18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਜਨਤਕ ਸੁਣਵਾਈ ਮੌਕੇ ਪਿੰਡ ਬੜੀ ਦੇ ਵਸਨੀਕਾਂ ਨੇ ਗਮਾਡਾ ਨੂੰ ਜ਼ਮੀਨ ਦੇਣ ਤੋਂ ਕੀਤਾ ਇਨਕਾਰ <br/>

Ad Position 21
No active advertisement
ਅਜੀਤ ਡੈਸਕ 29-01-2026
ਐੱਸ. ਏ. ਐੱਸ. ਨਗਰ, 28 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਗਮਾਡਾ ਵਲੋਂ ਮੁਹਾਲੀ ਦੇ ਐਰੋਟਰੋਪੋਲਿਸ ਖੇਤਰ ਦੇ ਵਿਸਥਾਰ ਲਈ 8 ਪਿੰਡਾਂ ਬੜੀ, ਮਟਰਾਂ, ਪੱਤੋਂ, ਸਿਆਊ, ਬਾਕਰਪੁਰ, ਕੁਰੜੀ, ਛੱਤ ਤੇ ਕਿਸ਼ਨਪੁਰਾ ਦੀ 3553 ਏਕੜ ਦੇ ਕਰੀਬ ਜ਼ਮੀਨ ਐਕਵਾਇਰ ਕਰਨ ਦੀ ਆਖ਼ਰੀ ਪ੍ਰਕਿਰਿਆ ਦੇ ਚਲਦਿਆਂ ਉਜਾੜਾ ਪ੍ਰਭਾਵਿਤ ਕਿਸਾਨਾਂ ਲਈ ਜਨਤਕ ਸੁਣਵਾਈ ਦੌਰਾਨ ਨਿਯੁਕਤ ਕੀਤੇ ਏ. ਡੀ. ਸੀ. (ਜਨਰਲ) ਗੀਤਿਕਾ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਪਿੰਡ ਬੜੀ ਵਿਖੇ ਪਹੁੰਚਣਾ ਸੀ, ਪਰ ਏ. ਡੀ. ਸੀ. ਦੀ ਗ਼ੈਰਮੌਜੂਦਗੀ ਵਿਚ ਬਾਕੀ ਟੀਮ ਨੇ ਕਿਸਾਨਾਂ ਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਪਿੰਡ ਦੇ ਕਿਸਾਨਾਂ ਨੂੰ ਸਾਢੇ ਪੰਜ ਲੱਖ ਪ੍ਰਤੀ ਪਰਿਵਾਰ ਦਾ ਉਜਾੜਾ ਭੱਤਾ ਦੇਣ ਲਈ ਆਖਿਆ | ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਪਰਿਵਾਰ ਦੇ ਇਕ ਵਿਅਕਤੀ ਨੂੰ ਉਜਾੜਾ ਭੱਤਾ ਦੇਣ ਦੀ ਥਾਂ ਪਰਿਵਾਰ ਦੇ ਮੁਖੀ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਵੀ ਉਜਾੜਾ ਭੱਤਾ ਮਿਲਣਾ ਚਾਹੀਦਾ ਹੈ | ਇਸੇ ਦੌਰਾਨ ਪਿੰਡ ਬੜੀ ਦੇ ਕਿਸਾਨ ਆਗੂ ਗੁਰਪ੍ਰਤਾਪ ਸਿੰਘ, ਕਮਲਜੀਤ ਸਿੰਘ, ਰਣਧੀਰ ਸਿੰਘ ਸਾਬਕਾ ਸਰਪੰਚ, ਬਹਾਦਰ ਸਿੰਘ ਨੰਬਰਦਾਰ, ਦੀਦਾਰ ਸਿੰਘ, ਅਮਰੀਕ ਸਿੰਘ, ਕੁਲਵੰਤ ਸਿੰਘ, ਨਵਾਬ ਸਿੰਘ, ਗੁਰਮੁੱਖ ਸਿੰਘ, ਮਲਕੀਤ ਸਿੰਘ, ਗੁਰਵਿੰਦਰ, ਚੌਧਰੀ ਸਤੀਸ਼ ਕੁਮਾਰ ਆਦਿ ਨੇ ਸਮਾਜਿਕ ਪ੍ਰਭਾਵ ਮੁਲਾਂਕਣ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਬਿਨਾਂ ਸਰਵੇਖਣ ਕੀਤੇ ਇਹ ਕਿਹਾ ਗਿਆ ਹੈ ਕਿ ਕੋਈ ਵੀ ਸਾਂਝੀ ਇਮਾਰਤ ਇਸ ਵਿਚ ਨਹੀਂ ਆਉਂਦੀ, ਜਦਕਿ ਉਨ੍ਹਾਂ ਦੇ ਪਿੰਡ ਦਾ ਸਾਂਝੇ ਕੰਮਾਂ ਲਈ 10 ਲੱਖ ਰੁ. ਦੀ ਲਾਗਤ ਨਾਲ ਬਣਿਆ ਸ਼ੈੱਡ ਗਮਾਡਾ ਨੇ ਤੁੜਵਾ ਦਿੱਤਾ ਹੈ | ਪਿੰਡ ਵਾਸੀਆਂ ਨੇ ਮੁਲਾਂਕਣ ਵਿਚ ਦਰਜ ਕੀਤੀ ਇਸ ਮੱਦ 'ਤੇ ਵੀ ਇਤਰਾਜ਼ ਜਤਾਇਆ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਪਿੰਡ ਦੇ ਕਿਸੇ ਵੀ ਭੂਮੀਹੀਣ ਤੇ ਐਕਵਾਇਰ ਜ਼ਮੀਨ ਵਾਲੇ ਕਿਸਾਨ 'ਤੇ ਕੋਈ ਅਸਰ ਨਹੀਂ ਪਿਆ | ਉਨ੍ਹਾਂ ਕਿਹਾ ਕਿ ਪਿੰਡ ਦੇ ਅਨੇਕਾਂ ਬੇਜ਼ਮੀਨੇ ਲੋਕ ਠੇਕੇ ਉੱਤੇ ਜ਼ਮੀਨ ਲੈ ਕੇ ਖੇਤੀ ਕਰਦੇ ਹਨ | ਪਿੰਡ ਦੇ ਅਨੇਕਾਂ ਭੂਮੀਹੀਣ ਲੋਕ ਪਿੰਡ ਦੇ ਕਿਸਾਨਾਂ ਦੀਆਂ ਜ਼ਮੀਨਾਂ ਵਿਚੋਂ ਪੱਠੇ ਲਿਆ ਕੇ ਆਪਣੇ ਪਸ਼ੂ ਪਾਲ ਕੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਂਦੇ ਹਨ, ਜਿਨ੍ਹਾਂ ਦਾ ਸਰਵੇਖਣ ਰਿਪੋਰਟ ਵਿਚ ਕੋਈ ਜ਼ਿਕਰ ਹੀ ਨਹੀਂ ਹੈ ਤੇ ਨਾ ਹੀ ਅਜਿਹੇ ਪਰਿਵਾਰਾਂ ਲਈ ਕੋਈ ਮੁਆਵਜ਼ਾ ਨਿਰਧਾਰਤ ਕੀਤਾ ਗਿਆ ਹੈ | ਪਿੰਡ ਵਾਸੀਆਂ ਨੇ ਕਈ ਹੋਰ ਮੁੱਦੇ ਚੁੱਕਦਿਆਂ ਜ਼ਮੀਨ ਦੇਣ ਤੋਂ ਨਾਂਹ ਕਰ ਦਿੱਤੀ ਹੈ | ਕਿਸਾਨ ਆਗੂ ਗੁਰਪ੍ਰਤਾਪ ਸਿੰਘ ਬੜੀ ਨੇ ਦੱਸਿਆ ਕਿ 5 ਫਰਵਰੀ ਨੂੰ ਉਹ ਗਮਾਡਾ ਦਫ਼ਤਰ ਵਿਖੇ ਵੀ ਸਮੂਹਿਕ ਤੌਰ 'ਤੇ ਆਪਣੇ ਇਤਰਾਜ਼ ਦਰਜ ਕਰਵਾਉਣਗੇ ਅਤੇ ਅਗਲੀ ਰਣਨੀਤੀ ਵੀ ਉਲੀਕਣਗੇ |


Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਰੰਧਾਵਾ ਨੇ ਜ਼ੀਰਕਪੁਰ ਵਿਖੇ ਬਣਨ ਵਾਲੀਆਂ ਸਟਰੀਟ ਵੈਂਡਿੰਗ ਮਾਰਕੀਟਾਂ ਦਾ ਰੱਖਿਆ ਨੀਂਹ-ਪੱਥਰ <br/> ਅਗਲੀ ਖ਼ਬਰ ਪੁਖਰਾਜ ਭੱਲਾ ਨੂੰ ਸਦਮਾ, ਦਾਦੀ ਦਾ ਦਿਹਾਂਤ
Ad Position 24