ਰਾਜ ਸਭਾ ਮੈਂਬਰ ਸੰਧੂ ਦੀ ਪ੍ਰਧਾਨਗੀ ਹੇਠ ਹੋਈ ਯੂ. ਟੀ. ਸਲਾਹਕਾਰ ਸਥਾਈ ਕਮੇਟੀ ਦੀ ਮੀਟਿੰਗ
ਚੰਡੀਗੜ੍ਹ, 26 ਅਗਸਤ (ਪ੍ਰੋ. ਅਵਤਾਰ ਸਿੰਘ)- ਚੰਡੀਗੜ੍ਹ ਸ਼ਹਿਰ ਪੁਲਿਸਿੰਗ ਦੇ ਖੇਤਰ ‘ਚ ਵੱਡੇ ਤਕਨੀਕੀ ਸੁਧਾਰ ਲਈ ਤਿਆਰ ਹੈ, ਜਿਸ ਤਹਿਤ ਸ਼ਹਿਰ ਭਰ ‘ਚ 2,000 ਤੋਂ ਵੱਧ ਏ.
ਚੰਡੀਗੜ੍ਹ, 26 ਅਗਸਤ (ਪ੍ਰੋ. ਅਵਤਾਰ ਸਿੰਘ)- ਚੰਡੀਗੜ੍ਹ ਸ਼ਹਿਰ ਪੁਲਿਸਿੰਗ ਦੇ ਖੇਤਰ ‘ਚ ਵੱਡੇ ਤਕਨੀਕੀ ਸੁਧਾਰ ਲਈ ਤਿਆਰ ਹੈ, ਜਿਸ ਤਹਿਤ ਸ਼ਹਿਰ ਭਰ ‘ਚ 2,000 ਤੋਂ ਵੱਧ ਏ. ਆਈ-ਸਮਰੱਥ ਸੀ. ਸੀ. ਟੀ. ਵੀ. ਕੈਮਰੇ ਲਗਾਉਣ ਦੀ ਯੋਜਨਾ ਹੈ। ਇਸ ਨਾਲ ਮੌਜੂਦਾ ਨੈੱਟਵਰਕ 2,130 ਤੋਂ ਲਗਪਗ ਦੁੱਗਣਾ ਹੋ ਕੇ ਕਰੀਬ 4, 200 ਕੈਮਰਿਆਂ ਤੱਕ ਪਹੁੰਚ ਜਾਵੇਗਾ। ਵਿਸਤਾਰਿਤ ਨੈੱਟਵਰਕ ਬਾਕੀ ਰਹਿੰਦੀਆਂ 68 ਏ. ਟੀ. ਸੀ. ਥਾਵਾਂ ਨੂੰ ਕਵਰ ਕਰੇਗਾ ਤੇ ਇਸ ‘ਚ ਪ੍ਰਿਡਿਕਟਿਵ ਐਨਾਲਿਟਿਕਸ ਅਤੇ ਵਾਹਨਾਂ ਤੇ ਵਿਅਕਤੀਆਂ ਦੀ ਸਵੈ-ਚਲਿਤ ਪਛਾਣ ਵਰਗੀਆਂ ਉੱਨਤ ਸਮਰਥਾਵਾਂ ਸ਼ਾਮਿਲ ਕਰਨ ਦਾ ਪ੍ਰਸਤਾਵ ਹੈ, ਜਿਸ ਨਾਲ ਚੰਡੀਗੜ੍ਹ ਪੁਲਿਸ ਨੂੰ ਰੋਕਥਾਮ ਵਾਲੀ ਪੁਲਿਸਿੰਗ, ਟ੍ਰੈਫ਼ਿਕ ਪ੍ਰਬੰਧਨ ਤੇ ਤੇਜ਼ ਪ੍ਰਤੀਕਿਰਿਆ ਲਈ ਹੋਰ ਮਜ਼ਬੂਤ ਸਾਧਨ ਮਿਲਣਗੇ। ਇਸ ਰੋਡਮੈਪ ਨੂੰ ਲੈ ਕੇ ਪੁਲਿਸ ਹੈੱਡਕੁਆਰਟਰ ਸੈਕਟਰ-9 ਚੰਡੀਗੜ੍ਹ ਵਿਖੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ ਯੂ. ਟੀ. ਸਲਾਹਕਾਰ ਸਥਾਈ ਕਮੇਟੀ (ਕਾਨੂੰਨ ਤੇ ਵਿਵਸਥਾ) ਦੀ ਮੀਟਿੰਗ ‘ਚ ਚਰਚਾ ਕੀਤੀ ਗਈ। ਮੀਟਿੰਗ ‘ਚ ਚੰਡੀਗੜ੍ਹ ਟ੍ਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਕੁਲਦੀਪ ਕੁਮਾਰ, ਹੋਟਲ ਐਂਡ ਰੈਸਟੋਰੈਂਟਸ ਐਸੋਸੀਏਸ਼ਨ ਦੇ ਚੇਅਰਮੈਨ ਮਨਮੋਹਨ ਸਿੰਘ, ਕੰਵਰਦੀਪ ਕੌਰ ਐਸ. ਐਸ. ਪੀ., ਚੰਡੀਗੜ੍ਹ ਅਤੇ ਅਨੁਰਾਗ ਦਰੂ ਪੁਲਿਸ ਕਪਤਾਨ ਸਮੇਤ ਪੰਜ ਡਵੀਜ਼ਨਾਂ ਦੇ ਸਬ-ਡਵੀਜ਼ਨਲ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ। ਇਸ ਮੌਕੇ ਪ੍ਰਸਤਾਵਿਤ ਨਿਗਰਾਨੀ ਸੁਧਾਰ ਦਾ ਸਵਾਗਤ ਕਰਦਿਆਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਚੰਡੀਗੜ੍ਹ ਕੋਲ ਸਮਾਰਟ, ਸੁਰੱਖਿਅਤ ਤੇ ਨਾਗਰਿਕ-ਕੇਂਦਰਿਤ ਸ਼ਹਿਰੀ ਪੁਲਿਸਿੰਗ ਦਾ ਰਾਸ਼ਟਰੀ ਮਾਡਲ ਬਣਨ ਦੀ ਸਮਰੱਥਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਸਿਰਫ਼ ਕੈਮਰੇ ਵਧਾਉਣ ਤੱਕ ਸੀਮਿਤ ਨਹੀਂ ਹੋਣਾ ਚਾਹੀਦਾ, ਸਗੋਂ ਏ. ਆਈ., ਪ੍ਰਿਡਿਕਟਿਵ ਟੂਲਜ਼ ਅਤੇ ਰੀਅਲ-ਟਾਈਮ ਡੇਟਾ ਨਾਲ ਅਪਰਾਧ ਰੋਕਣ, ਪ੍ਰਤੀਕਿਰਿਆ ਸਮਾਂ ਬਿਹਤਰ ਕਰਨ ਅਤੇ ਨਾਗਰਿਕਾਂ ਨੂੰ ਵਧੇਰੇ ਸੁਰੱਖਿਅਤ ਮਹਿਸੂਸ ਕਰਵਾਉਣ ‘ਚ ਮਦਦ ਮਿਲਣੀ ਚਾਹੀਦੀ ਹੈ। ਇਸ ਮੌਕੇ ਰਾਜ ਸਭਾ ਮੈਂਬਰ ਸੰਧੂ ਨੇ ਕਿਹਾ ਕਿ ਚੰਡੀਗੜ੍ਹ ਨੂੰ ਸੜਕ ਹਾਦਸਿਆਂ ‘ਚ ਹੋਣ ਵਾਲੀਆਂ ਮੌਤਾਂ ‘ਚ ਕਮੀ ਲਿਆਉਣ ਦੀ ਦਿਸ਼ਾ ‘ਚ ਕੰਮ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੇ ਅਗਲੀ ਮੀਟਿੰਗ ‘ਚ ਇਸ ਦੀ ਵਿਸਤ੍ਰਿਤ ਸਮੀਖਿਆ ਦੀ ਮੰਗ ਕੀਤੀ। ਇਸ ‘ਤੇ ਐਸ. ਐਸ. ਪੀ. ਨੇ ਕਮੇਟੀ ਨੂੰ ਦੱਸਿਆ ਕਿ ਸਾਲ 2025 ਤੋਂ ਹੁਣ ਤੱਕ ਵੱਖ-ਵੱਖ ਆਊਟਰੀਚ ਮੰਚਾਂ ਰਾਹੀਂ ਸਾਈਬਰ ਅਪਰਾਧ ਜਾਗਰੂਕਤਾ ਦੇ 553 ਸੈਸ਼ਨ ਕਰਵਾਏ ਜਾ ਚੁੱਕੇ ਹਨ। ਕਮੇਟੀ ਨੇ ਉੱਭਰਦੀਆਂ ਆਨਲਾਈਨ ਧੋਖਾਧੜੀਆਂ ਤੇ ਧਮਕੀ ਭਰੀਆਂ ਈ. ਮੇਲਾਂ ਨਾਲ ਨਜਿੱਠਣ ਲਈ ਸਾਈਬਰ-ਪ੍ਰਤੀਕਿਰਿਆ ਸਮਰਥਾਵਾਂ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਮੀਟਿੰਗ ਦੀ ਸਮਾਪਤੀ ਮੌਕੇ ਸੰਧੂ ਨੇ ਰੋਕਥਾਮ ਵਾਲੀ ਪੁਲਿਸਿੰਗ, ਨਸ਼ਾ-ਵਿਰੋਧੀ ਲਾਗੂਕਰਨ, ਤਕਨਾਲੋਜੀ-ਆਧਾਰਿਤ ਟ੍ਰੈਫ਼ਿਕ ਪ੍ਰਬੰਧਨ ਅਤੇ ਹਾਲ ਹੀ ਦੀਆਂ ਕਾਨੂੰਨ-ਵਿਵਸਥਾ ਸੰਬੰਧੀ ਸਥਿਤੀਆਂ ਨੂੰ ਪੇਸ਼ੇਵਰ ਢੰਗ ਨਾਲ ਸੰਭਾਲਣ ਲਈ ਚੰਡੀਗੜ੍ਹ ਪੁਲਿਸ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਹੁਣ ਧਿਆਨ ਮੌਜੂਦਾ ਮਜ਼ਬੂਤੀਆਂ ਉੱਤੇ ਅੱਗੇ ਉਸਾਰੀ ਕਰਨ ਤੇ ਏ. ਆਈ., ਤਕਨਾਲੋਜੀ, ਖੋਜ, ਸਿਖਲਾਈ-ਪ੍ਰਾਪਤ ਮੈਨਪਾਵਰ ਤੇ ਸਮਾਜਿਕ ਦਖਲ-ਅੰਦਾਜ਼ੀਆਂ ਦੀ ਵਰਤੋਂ ਕਰਦਿਆਂ ਚੰਡੀਗੜ੍ਹ ਦੇ ਪੁਲਿਸਿੰਗ ਮਿਆਰਾਂ ਨੂੰ ਅਗਲੇ ਪੱਧਰ ਤੱਕ ਲਿਜਾਣ ਉੱਤੇ ਹੋਣਾ ਚਾਹੀਦਾ ਹੈ।