ਪੀ.ਜੀ.ਆਈ. ਦੇ ਮਾਹਿਰਾਂ ਨੇ ਤਣਾਅ, ਪੜ੍ਹਾਈ ਦੀਆਂ ਰਣਨੀਤੀਆਂ ਤੇ ਪ੍ਰੀਖਿਆ ਦੇ ਦਬਾਅ ਨਾਲ ਨਜਿੱਠਣ ਲਈ ਵਿਹਾਰਕ ਤਰੀਕਿਆਂ ’ਤੇ ਕੀਤੀ ਵਿਚਾਰ-ਚਰਚਾ
ਚੰਡੀਗੜ੍ਹ, 17 ਨਵੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਨੇ ਪੀ. ਜੀ.
ਚੰਡੀਗੜ੍ਹ, 17 ਨਵੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਨੇ ਪੀ. ਜੀ. ਆਈ. ਚੰਡੀਗੜ੍ਹ ਦੇ ਮਨੋਵਿਗਿਆਨ ਵਿਭਾਗ ਦੇ ਸਹਿਯੋਗ ਨਾਲ ‘ਮਾਨਸਿਕ ਸਿਹਤ ਜਾਗਰੂਕਤਾ ਭਾਸ਼ਨ ਲੜੀ’ ਤਹਿਤ ਪ੍ਰੀਖਿਆ ਦੇ ਤਣਾਅ ਦੇ ਪ੍ਰਬੰਧਨ ’ਤੇ ਆਪਣਾ 11ਵਾਂ ਭਾਸ਼ਨ ਕਰਵਾਇਆ। ਲੈਕਚਰ ਵਿਚ ਵਿਦਿਆਰਥੀਆਂ ਨੂੰ ਅਕਾਦਮਿਕ ਦਬਾਅ ਨਾਲ ਨਜਿੱਠਣ ਵਿਚ ਮਦਦ ਕਰਨ ਵਾਲੇ ਵਿਹਾਰਕ ਤਰੀਕਿਆਂ ’ਤੇ ਧਿਆਨ ਕੇਂਦਰਿਤ ਕੀਤਾ। ਇਹ ਸੈਸ਼ਨ ਪੰਜਾਬ ਯੂਨੀਵਰਸਿਟੀ ਦੇ ‘ਡਾ. ਹਰਵੰਸ਼ ਸਿੰਘ ਜੱਜ ਇੰਸਟੀਚਿਊਟ ਆਫ਼ ਡੈਂਟਲ ਸਾਇੰਸਿਜ਼ ਐਂਡ ਹਸਪਤਾਲ’ ਦੇ ਲੈਕਚਰ ਥੀਏਟਰ-1 ਵਿਚ ਕਰਵਾਇਆ। ਇਸ ਮੌਕੇ ਮੁੱਖ ਬੁਲਾਰਿਆਂ ਵਜੋਂ ਪੀ. ਜੀ. ਆਈ. ਚੰਡੀਗੜ੍ਹ ਦੇ ‘ਟੈਲੀ-ਮਾਨਸ’ ਦੇ ਡਾਇਰੈਕਟਰ ਡਾ . ਅਖਿਲੇਸ਼ ਸ਼ਰਮਾ ਅਤੇ ‘ਟੈਲੀ-ਮਾਨਸ’ ਦੀ ਸੀਨੀਅਰ ਸਲਾਹਕਾਰ ਡਾ. ਹਰੀਸ਼ਪ੍ਰੀਤ ਕੌਰ ਸ਼ਾਮਿਲ ਸਨ। ਡਾ. ਹਰੀਸ਼ਪ੍ਰੀਤ ਕੌਰ ਨੇ ‘ਅਸਲ ਸਵੈ’ ਅਤੇ ‘ਆਦਰਸ਼ ਸਵੈ’ ਵਿਚਕਾਰ ਸੰਬੰਧ ਬਾਰੇ ਚਰਚਾ ਕੀਤੀ। ਉਨ੍ਹਾਂ ਸਮਝਾਇਆ ਕਿ ਇਨ੍ਹਾਂ ਦੋਵਾਂ ਵਿਚਕਾਰਲਾ ਅੰਤਰ ਕਿਵੇਂ ਤਣਾਅ, ਖਾਸ ਕਰਕੇ ਅਕਾਦਮਿਕ ਦਬਾਅ ਦਾ ਕਾਰਨ ਬਣ ਸਕਦਾ ਹੈ। ਵਿਦਿਆਰਥੀਆਂ ਨੂੰ ਪ੍ਰੀਖਿਆ ਤਣਾਅ ਦੇ ਪ੍ਰਬੰਧਨ ਲਈ ਵਿਹਾਰਕ ਤਕਨੀਕਾਂ ਨਾਲ ਜਾਣੂ ਕਰਵਾਇਆ। ਡਾ. ਅਖਿਲੇਸ਼ ਸ਼ਰਮਾ ਨੇ ਵਿਦਿਆਰਥੀਆਂ ਦੀ ਸਮੁੱਚੀ ਤੰਦਰੁਸਤੀ ਨੂੰ ਬਣਾਈ ਰੱਖਣ ਵਿਚ ਮਨੋਰੰਜਨ, ਸਰੀਰਕ ਗਤੀਵਿਧੀਆਂ, ਸਾਥੀਆਂ ਦੀ ਆਪਸੀ ਤਾਲਮੇਲ ਅਤੇ ਸਮਾਜਿਕ ਸਹਾਇਤਾ ਦੀ ਮਹੱਤਤਾ ’ਤੇ ਚਾਨਣਾ ਪਾਇਆ। ਪ੍ਰੋਗਰਾਮ ਪ੍ਰੋ. ਵਾਈ. ਕੇ. ਰਾਵਲ ਡੀਨ ਵਿਦਿਆਰਥੀ ਭਲਾਈ, ਪ੍ਰੋ. ਨਮਿਤਾ ਗੁਪਤਾ ਡੀਨ ਵਿਦਿਆਰਥੀ ਭਲਾਈ (ਮਹਿਲਾ) ਤੇ ਡਾ. ਰੁਪਿੰਦਰ ਮੁੱਖ ਮੈਡੀਕਲ ਅਫ਼ਸਰ ਪੰਜਾਬ ਯੂਨੀਵਰਸਿਟੀ ਦੀ ਅਗਵਾਈ ਹੇਠ ਕਰਵਾਇਆ। ਇਸ ਲੈਕਚਰ ਦਾ ਤਾਲਮੇਲ ਪੁਲਕਿਤਾ ਕਾਊਂਸਲਰ ਪੰਜਾਬ ਯੂਨੀਵਰਸਿਟੀ ਦੁਆਰਾ ਕੀਤਾ। ਇਸ ਮੌਕੇ ਦੀਪਤੀ ਕਾਊਂਸਲਰ ਵੀ ਮੌਜੂਦ ਸਨ। ਪ੍ਰਬੰਧਕਾਂ ਨੇ ਸੈਸ਼ਨ ਦੀ ਮੇਜ਼ਬਾਨੀ ਵਿਚ ਡਾ. ਹਰਵੰਸ਼ ਸਿੰਘ ਜੱਜ ਇੰਸਟੀਚਿਊਟ ਤੇ ਹਸਪਤਾਲ ਦੇ ਸਮਰਥਨ ਦਾ ਧੰਨਵਾਦ ਕੀਤਾ।