21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

227 ਕਰੋੜ ਦੇ ਟੇਬਲ ਏਜੰਡੇ ਤੋਂ ਲੈ ਕੇ ਗਾਂ ਦੇ ਮੀਟ ’ਤੇ ਪਾਬੰਦੀ ਤੱਕ, ਨਿਗਮ ਸਦਨ ’ਚ ਗੂੰਜਦੇ ਰਹੇ ਅਹਿਮ ਮੁੱਦੇ

ਚੰਡੀਗੜ੍ਹ, 20 ਅਗਸਤ (ਸੰਦੀਪ ਕੁਮਾਰ ਮਾਹਨਾ)- ਚੰਡੀਗੜ੍ਹ ਨਗਰ ਨਿਗਮ ਦੀ ਵੀਰਵਾਰ ਨੂੰ ਸਵੇਰੇ 11. 30 ਵਜੇ ਸ਼ੁਰੂ ਹੋਈ ਹਾਊਸ ਮੀਟਿੰਗ ਸ਼ੁਰੂ ਤੋਂ ਹੀ ਹੰਗਾਮੇਦਾਰ ਰਹੀ।

Ad Position 21
No active advertisement
ਚੰਡੀਗੜ੍ਹ ਨਗਰ ਨਿਗਮ ਦੀ ਹਾਊਸ ਮੀਟਿੰਗ ਦੌਰਾਨ ਆਪਸ ਵਿਚ ਬਹਿਸ ਕਰਦੀਆਂ ਕਾਂਗਰਸੀ ਕੌਂਸਲਰ ਪ੍ਰੇਮ ਲਤਾ ਅਤੇ ਭਾਜਪਾ ਕੌਂਸਲਰ ਸਰਬਜੀਤ ਕੌਰ। ਹਾਊਸ ਮੀਟਿੰਗ ਦੌਰਾਨ ਵਿਰੋਧੀ ਧਿਰ ਦੇ ਆਗੂ ਅਤੇ ਕਾਂਗਰਸੀ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਵਲੋਂ ਇਲਜ਼ਾਮ ਲਗਾਏ ਜਾਣ ਦੇ ਮਾਮਲੇ ਤੇ ਆਪਣਾ ਪੱਖ ਰੱਖਦੀ ਸਾਬਕਾ ਮੇਅਰ ਤੇ ਭਾਜਪਾ ਕੌਂਸਲਰ ਹਰਪ੍ਰੀਤ ਕੌਰ ਬਬਲਾ। 21-08-2026
ਚੰਡੀਗੜ੍ਹ, 20 ਅਗਸਤ (ਸੰਦੀਪ ਕੁਮਾਰ ਮਾਹਨਾ)- ਚੰਡੀਗੜ੍ਹ ਨਗਰ ਨਿਗਮ ਦੀ ਵੀਰਵਾਰ ਨੂੰ ਸਵੇਰੇ 11.30 ਵਜੇ ਸ਼ੁਰੂ ਹੋਈ ਹਾਊਸ ਮੀਟਿੰਗ ਸ਼ੁਰੂ ਤੋਂ ਹੀ ਹੰਗਾਮੇਦਾਰ ਰਹੀ। ਵਿਰੋਧੀ ਧਿਰ ਦੇ ਕੌਂਸਲਰ ਸਦਨ ਦੇ ਵਿਚਕਾਰ ਆ ਕੇ ਨਾਅਰੇਬਾਜ਼ੀ ਕਰਦੇ ਰਹੇ ਅਤੇ 227 ਕਰੋੜ ਰੁਪਏ ਦੇ ਟੇਬਲ ਏਜੰਡੇ ਨੂੰ ਲੈ ਕੇ ਜਵਾਬਦੇਹੀ ਦੀ ਮੰਗ ਕੀਤੀ। ਇਸ ਦੇ ਨਾਲ ਹੀ ਪਿਛਲੇ ਸਾਲ ਪਾਸ ਕੀਤੇ 20 ਹਜ਼ਾਰ ਲੀਟਰ ਪੀਣ ਵਾਲੇ ਪਾਣੀ ਦੇ ਏਜੰਡੇ ਨੂੰ ਸਥਾਨਕ ਸਰਕਾਰ ਵਿਭਾਗ ਦੇ ਸਕੱਤਰ ਵਲੋਂ ਰੱਦ ਕੀਤੇ ਜਾਣ, ਮਾਨਸੂਨ ਦੌਰਾਨ ਬਰਸਾਤੀ ਪਾਣੀ ਖੜ੍ਹਨ, ਕਿਊ.