ਐੱਸ. ਏ. ਐੱਸ. ਨਗਰ, 27 ਨਵੰਬਰ (ਕਪਿਲ ਵਧਵਾ)-ਚੰਡੀਗੜ੍ਹ ਦੇ ਸੈਕਟਰ-22 ਵਿਚ 17 ਸਾਲਾ ਨੌਜਵਾਨ ਨੈਤਿਕ ਦੀ ਹੱਤਿਆ ਦੇ ਮਾਮਲੇ ਵਿਚ ਆਪ੍ਰੇਸ਼ਨ ਸੈੱਲ ਚੰਡੀਗੜ੍ਹ ਨਾਲ ਹੋਏ ਮੁਕਾਬਲੇ ਉਪਰੰਤ ਗ੍ਰਿਫ਼ਤਾਰ ਦੋ ਸਕੇ ਭਰਾਵਾਂ ਨੂੰ ਮੁਹਾਲੀ ਪੁਲਿਸ ਨੇ ਸੈਕਟਰ-79 ਸਥਿਤ ਹੇਅਰ ਮਾਸਟਰ ਸਲੂਨ ’ਤੇ ਗੋਲੀਬਾਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ। ਸੀ. ਆਈ. ਏ. ਸਟਾਫ ਮੁਹਾਲੀ ਦੀ ਟੀਮ ਨੇ ਬੁੜੈਲ ਜੇਲ੍ਹ ਚੰਡੀਗੜ੍ਹ ਵਿਖੇ ਨਜ਼ਰਬੰਦ ਮਨਮੇਹਰ ਪ੍ਰੀਤ ਸਿੰਘ (25) ਤੇ ਅਰਸ਼ਮੇਹਰ ਪ੍ਰੀਤ ਸਿੰਘ (21) ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਨੂੰ ਮੁਹਾਲੀ ਅਦਾਲਤ ਵਿਚ ਪੇਸ਼ ਕਰਨ ’ਤੇ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੀ ਅਗਲੀ ਪੇਸ਼ੀ 30 ਨਵੰਬਰ ਨੂੰ ਹੋਵੇਗੀ। ਜਾਣਕਾਰੀ ਅਨੁਸਾਰ ਸੈਕਟਰ-79 ਸਥਿਤ ਹੇਅਰ ਮਾਸਟਰ ਸਲੂਨ ’ਤੇ ਪਹਿਲੀ ਗੋਲੀਬਾਰੀ 2 ਸਤੰਬਰ ਦੀ ਰਾਤ ਨੂੰ ਹੋਈ ਸੀ, ਜਦਕਿ ਸਲੂਨ ’ਤੇ ਗੋਲੀਬਾਰੀ ਦੀ ਦੂਜੀ ਵਾਰਦਾਤ 21 ਨਵੰਬਰ ਨੂੰ ਦਿਨ-ਦਿਹਾੜੇ ਹੋਈ ਹੈ। ਸਲੂਨ ਦੇ ਮਾਲਕ ਸਾਹਿਲ ਕਪੂਰ ਨੂੰ ਕਥਿਤ ਤੌਰ ’ਤੇ ਫਿਰੌਤੀ ਲਈ ਧਮਕੀਆਂ ਮਿਲ ਰਹੀਆਂ ਸਨ। ਸੂਤਰਾਂ ਅਨੁਸਾਰ ਅਰਮੇਨੀਆ ਦੀ ਜੇਲ੍ਹ ਵਿਚ ਬੰਦ ਗੈਂਗਸਟਰ ਲੱਕੀ ਪਟਿਆਲ ਦੇ ਇਸ਼ਾਰੇ ’ਤੇ ਸਲੂਨ ਮਾਲਕ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਪੁਲਿਸ ਇਸ ਪੱਖ ਦੀ ਵੀ ਜਾਂਚ ਕਰ ਰਹੀ ਹੈ। 2 ਸਤੰਬਰ ਦੀ ਵਾਰਦਾਤ ਸੰਬੰਧੀ ਸਲੂਨ ਦੇ ਮੈਨੇਜਰ ਆਮਿਰ ਹੁਸੈਨ ਨੇ ਪੁਲਿਸ ਨੂੰ ਦੱਸਿਆ ਸੀ ਕਿ ਦੋ ਅਣਪਛਾਤੇ ਵਿਅਕਤੀਆਂ ਨੇ ਮੋਟਰਸਾਈਕਲ ’ਤੇ ਆ ਕੇ ਸਲੂਨ ਦੇ ਸ਼ੀਸ਼ੇ ਵੱਲ ਗੋਲੀ ਚਲਾਈ ਸੀ। ਇਸ ਦੌਰਾਨ ਸਲੂਨ ਵਿਚ ਮੌਜੂਦ ਕਰਮਚਾਰੀਆਂ ਅਤੇ ਗਾਹਕਾਂ ਨੇ ਇੱਧਰ-ਉੱਧਰ ਹੋ ਕੇ ਆਪਣੀ ਜਾਨ ਬਚਾਈ ਸੀ। ਜਿਸ ਤੋਂ ਬਾਅਦ ਉਸੇ ਰਾਤ ਥਾਣਾ ਸੋਹਾਣਾ ਦੀ ਪੁਲਿਸ ਵਲੋਂ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਪੁਲਿਸ ਦੇ ਆਪ੍ਰੇਸ਼ਨ ਸੈੱਲ ਨੇ 23 ਅਕਤੂਬਰ ਨੂੰ ਹੋਈ ਨੈਤਿਕ ਦੀ ਹੱਤਿਆ ਦੇ ਮਾਮਲੇ ਵਿਚ ਦੋਵਾਂ ਭਰਾਵਾਂ ਨੂੰ ਗ੍ਰਿਫ਼ਤਾਰ ਕੀਤਾ ਸੀ। 24 ਅਕਤੂਬਰ ਨੂੰ ਹਥਿਆਰ ਬਰਾਮਦ ਕਰਵਾਉਣ ਦੌਰਾਨ ਮਨਮੇਹਰ ਪ੍ਰੀਤ ਵਲੋਂ ਪੁਲਿਸ ’ਤੇ ਗੋਲੀ ਚਲਾਉਣ ਕਾਰਨ ਏ. ਐੱਸ. ਆਈ. ਪ੍ਰਦੀਪ ਜ਼ਖ਼ਮੀ ਹੋ ਗਿਆ ਸੀ, ਜਦਕਿ ਜਵਾਬੀ ਕਾਰਵਾਈ ’ਚ ਮਨਮੇਹਰ ਪ੍ਰੀਤ ਦੀ ਲੱਤ ’ਚ ਗੋਲੀ ਲੱਗੀ ਸੀ। ਚੰਡੀਗੜ੍ਹ ਪੁਲਿਸ ਨੇ ਉਸ ਸਮੇਂ ਮੁਲਜ਼ਮਾਂ ਕੋਲੋਂ ਦੋ ਪਿਸਤੌਲ, 17 ਜ਼ਿੰਦਾ ਕਾਰਤੂਸ ਤੇ ਤਿੰਨ ਮੈਗਜ਼ੀਨ ਬਰਾਮਦ ਕੀਤੇ ਸਨ। ਫਿਲਹਾਲ ਪੁਲਿਸ ਰਿਮਾਂਡ ’ਤੇ ਲਿਆਂਦੇ ਗਏ ਇਨ੍ਹਾਂ ਦੋਨਾਂ ਮੁਲਜ਼ਮਾਂ ਤੋਂ ਸੀ. ਆਈ. ਏ. ਸਟਾਫ ਵਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।