ਐੱਸ. ਏ. ਐੱਸ. ਨਗਰ, 2 ਨਵੰਬਰ (ਕਪਿਲ ਵਧਵਾ)-ਉਧਾਰ ਸਿਗਰੇਟ ਦੇਣ ਤੋਂ ਇਨਕਾਰ ਕਰਨ ’ਤੇ ਹੋਏ ਝਗੜੇ ਦੌਰਾਨ 20 ਸਾਲਾ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰਨ ਦੇ ਮਾਮਲੇ ਵਿਚ ਮੁਹਾਲੀ ਦੀ ਵਧੀਕ ਸੈਸ਼ਨ ਜੱਜ ਨੀਤਿਕਾ ਵਰਮਾ ਦੀ ਅਦਾਲਤ ਨੇ ਦੋ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਭੁਪਿੰਦਰ ਸਿੰਘ ਉਰਫ਼ ਬੱਬਲੀ ਤੇ ਰਿੰਕੂ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਦੋਵਾਂ ’ਤੇ 50-50 ਹਜ਼ਾਰ ਰੁ. ਜੁਰਮਾਨਾ ਵੀ ਲਗਾਇਆ ਗਿਆ ਹੈ। ਮਾਮਲੇ ਦੇ ਵੇਰਵਿਆਂ ਅਨੁਸਾਰ 21 ਅਕਤੂਬਰ 2021 ਨੂੰ ਸੈਕਟਰ-82 ਮੁਹਾਲੀ ’ਚ ਮੁਖਤਿਆਰ ਸਿੰਘ ਸਿਗਰੇਟਾਂ ਤੇ ਬੀੜੀਆਂ ਦੀ ਰੇਹੜੀ ਲਗਾਉਂਦਾ ਸੀ, ਜਦਕਿ ਉਸ ਦਾ 20 ਸਾਲਾ ਪੁੱਤਰ ਪ੍ਰਿੰਸ ਸ਼ਿਕੰਜਵੀ ਦੀ ਰੇਹੜੀ ਲਗਾਉਂਦਾ ਸੀ। ਨੇੜੇ ਹੀ ਕਾਰ ਵਰਕਸ਼ਾਪ ਚਲਾਉਣ ਵਾਲਾ ਭੁਪਿੰਦਰ ਸਿੰਘ ਉਰਫ਼ ਬੱਬਲੀ ਉਨ੍ਹਾਂ ਤੋਂ ਸਿਗਰੇਟਾਂ ਖਰੀਦਦਾ ਸੀ। ਵਾਰਦਾਤ ਵਾਲੇ ਦਿਨ ਰਾਤ ਕਰੀਬ 8 ਵਜੇ ਉਹ ਉਧਾਰ ਸਿਗਰੇਟ ਲੈਣ ਆਇਆ ਤਾਂ ਮੁਖਤਿਆਰ ਸਿੰਘ ਨੇ ਪਹਿਲਾਂ ਬਕਾਇਆ 500 ਰੁ. ਦੇਣ ਲਈ ਕਿਹਾ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਤਕਰਾਰ ਹੋ ਗਈ। ਇਸ ਦੌਰਾਨ ਭੁਪਿੰਦਰ ਸਿੰਘ ਨੇ ਮੁਖਤਿਆਰ ਸਿੰਘ ਨਾਲ ਗਾਲੀ-ਗਲੋਚ ਕਰਦਿਆਂ ਧੱਕਾ-ਮੁੱਕੀ ਕੀਤੀ। ਪ੍ਰਿੰਸ ਤੇ ਉਸ ਦੇ ਜੀਜਾ ਅਭੈ ਕੁਮਾਰ ਨੇ ਵਿਚ ਪੈ ਕੇ ਮਾਮਲਾ ਸ਼ਾਂਤ ਕਰਵਾਇਆ। ਕੁਝ ਸਮੇਂ ਬਾਅਦ ਭੁਪਿੰਦਰ ਸਿੰਘ ਆਪਣੇ ਸਾਥੀ ਰਿੰਕੂ ਸਿੰਘ ਨਾਲ ਵਾਪਸ ਆ ਗਿਆ। ਭੁਪਿੰਦਰ ਨੇ ਪ੍ਰਿੰਸ ਨੂੰ ਸਬਕ ਸਿਖਾਉਣ ਦੀ ਧਮਕੀ ਦਿੱਤੀ ਅਤੇ ਉਸ ਦੀਆਂ ਬਾਹਾਂ ਫੜ ਲਈਆਂ, ਜਦਕਿ ਰਿੰਕੂ ਨੇ ਉਸ ਦੇ ਪੇਟ ਦੇ ਸੱਜੇ ਪਾਸੇ ਚਾਕੂ ਨਾਲ ਵਾਰ ਕਰ ਦਿੱਤਾ। ਜ਼ਖ਼ਮੀ ਪ੍ਰਿੰਸ ਨੂੰ ਤੁਰੰਤ ਹਸਪਤਾਲ ਲਿਜਾਇਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਥਾਣਾ ਸੋਹਾਣਾ ਵਿਖੇ ਦੋਵਾਂ ਖ਼ਿਲਾਫ਼ ਕਤਲ ਅਤੇ ਧਮਕੀਆਂ ਦੇਣ ਦੇ ਦੋਸ਼ ਹੇਠ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਇਸ ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੇ ਵਾਰਦਾਤ ਵਿਚ ਵਰਤਿਆ ਚਾਕੂ ਵੀ ਬਰਾਮਦ ਕੀਤਾ ਸੀ। ਅਦਾਲਤ ਵਿਚ ਪਿਤਾ ਮੁਖਤਿਆਰ ਸਿੰਘ ਤੇ ਚਸ਼ਮਦੀਦ ਗਵਾਹ ਅਭੈ ਕੁਮਾਰ ਦੀ ਗਵਾਹੀ ਤੋਂ ਇਲਾਵਾ ਮੈਡੀਕਲ ਅਤੇ ਫੋਰੈਂਸਿਕ ਸਬੂਤਾਂ ਨੂੰ ਅਹਿਮ ਮੰਨਿਆ ਗਿਆ। ਜਿਸ ਤੋਂ ਬਾਅਦ ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ ਕਤਲ ਤੇ ਧਮਕੀਆਂ ਦੇਣ ਲਈ ਦੋਸ਼ੀ ਕਰਾਰ ਦਿੰਦਿਆਂ ਸੋਮਵਾਰ ਨੂੰ ਸਜ਼ਾ ਸੁਣਾ ਦਿੱਤੀ।