ਆਰ.ਟੀ. ਟੀਮ ਦੀ ਗੈਰ-ਮੌਜੂਦਗੀ, ਨਿਗਮ ਦੀ ਮਸ਼ੀਨਰੀ ਦੀ ਘਾਟ ਤੇ ਅਧਿਕਾਰੀਆਂ ਦੀ ਫ਼ੀਲਡ ਵਿਚ ਮੌਜੂਦਗੀ ਵਰਗੇ ਮੁੱਦੇ ਵੀ ਸਦਨ ਵਿਚ ਜ਼ੋਰਦਾਰ ਢੰਗ ਨਾਲ ਉੱਠੇ। ਦੂਜੇ ਪਾਸੇ, ਗਾਂ ਦੇ ਮੀਟ ਦੀ ਵਿੱਕਰੀ, ਸਟੋਰੇਜ ਜਾਂ ਪ੍ਰੋਸੈਸਿੰਗ ’ਤੇ ਪਾਬੰਦੀ ਸਬੰਧੀ ਪ੍ਰਸਤਾਵਿਤ ਬਾਈਲਾਅਜ਼ ਤੇ ਨਿਗਮ ਦੇ ਪੁਰਾਣੇ ਆਈ.ਟੀ. ਢਾਂਚੇ ਨੂੰ ਅਪਗ੍ਰੇਡ ਕਰਨ ਲਈ 1.61 ਕਰੋੜ ਰੁਪਏ ਦੀ ਖ਼ਰੀਦ ਦੇ ਏਜੰਡੇ ਨੂੰ ਵੀ ਮਨਜ਼ੂਰੀ ਮਿਲੀ। 227 ਕਰੋੜ ਦੇ ਏਜੰਡੇ ’ ਤੇ ਵਿਰੋਧੀ ਧਿਰ ਦਾ ਹੰਗਾਮਾ ਹਾਊਸ ਮੀਟਿੰਗ ਦੀ ਸ਼ੁਰੂਆਤ ਵਿਚ ਹੀ ਵਿਰੋਧੀ ਧਿਰ ਦੇ ਕੌਂਸਲਰ ਸਦਨ ਦੇ ਵਿਚਕਾਰ ਆ ਕੇ ਨਾਅਰੇਬਾਜ਼ੀ ਕਰਨ ਲੱਗ ਪਏ। ਉਨ੍ਹਾਂ ਵਲੋਂ 227 ਕਰੋੜ ਰੁਪਏ ਦੇ ਟੇਬਲ ਏਜੰਡੇ ਨੂੰ ਲੈ ਕੇ ਨਿਗਮ ਪ੍ਰਸ਼ਾਸਨ ਤੋਂ ਜਵਾਬਦੇਹੀ ਮੰਗੀ ਗਈ ਤੇ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ। ਮੇਅਰ ਸੌਰਭ ਜੋਸ਼ੀ ਨੇ ਵਿਰੋਧੀ ਧਿਰ ’ਤੇ ਪਲਟਵਾਰ ਕਰਦਿਆਂ ਕਿਹਾ ਕਿ 227 ਕਰੋੜ ਰੁਪਏ ਦੇ ਏਜੰਡੇ ਦੀ ਜਾਂਚ ਕਰਵਾਉਣ ਦੀ ਗੱਲ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜਦੋਂ ਇਹ ਏਜੰਡਾ ਸਦਨ ਵਿਚ ਆਇਆ ਸੀ ਤਾਂ ‘ਆਪ’ ਕੌਂਸਲਰ ਹਰਦੀਪ ਸਿੰਘ ਸਮੇਤ ਕਈ ਕੌਂਸਲਰ ਹਾਜ਼ਰ ਸਨ। ਜੇਕਰ ਇਤਰਾਜ਼ ਸੀ ਤਾਂ ਉਸ ਸਮੇਂ ਵਿਰੋਧ ਕਿਉਂ ਨਹੀਂ ਕੀਤਾ ਗਿਆ। ਮੇਅਰ ਨੇ ਕਿਹਾ ਕਿ ਹੁਣ ਜਾਣਬੁੱਝ ਕੇ ਹਾਊਸ ਮੀਟਿੰਗ ਦਾ ਸਮਾਂ ਖ਼ਰਾਬ ਕਰਕੇ ਸਿਆਸਤ ਕੀਤੀ ਜਾ ਰਹੀ ਹੈ। ਨਿਗਮ ਦੀ ਮੀਟਿੰਗ ਦੌਰਾਨ ਵਿਰੋਧੀ ਧਿਰ ਦੇ ਆਗੂ ਤੇ ਕਾਂਗਰਸੀ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਪ੍ਰਸ਼ਾਸਨ ਵਲੋਂ ਨਗਰ ਨਿਗਮ ਕਮਿਸ਼ਨਰ ਨੂੰ ਭੇਜੇ ਗਏ ਇਕ ਅਹਿਮ ਪੱਤਰ ਨੂੰ ਸਦਨ ਵਿਚ ਪੇਸ਼ ਨਾ ਕੀਤੇ ਜਾਣ ’ਤੇ ਗੰਭੀਰ ਸਵਾਲ ਉਠਾਏ। ਗਾਬੀ ਨੇ ਮੀਡੀਆ ਦੇ ਸਾਹਮਣੇ ਸਬੰਧਿਤ ਦਸਤਾਵੇਜ਼ ਪੇਸ਼ ਕਰਦਿਆਂ ਦੋਸ਼ ਲਗਾਇਆ ਕਿ ਪ੍ਰਸ਼ਾਸਨ ਦਾ ਪੱਤਰ ਨਿਗਮ ਨੂੰ ਮਿਲਣ ਦੇ ਬਾਵਜੂਦ ਇਸ ਨੂੰ ਸਦਨ ਦੇ ਧਿਆਨ ਵਿਚ ਨਹੀਂ ਲਿਆਂਦਾ ਗਿਆ। ਉਨ੍ਹਾਂ ਪੂਰੇ ਮਾਮਲੇ ਦੀ ਜਾਂਚ ਕਰਵਾ ਕੇ ਜ਼ਿੰਮੇਵਾਰੀ ਤੈਅ ਕਰਨ ਦੀ ਮੰਗ ਕੀਤੀ। ਮੌਜੂਦਾ ਮੀਟਿੰਗ ਵਿਚ ਗਾਬੀ ਵਲੋਂ ਪੱਤਰ ਦਿਖਾ ਕੇ ਸਵਾਲ ਉਠਾਉਣ ਦੀ ਘਟਨਾ ਦੀ ਪੁਸ਼ਟੀ ਅੱਜ ਦੀ ਮੀਟਿੰਗ ਦੀ ਰਿਪੋਰਟ ਵਿਚ ਵੀ ਹੋਈ ਹੈ।ਗਾਬੀ ਨੇ ਸਵਾਲ ਕੀਤਾ ਕਿ ਜਦੋਂ ਪ੍ਰਸ਼ਾਸਨ ਵਲੋਂ ਨਗਰ ਨਿਗਮ ਨੂੰ ਇਸ ਸਬੰਧੀ ਸਪੱਸ਼ਟ ਪੱਤਰ ਭੇਜਿਆ ਗਿਆ ਸੀ ਤਾਂ ਇਸ ਨੂੰ ਨਿਗਮ ਸਦਨ ਦੇ ਸਾਹਮਣੇ ਕਿਉਂ ਨਹੀਂ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਵਿਚ ਸਦਨ ਨੂੰ ਪੂਰੀ ਜਾਣਕਾਰੀ ਦੇਣਾ ਜ਼ਰੂਰੀ ਹੈ, ਤਾਂ ਜੋ ਕੌਂਸਲਰ ਤੱਥਾਂ ਦੇ ਆਧਾਰ ’ਤੇ ਵਿਚਾਰ ਕਰ ਸਕਣ।ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਦਾ ਕੋਈ ਅਹਿਮ ਪੱਤਰ ਨਗਰ ਨਿਗਮ ਨੂੰ ਪ੍ਰਾਪਤ ਹੋਇਆ ਸੀ ਤਾਂ ਉਸ ਨੂੰ ਸਦਨ ਦੇ ਸਾਹਮਣੇ ਰੱਖਣ ਦੀ ਜ਼ਿੰਮੇਵਾਰੀ ਬਣਦੀ ਸੀ। ਹਾਲਾਂਕਿ ਗਾਬੀ ਵਲੋਂ ਪੇਸ਼ ਕੀਤੇ ਪੱਤਰ ਦੇ ਆਧਾਰ ’ਤੇ ਲਗਾਏ ਗਏ ਦੋਸ਼ਾਂ ਨੂੰ ਮੇਅਰ ਵਲੋਂ ਦਰਕਿਨਾਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਮੇਅਰ ਨੇ ਕਿਹਾ ਕਿ ਬਿਨਾਂ ਵਿਸਥਾਰਪੂਰਵਕ ਚਰਚਾ ਦੇ ਸਿਰਫ਼ ਫੋਟੋ ਕਾਪੀ ਕਾਗ਼ਜ਼ ਦੇ ਆਧਾਰ ’ਤੇ ਦੋਸ਼ ਨਹੀਂ ਲਗਾਏ ਜਾ ਸਕਦੇ ਅਤੇ ਦਸਤਾਵੇਜ਼ ਦੀ ਵੈਧਤਾ ਵੀ ਸਪੱਸ਼ਟ ਹੋਣੀ ਚਾਹੀਦੀ ਹੈ।ਇਸ ਦੌਰਾਨ ਪੱਤਰ ਨੂੰ ਲੈ ਕੇ ਗਾਬੀ ਅਤੇ ਮੇਅਰ ਵਿਚਕਾਰ ਤਿੱਖੀ ਬਹਿਸ ਵੀ ਹੋਈ ‘ ਆਪ ’ ਕੌਂਸਲਰ ਰਾਮ ਚੰਦਰ ਯਾਦਵ ਦੇ ਸਵਾਲਾਂ ਦਾ ਨਿਗਮ ਅਧਿਕਾਰੀਆਂ ਕੋਲ ਨਹੀਂ ਸੀ ਜਵਾਬ ਇਸੇ ਦੌਰਾਨ ‘ਆਪ’ ਕੌਂਸਲਰ ਰਾਮ ਚੰਦਰ ਯਾਦਵ ਨੇ ਵੀ ਨਗਰ ਨਿਗਮ ਅਧਿਕਾਰੀਆਂ ਤੋਂ ਕਈ ਸਵਾਲ ਕੀਤੇ। ਅਧਿਕਾਰੀਆਂ ਵਲੋਂ ਦਿੱਤੇ ਜਵਾਬਾਂ ਤੋਂ ਅਸੰਤੁਸ਼ਟ ਯਾਦਵ ਨੇ ਦੋਸ਼ ਲਗਾਇਆ ਕਿ ਸਬੰਧਿਤ ਏਜੰਸੀ ਨੂੰ ਲਾਭ ਪਹੁੰਚਾਇਆ ਜਾ ਰਿਹਾ ਹੈ ਅਤੇ ਜਨਤਾ ਦੇ ਪੈਸੇ ਤੇ ਸਰਕਾਰੀ ਜਾਇਦਾਦ ਦੇ ਨੁਕਸਾਨ ਦੇ ਬਾਵਜੂਦ ਜਵਾਬਦੇਹੀ ਤੈਅ ਨਹੀਂ ਕੀਤੀ ਗਈ। ਨਿਗਮ ਕਮਿਸ਼ਨਰ ਵਲੋਂ ਜਵਾਬ ਮੰਗੇ ਜਾਣ ਦੇ ਬਾਵਜੂਦ ਐਕਸ. ਈ. ਐਨ. ਅਨੁਰਾਗ ਬਿਸ਼ਨੋਈ ਇਸ ਸਬੰਧੀ ਸਪੱਸ਼ਟ ਜਵਾਬ ਨਹੀਂ ਦੇ ਸਕੇ। ਐਸ. ਡੀ. ਓ. ਵਲੋਂ ਸੀਵਰੇਜ ਲਾਈਨ ਦੇ ਨੁਕਸਾਨ ਦੀ ਜਾਣਕਾਰੀ ਨਾ ਹੋਣ ਦੀ ਗੱਲ ਕਹੇ ਜਾਣ ’ਤੇ ਯਾਦਵ ਨੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਸਬੰਧਿਤ ਅਧਿਕਾਰੀਆਂ ਨੂੰ ਮੌਕੇ ਦੀਆਂ ਤਸਵੀਰਾਂ ਤੇ ਵੀਡੀਓ ਪਹਿਲਾਂ ਹੀ ਭੇਜੇ ਜਾ ਚੁੱਕੇ ਸਨ। ਇਸ ਦੇ ਬਾਵਜੂਦ ਜਾਣਕਾਰੀ ਹੋਣ ਤੋਂ ਇਨਕਾਰ ਕਰਨਾ ਗੰਭੀਰ ਲਾਪਰਵਾਹੀ ਹੈ। ਕੌਂਸਲਰ ਰਾਮ ਚੰਦਰ ਯਾਦਵ ਅਨੁਸਾਰ ਨੁਕਸਾਨੀ ਗਈ ਸੀਵਰੇਜ ਲਾਈਨ ਦੀ ਮੁਰੰਮਤ ਵਿਚ ਕਰੀਬ 22 ਦਿਨ ਲੱਗੇ, ਜਿਸ ਕਾਰਨ ਇਲਾਕਾ ਵਾਸੀਆਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨਗਰ ਨਿਗਮ ਕਮਿਸ਼ਨਰ ਤੋਂ ਪੂਰੇ ਮਾਮਲੇ ਦੀ ਜਾਂਚ ਕਰਵਾ ਕੇ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ। ਮੇਅਰ ਨੇ ਨਿਗਮ ਦੀ ਕਿਊ . ਆਰ . ਟੀ . ਟੀਮ ਦੀ ਕਾਰਗੁਜ਼ਾਰੀ ’ ਤੇ ਚੁੱਕੇ ਸਵਾਲ ਹਾਊਸ ਮੀਟਿੰਗ ’ਚ ਮਾਨਸੂਨ ਦੌਰਾਨ ਭਾਰੀ ਬਾਰਿਸ਼ ਤੋਂ ਬਾਅਦ ਸ਼ਹਿਰ ਵਿਚ ਹੋਏ ਹਰ ਸੈਕਟਰ ’ਚ ਪਾਣੀ ਖੜ੍ਹ ਜਾਣ ਨੂੰ ਲੈ ਕੇ ਮੇਅਰ ਨੇ ਨਿਗਮ ਦੀ ਕਿਊ.ਆਰ.ਟੀ. ਟੀਮ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਭਾਰੀ ਮੀਂਹ ਦੌਰਾਨ ਮੌਕੇ ’ਤੇ ਕਿਊ. ਆਰ. ਟੀ. ਟੀਮ ਦਾ ਇਕ ਵੀ ਮੈਂਬਰ ਨਜ਼ਰ ਨਹੀਂ ਆਇਆ। ਉਨ੍ਹਾਂ ਸਵਾਲ ਕੀਤਾ ਕਿ ਟੀਮ ਮੌਕੇ ’ਤੇ ਕਿਉਂ ਨਹੀਂ ਪਹੁੰਚੀ ਤੇ ਐਕਸ਼ਨ ਲੈਣ ਵਿਚ ਦੇਰੀ ਕਿਉਂ ਹੋਈ। ਇਸ ’ਤੇ ਨਿਗਮ ਕਮਿਸ਼ਨਰ ਨੇ ਮੁੱਖ ਇੰਜੀਨੀਅਰ ਨੂੰ ਕਿਊ. ਆਰ. ਟੀ. ਟੀਮ ਦੀ ਗੈਰ-ਮੌਜੂਦਗੀ ਅਤੇ ਮੌਕੇ ’ਤੇ ਨਾ ਪਹੁੰਚਣ ਦੇ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ। ਮੇਅਰ ਨੇ ਨਿਗਮ ਦੀ ਮਸ਼ੀਨਰੀ ਦੀ ਕਾਰਗੁਜ਼ਾਰੀ ’ਤੇ ਵੀ ਅਫਸੋਸ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਸਮਾਗਮਾਂ ਤੇ ਪ੍ਰਦਰਸ਼ਨੀਆਂ ਦੌਰਾਨ ਨਿਗਮ ਵਲੋਂ ਆਧੁਨਿਕ ਮਸ਼ੀਨਾਂ ਦਿਖਾਈਆਂ ਜਾਂਦੀਆਂ ਹਨ ਪਰ ਜ਼ਮੀਨੀ ਪੱਧਰ ’ਤੇ ਇਕ ਵੀ ਮਸ਼ੀਨ ਕੰਮ ਕਰਦੀ ਨਜ਼ਰ ਨਹੀਂ ਆਉਂਦੀ। 12 ਵਾਰਡਾਂ ਲਈ ਸਿਰਫ਼ ਤਿੰਨ ਜੈਟਿੰਗ ਮਸ਼ੀਨਾਂ ਸਦਨ ਵਿਚ ਚਰਚਾ ਦੌਰਾਨ ਸਾਹਮਣੇ ਆਇਆ ਕਿ 12 ਵਾਰਡਾਂ ਲਈ ਨਿਗਮ ਕੋਲ ਸਿਰਫ਼ ਤਿੰਨ ਜੈਟਿੰਗ ਮਸ਼ੀਨਾਂ ਹਨ। ਇਸ ਤੋਂ ਇਲਾਵਾ ਸੁਪਰ ਸਕਸ਼ਨ ਮਸ਼ੀਨ ਵੀ ਉਪਲਬਧ ਨਹੀਂ ਹੈ। ਕੌਂਸਲਰਾਂ ਨੇ ਕਿਹਾ ਕਿ ਲੋੜ ਸਮੇਂ ਮਸ਼ੀਨਰੀ ਉਪਲਬਧ ਨਾ ਹੋਣ ਕਾਰਨ ਜਲ-ਭਰਾਅ ਦੀ ਸਮੱਸਿਆ ਹੋਰ ਗੰਭੀਰ ਹੋ ਜਾਂਦੀ ਹੈ। ਨਿਗਮ ਅਧਿਕਾਰੀਆਂ ਨੇ ਸਦਨ ਅਤੇ ਕਮਿਸ਼ਨਰ ਨੂੰ ਜਾਣਕਾਰੀ ਦਿੱਤੀ ਕਿ ਇਕ ਐਸ. ਡੀ. ਓ. ਤੇ ਦੋ ਜੇ. ਈ., ਜਿਨ੍ਹਾਂ ਨੂੰ ਵਾਧੂ ਚਾਰਜ ਦਿੱਤੇ ਗਏ ਸਨ, ਉਨ੍ਹਾਂ ਤੋਂ ਇਹ ਵਾਧੂ ਚਾਰਜ ਵਾਪਸ ਲੈ ਲਏ ਗਏ ਹਨ। ਇਸ ਦੇ ਨਾਲ ਹੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਐਸ. ਡੀ. ਓ. ਪੱਧਰ ਦੇ ਅਧਿਕਾਰੀਆਂ ਨੂੰ ਫੀਲਡ ਵਿਚ ਰਹਿ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਧਿਕਾਰੀਆਂ ਨੂੰ ਪਹਿਲਾਂ ਹੀ ਫੀਲਡ ਵਿਚ ਰਹਿਣ ਦੇ ਨਿਰਦੇਸ਼ ਦਿੱਤੇ ਗਏ ਸਨ ਤਾਂ ਹਾਊਸ ਮੀਟਿੰਗ ਵਿਚ ਉਨ੍ਹਾਂ ਦੀ ਮੌਜੂਦਗੀ ਕਿਉਂ ਹੈ। ਇਸ ਤੋਂ ਬਾਅਦ ਐਸ.ਡੀ.