈਆਂ ਹੋਣ ਕਾਰਨ ਅੱਗ ਦੇ ਹੋਰ ਫੈਲਣ ਦਾ ਖਦਸ਼ਾ ਬਣਿਆ ਹੋਇਆ ਸੀ, ਪਰ ਫਾਇਰ ਬ੍ਰਿਗੇਡ ਦੇ ਅਮਲੇ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਉਂਦਿਆਂ ਹੋਰਨਾਂ ਫੈਕਟਰੀਆਂ ਨੂੰ ਇਸ ਦੀ ਲਪੇਟ ਵਿਚ ਆਉਣ ਤੋਂ ਬਚਾ ਲਿਆ। ਅੱਗ ਲੱਗਣ ਦੇ ਅਸਲ ਕਾਰਨਾਂ ਅਤੇ ਦੋਵਾਂ ਫੈਕਟਰੀਆਂ ਦੇ ਕੁੱਲ ਮਾਲੀ ਨੁਕਸਾਨ ਦਾ ਹਾਲੇ ਅੰਦਾਜਾ ਨਹੀਂ ਲਗਾਇਆ ਜਾ ਸਕਿਆ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਮੁਤਾਬਿਕ ਅੱਗ ਲੱਗਣ ਦੇ ਕਾਰਨਾਂ ਦਾ ਫ਼ਿਲਹਾਲ ਪਤਾ ਨਹੀਂ ਲੱਗ ਸਕਿਆ ਅਤੇ ਜਾਂਚ ਕਰਨ ਉਪਰੰਤ ਹੀ ਕੁਝ ਕਿਹਾ ਜਾ ਸਕਦਾ ਹੈ।