ਜ਼ਿਲ੍ਹਾ ਨਗਰ ਯੋਜਨਾਕਾਰ ਦੀ ਟੀਮ ਵਲੋਂ ਪੰਚਕੂਲਾ ਦੇ ਸ਼ਹਿਰੀ ਖੇਤਰ ਵਿਚ ਵੱਡੀ ਕਾਰਵਾਈ
ਪੰਚਕੂਲਾ, 27 ਨਵੰਬਰ (ਕਪਿਲ)-ਜ਼ਿਲ੍ਹਾ ਨਗਰ ਯੋਜਨਾਕਾਰ (ਡੀ. ਟੀ.
ਪੰਚਕੂਲਾ, 27 ਨਵੰਬਰ (ਕਪਿਲ)-ਜ਼ਿਲ੍ਹਾ ਨਗਰ ਯੋਜਨਾਕਾਰ (ਡੀ. ਟੀ. ਪੀ.) ਬਬੀਤਾ ਗੁਪਤਾ ਦੀ ਅਗਵਾਈ ਵਿਚ ਵਿਭਾਗ ਦੀ ਟੀਮ ਵਲੋਂ ਪੰਚਕੂਲਾ ਦੇ ਸ਼ਹਿਰੀ ਖੇਤਰ ਵਿਚ ਵੱਡੀ ਕਾਰਵਾਈ ਕੀਤੀ ਗਈ। ਇਸ ਦੌਰਾਨ ਪਿੰਡ ਕਾਜਮਪੁਰ ਵਿਚ ਇਕ ਤੇ ਰਾਏਪੁਰ ਰਾਣੀ ਵਿਚ ਇਕ ਨਾਜਾਇਜ਼ ਕਾਲੋਨੀ ਵਿਰੁੱਧ ਢਾਹੁਣ ਦੀ ਕਾਰਵਾਈ ਕੀਤੀ ਗਈ। ਇਸ ਕਾਰਵਾਈ ਦੌਰਾਨ ਜੇ. ਸੀ. ਬੀ. ਮਸ਼ੀਨਾਂ ਦੀ ਮਦਦ ਨਾਲ ਕਾਲੋਨੀਆਂ ਦੇ ਸੜਕ ਨੈੱਟਵਰਕ, ਚਾਰਦੀਵਾਰੀ ਤੇ ਇਕ ਉਸਾਰੀ ਅਧੀਨ ਢਾਂਚੇ ਨੂੰ ਢਾਹ ਦਿੱਤਾ ਗਿਆ। ਇਹ ਕਾਰਵਾਈ ਜ਼ਿਲ੍ਹਾ ਨਗਰ ਯੋਜਨਾਕਾਰ ਬਬੀਤਾ ਗੁਪਤਾ ਦੀ ਡਿਊਟੀ ਮੈਜਿਸਟ੍ਰੇਟ ਵਜੋਂ ਮੌਜੂਦਗੀ ਵਿਚ ਕੀਤੀ ਗਈ। ਇਸ ਮੌਕੇ ਰਜਤ ਸੈਣੀ ਐੱਸ. ਡੀ. ਈ. ਪੰਚਾਇਤੀ ਰਾਜ ਪੰਚਕੂਲਾ, ਡਿੰਪੀ ਰਾਠੀ ਸਹਾਇਕ ਨਗਰ ਯੋਜਨਾਕਾਰ ਤੇ ਭਾਰੀ ਪੁਲਿਸ ਬਲ ਵੀ ਮੌਜੂਦ ਸੀ। ਇਸ ਸੰਬੰਧੀ ਜ਼ਿਲ੍ਹਾ ਨਗਰ ਯੋਜਨਾਕਾਰ ਪੰਚਕੂਲਾ ਬਬੀਤਾ ਗੁਪਤਾ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਉਸਾਰੀ ਕਰਨ ਜਾਂ ਕਾਲੋਨੀ ਵਿਕਸਿਤ ਕਰਨ ਤੋਂ ਪਹਿਲਾਂ ਹਰਿਆਣਾ ਦੇ ਨਗਰ ਅਤੇ ਗ੍ਰਾਮ ਯੋਜਨਾ ਵਿਭਾਗ ਦੇ ਡਾਇਰੈਕਟਰ ਤੋਂ ਮਨਜ਼ੂਰੀ ਲੈਣੀ ਲਾਜ਼ਮੀ ਹੈ। ਜੇਕਰ ਕੋਈ ਵਿਅਕਤੀ ਬਿਨਾਂ ਮਨਜ਼ੂਰੀ ਦੇ ਨਾਜਾਇਜ਼ ਉਸਾਰੀ ਕਰਦਾ ਜਾਂ ਕਾਲੋਨੀ ਵਿਕਸਿਤ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਜਾਰੀ ਰਹੇਗੀ।