ਓ. ਮੀਟਿੰਗ ਵਿਚੋਂ ਉੱਠ ਕੇ ਚਲੇ ਗਏ। ‘ ਜਾਮ ਵਿਚ ਫਸਣਾ ਕੋਈ ਜਵਾਬ ਨਹੀਂ ’- ਕਮਿਸ਼ਨਰ ਮੰਗਲਵਾਰ ਨੂੰ ਪਏ ਭਾਰੀ ਮੀਂਹ ਦੌਰਾਨ ਮੌਕੇ ’ਤੇ ਦੇਰੀ ਨਾਲ ਪਹੁੰਚਣ ਬਾਰੇ ਅਧਿਕਾਰੀਆਂ ਵਲੋਂ ਜਾਮ ਵਿਚ ਫਸਣ ਦਾ ਕਾਰਨ ਦੱਸੇ ਜਾਣ ’ਤੇ ਕਮਿਸ਼ਨਰ ਨੇ ਸਖ਼ਤ ਰੁਖ਼ ਅਪਣਾਇਆ। ਉਨ੍ਹਾਂ ਕਿਹਾ ਕਿ ਜਾਮ ਵਿਚ ਫਸਣਾ ਕੋਈ ਜਵਾਬ ਨਹੀਂ ਹੈ। ਜੇਕਰ ਇਕ ਅਧਿਕਾਰੀ ਜਾਮ ਵਿਚ ਫਸ ਗਿਆ ਤਾਂ ਹੋਰ ਅਧਿਕਾਰੀਆਂ ਤੇ ਫੀਲਡ ਸਟਾਫ਼ ਨੂੰ ਮੌਕੇ ’ਤੇ ਪਹੁੰਚ ਕੇ ਸਥਿਤੀ ਸੰਭਾਲਣੀ ਚਾਹੀਦੀ ਹੈ। ਸਾਬਕਾ ਮੇਅਰ ਕੁਲਦੀਪ ਕੁਮਾਰ ਟੀਟਾ ਨੇ ਸਫ਼ਾਈ ਵਿਵਸਥਾ ’ ਤੇ ਚੁੱਕੇ ਸਵਾਲ ਸਾਬਕਾ ਮੇਅਰ ਅਤੇ ‘ਆਪ’ ਕੌਂਸਲਰ ਕੁਲਦੀਪ ਕੁਮਾਰ ਟੀਟਾ ਨੇ ਵੀ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਲੈ ਕੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਸਫ਼ਾਈ ਪ੍ਰਬੰਧਾਂ ਦੀ ਜ਼ਮੀਨੀ ਹਕੀਕਤ ਅਤੇ ਨਿਗਮ ਦੇ ਦਾਅਵਿਆਂ ਵਿਚ ਫ਼ਰਕ ਨਜ਼ਰ ਆ ਰਿਹਾ ਹੈ। ਉਨ੍ਹਾਂ ਸਫ਼ਾਈ ਪ੍ਰਬੰਧਾਂ ਦੀ ਨਿਗਰਾਨੀ ਅਤੇ ਜਵਾਬਦੇਹੀ ਯਕੀਨੀ ਬਣਾਉਣ ਦੀ ਮੰਗ ਕੀਤੀ। ਚੰਡੀਗੜ੍ਹ ’ ਚ ਗਾਂ ਦੇ ਮੀਟ ਦੀ ਵਿੱਕਰੀ ’ ਤੇ ਪੂਰਨ ਤੌਰ ਤੇ ਲੱਗੀ ਪਾਬੰਦੀ ਹਾਊਸ ਮੀਟਿੰਗ ਵਿਚ ਮੀਟ, ਮੱਛੀ, ਪੋਲਟਰੀ ਦੁਕਾਨਾਂ ਤੇ ਵਪਾਰਕ ਖਾਣ-ਪੀਣ ਵਾਲੇ ਅਦਾਰਿਆਂ ਨਾਲ ਸਬੰਧਿਤ ਨਵੇਂ ਬਾਈਲਾਅਜ਼-2026 ਦੇ ਖਰੜੇ ’ਤੇ ਵੀ ਚਰਚਾ ਹੋਈ। ਖਰੜੇ ਵਿਚ ਲਾਗੂ ਕਾਨੂੰਨਾਂ ਤਹਿਤ ਪਾਬੰਦੀਸ਼ੁਦਾ ਮੀਟ, ਜਿਸ ਵਿਚ ਗਾਂ ਦਾ ਮੀਟ ਵੀ ਸ਼ਾਮਲ ਹੈ, ਦੀ ਵਿੱਕਰੀ, ਸਟੋਰੇਜ ਜਾਂ ਪ੍ਰੋਸੈਸਿੰਗ ’ਤੇ ਰੋਕ ਦੀ ਵਿਵਸਥਾ ਪ੍ਰਸਤਾਵਿਤ ਕੀਤੀ ਗਈ ਹੈ। ਖਰੜੇ ਅਨੁਸਾਰ ਅਜਿਹੀ ਉਲੰਘਣਾ ਕਰਨ ਵਾਲੇ ਮੀਟ ਸ਼ਾਪ ਜਾਂ ਕਮਰਸ਼ੀਅਲ ਫੂਡ ਐਸਟੈਬਲਿਸ਼ਮੈਂਟ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਸਬੰਧਿਤ ਕਾਨੂੰਨਾਂ ਤਹਿਤ ਅਪਰਾਧਿਕ ਕਾਰਵਾਈ ਅਤੇ ਐੱਫ.ਆਈ.ਆਰ. ਦਰਜ ਕਰਨ ਦੀ ਵਿਵਸਥਾ ਵੀ ਪ੍ਰਸਤਾਵਿਤ ਹੈ। 1.61 ਕਰੋੜ ਦੇ ਕੰਪਿਊਟਰ ਪ੍ਰਿੰਟਰ ਖ਼ਰੀਦਣ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਨਗਰ ਨਿਗਮ ਦੇ ਪੁਰਾਣੇ ਹੋ ਚੁੱਕੇ ਆਈ.ਟੀ. ਢਾਂਚੇ ਨੂੰ ਅਪਗ੍ਰੇਡ ਕਰਨ ਲਈ ਹਾਊਸ ਨੇ 1 ਕਰੋੜ 61 ਲੱਖ 50 ਹਜ਼ਾਰ ਰੁਪਏ ਦੇ ਸੋਧੇ ਬਜਟ ਨੂੰ ਵੀ ਸਰਬਸੰਮਤੀ ਨਾਲ ਮਨਜ਼ੂਰੀ ਦੇ ਦਿੱਤੀ। ਇਸ ਨਾਲ ਨਵੇਂ ਕੰਪਿਊਟਰ ਸਿਸਟਮ, ਮਲਟੀ-ਫੰਕਸ਼ਨ ਮਸ਼ੀਨਾਂ, ਪ੍ਰਿੰਟਰ ਅਤੇ ਯੂ.ਪੀ.ਐਸ. ਖ਼ਰੀਦਣ ਦਾ ਰਾਹ ਪੱਧਰਾ ਹੋ ਗਿਆ ਹੈ। ਇਸ ਤੋਂ ਪਹਿਲਾਂ ਫਰਵਰੀ 2026 ਵਿਚ ਕੰਪਿਊਟਰ, ਪ੍ਰਿੰਟਰ ਅਤੇ ਯੂ.ਪੀ.ਐੱਸ. ਖ਼ਰੀਦਣ ਲਈ 1.40 ਕਰੋੜ ਰੁਪਏ ਦੇ ਬਜਟ ਨਾਲ ਜੈਮ ਪੋਰਟਲ ’ਤੇ ਟੈਂਡਰ ਲਾਇਆ ਗਿਆ ਸੀ। ਰਿਵਰਸ ਆਕਸ਼ਨ ਦੌਰਾਨ ਐੱਲ.-1 ਬੋਲੀਦਾਤਾ ਦੀ ਕੀਮਤ 1.82 ਕਰੋੜ ਰੁਪਏ ਤੱਕ ਪਹੁੰਚ ਜਾਣ ਕਾਰਨ ਪ੍ਰਕਿਰਿਆ ਰੱਦ ਕਰਨੀ ਪਈ ਸੀ।
Ad Position 22
No active advertisement
ਪਿਛਲੀ ਖ਼ਬਰ ਘਨੌਲੀ ਮੇਨ ਬਾਜ਼ਾਰ ’ਚ ਆਜ਼ਾਦੀ ਦਿਵਸ ਮਨਾਇਆ ਅਗਲੀ ਖ਼ਬਰ ‘ਆਪ’ ਨੇ ਹਮੇਸ਼ਾ ਵਿਦਿਆਰਥੀ ਸਰਗਰਮੀ ਨੂੰ ਉਤਸ਼ਾਹਿਤ ਕੀਤਾ ਹੈ ਤੇ ਨੌਜਵਾਨਾਂ ਨੂੰ ਰਾਜਨੀਤੀ ਵਿਚ ਇਕ ਮੰਚ ਦਿੱਤਾ ਹੈ- ਮੀਤ ਹ...
Ad Position 24